ਲੁਧਿਆਣਾ ਐਨਕਾਊਂਟਰ 'ਚ ਗੈਂਗਸਟਰ ਦੇ ਮਾਰੇ ਜਾਣ ਮਗਰੋਂ ਪੰਜਾਬ ਪੁਲਸ ਨੇ ਚੁੱਕਿਆ ਵੱਡਾ ਕਦਮ
Thursday, Dec 14, 2023 - 10:28 PM (IST)
ਚੰਡੀਗੜ੍ਹ: ਲੁਧਿਆਣਾ ਵਿਖੇ ਪੁਲਸ ਮੁਕਾਬਲੇ ਵਿਚ ਬਦਨਾਮ ਅਪਰਾਧੀ ਸੁਖਦੇਵ ਸਿੰਘ ਉਰਫ਼ ਵਿੱਕੀ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ, ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ. ਲੁਧਿਆਣਾ ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿਚ ਮ੍ਰਿਤਕ ਅਪਰਾਧੀ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਗਠਿਤ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ। ਦੱਸਣਯੋਗ ਹੈ ਕਿ ਇਸ ਵਿਸ਼ੇਸ਼ ਜਾਂਚ ਟੀਮ ਵਿਚ ਵਧੀਕ ਡੀਸੀਪੀ ਜ਼ੋਨ 4 ਤੁਸ਼ਾਰ ਗੁਪਤਾ, ਵਧੀਕ ਡੀਸੀਪੀ (ਡੀ) ਰੁਪਿੰਦਰ ਕੌਰ ਸਰਾਂ ਅਤੇ ਐਸਐਚਓ ਡਿਵੀਜ਼ਨ ਨੰਬਰ 7 ਸੁਖਦੇਵ ਸਿੰਘ ਮੈਂਬਰਾਂ ਵਜੋਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਸੰਸਦ ਸੁਰੱਖਿਆ ਕੋਤਾਹੀ: ਕਿਸਾਨ ਅੰਦੋਲਨ ਤੇ ਹੋਰ ਮੁੱਦਿਆਂ ਤੋਂ ਪਰੇਸ਼ਾਨ ਹੋ ਕੇ ਰਚੀ ਗਈ ਸਾਜ਼ਿਸ, ਇਕ ਹੋਰ ਕਾਬੂ
ਆਈ.ਜੀ.ਪੀ ਹੈੱਡਕੁਆਰਟਰ ਜੋ ਕਿ ਕਮਿਸ਼ਨਰ ਆਫ਼ ਪੁਲਸ (ਸੀ.ਪੀ.) ਲੁਧਿਆਣਾ ਕੁਲਦੀਪ ਸਿੰਘ ਚਾਹਲ ਦੇ ਨਾਲ ਅੱਜ ਇੱਥੇ ਪੁਲਸ ਹੈਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਮ੍ਰਿਤਕ ਅਪਰਾਧੀ ਨੇ 2004 ਵਿੱਚ ਚੋਰੀ ਦੀ ਛੋਟੀ ਜਿਹੀ ਵਾਰਦਾਤ ਨਾਲ 19 ਸਾਲ ਪਹਿਲਾਂ ਅਪਰਾਧ ਜਗਤ ਵਿੱਚ ਕਦਮ ਰੱਖਿਆ ਸੀ ਅਤੇ ਇਸ ਤੋਂ ਬਾਅਦ ਉਸਨੇ ਘਿਨਾਉਣੇ ਅਪਰਾਧਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ, ਮ੍ਰਿਤਕ ਸੁਖਦੇਵ ਵਿੱਕੀ ਘੱਟੋ-ਘੱਟ 24 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਸ ਵਿਚ ਜ਼ਿਆਦਾਤਰ ਇਰਾਦਾ ਕਤਲ, ਡਕੈਤੀ, ਚੋਰੀ, ਲੁੱਟ-ਖੋਹ, ਜਬਰੀ ਵਸੂਲੀ, ਐਨਡੀਪੀਐਸ ਕੇਸਾਂ ਆਦਿ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਨੂੰ ਲੁਧਿਆਣਾ ਦੇ ਪਿੰਡ ਪੰਜੇਟਾ ਵਿਖੇ ਕੋਹਾੜਾ ਮਾਛੀਵਾੜਾ ਰੋਡ 'ਤੇ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮ੍ਰਿਤਕ ਅਪਰਾਧੀ ਸੁਖਦੇਵ ਸਿੰਘ ਉਰਫ ਵਿੱਕੀ ਵਾਸੀ ਲੁਧਿਆਣਾ ਮਾਛੀਵਾੜਾ ਮਾਰਿਆ ਗਿਆ ਸੀ। ਉਸ ਦੇ ਤਿੰਨ ਸਾਥੀਆਂ, ਯੂਪੀ ਅਧਾਰਤ ਆਰੀਅਨ ਸਿੰਘ ਉਰਫ਼ ਰਾਜਾ (21), ਜੋ ਮੌਜੂਦਾ ਸਮੇਂ ਲੁਧਿਆਣਾ ਦੇ ਮੋਤੀ ਨਗਰ ਵਿੱਚ ਰਹਿ ਰਿਹਾ ਹੈ, ਸੁਨੀਲ ਕੁਮਾਰ (21) ਵਾਸੀ ਖੁਸ਼ੀ ਨਗਰ, ਯੂਪੀ ਅਤੇ ਬਲਵਿੰਦਰ ਸਿੰਘ (27) ਵਾਸੀ ਮਾਛੀਵਾੜਾ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੇ ਨਿਰਦੇਸ਼ਾਂ ਮਗਰੋਂ ਸਾਰੇ ਜ਼ਿਲ੍ਹਿਆਂ ਨੂੰ ਕੀਤਾ ਗਿਆ ਅਲਰਟ, ਤੇਜ਼ੀ ਨਾਲ ਵੱਧਦਾ ਜਾ ਰਿਹੈ ਖ਼ਤਰਾ
ਪੁਲਸ ਮੁਕਾਬਲੇ ਦੌਰਾਨ ਪੁਲਸ ਮੁਲਾਜ਼ਮ ਏ.ਐਸ.ਆਈ. ਦਲਜੀਤ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਦੋਂ ਕਿ ਸੀ.ਆਈ.ਏ.-2 ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਬੇਅੰਤ ਸਿੰਘ ਜੁਨੇਜਾ, ਜੋ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਸਨ, ਉਦੋਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੀ ਛਾਤੀ ਨੇੜੇ ਬਲੁੱਟ ਪਰੂਫ ਜੈਕਟ ‘ਤੇ ਗੋਲੀ ਲੱਗੀ। ਪੁਲਸ ਵੱਲੋਂ ਇੰਸਪੈਕਟਰ ਬੇਅੰਤ ਜੁਨੇਜਾ ਦੇ ਬਿਆਨ ਦੇ ਅਧਾਰ ‘ਤੇ ਐੱਫ.ਆਈ.ਆਰ. ਨੰਬਰ 146 ਮਿਤੀ 13.12.2023 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307, 353, 333, 332 ਅਤੇ 186 ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਲੁਧਿਆਣਾ ਦੇ ਥਾਣਾ ਕੂੰਮ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਟੀਮਾਂ ਵੱਲੋਂ ਮ੍ਰਿਤਕ ਦੇ ਕਬਜ਼ੇ ਵਿਚੋਂ ਇਕ .32 ਬੋਰ ਦਾ ਪਿਸਤੌਲ ਅਤੇ ਇਕ ਮੈਗਜ਼ੀਨ, ਇੱਕ ਜਿੰਦਾ ਕਾਰਤੂਸ ਅਤੇ ਤਿੰਨ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸ ਦਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਉੱਤੇ ਉਹ ਜਾ ਰਿਹਾ ਸੀ, ਵੀ ਜ਼ਬਤ ਕੀਤਾ ਗਿਆ ਹੈ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਆਈ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚੋਂ ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਖਾਤਮੇ ਲਈ ਠੋਸ ਯਤਨ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ 6 ਅਪ੍ਰੈਲ, 2022 ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਗਠਨ ਤੋਂ ਲੈ ਕੇ ਹੁਣ ਤੱਕ, ਪੰਜਾਬ ਪੁਲਿਸ ਦੀਆਂ ਫੀਲਡ ਯੂਨਿਟਾਂ ਦੇ ਨਾਲ ਮਿਲ ਕੇ ਇਸ ਸਪੈਸ਼ਲ ਫੋਰਸ ਨੇ 906 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ 9 ਨੂੰ ਮਾਰਮੁਕਾ ਕੇ 293 ਗੈਂਗਸਟਰ/ਅਪਰਾਧੀ ਮਡਿਊਲਾਂ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 921 ਹਥਿਆਰ ਤੇ 197 ਵਾਹਨ ਵੀ ਬਰਾਮਦ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਲਈ ਮਿਸਾਲ ਬਣੇ ਗੁਰਦਾਸਪੁਰ ਦੇ ਇੰਜੀਨੀਅਰ ਭਰਾ, YouTube ਤੋਂ ਜਾਣਕਾਰੀ ਲੈ ਹਾਸਲ ਕੀਤੀ ਕਾਮਯਾਬੀ
ਤਾਜ਼ਾ ਅਪਰਾਧਾਂ ਵਿਚ ਮ੍ਰਿਤਕ ਸੁਖਦੇਵ ਵਿੱਕੀ ਦੀ ਸ਼ਮੂਲੀਅਤ
8 ਦਸੰਬਰ 2023: ਮੁਲਜ਼ਮ ਸੁਖਦੇਵ ਵਿੱਕੀ ਨੇ ਆਪਣੇ ਸਾਥੀ ਨਾਲ ਜਮਾਲਪੁਰ ਇਲਾਕੇ ਵਿਚ ਇਕ ਮੈਡੀਕਲ ਸਟੋਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਬੰਦੂਕ ਦੀ ਨੋਕ ‘ਤੇ ਸਟੋਰ ਦੇ ਮਾਲਕ ਤੋਂ 1.25 ਲੱਖ ਰੁਪਏ, 2 ਮੋਬਾਈਲ ਫ਼ੋਨ ਅਤੇ ਇਕ ਲੈਪਟਾਪ ਲੁੱਟ ਲਿਆ ਅਤੇ ਮੁਲਜ਼ਮ ਨੇ ਸ਼ਿਕਾਇਤਕਰਤਾ ‘ਤੇ ਗੋਲ਼ੀ ਚਲਾ ਕੇ ਉਸ ਨੂੰ ਫੱਟੜ ਵੀ ਕਰ ਦਿੱਤਾ।
10 ਦਸੰਬਰ, 2023: ਮੁਲਜ਼ਮ ਸੁਖਦੇਵ ਵਿੱਕੀ ਨੇ ਆਪਣੇ ਤਿੰਨ ਸਾਥੀਆਂ ਨਾਲ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 5 ਵਾਰਦਾਤਾਂ ਜਿਨ੍ਹਾਂ ਵਿਚ ਮੋਟਰਸਾਈਕਲ ਖੋਹਣਾ, ਮਨੀ ਐਕਸਚੇਂਜਰ, ਜਨਰਲ ਸਟੋਰ, ਕਿਰਾਨਾ ਸਟੋਰ ਅਤੇ ਇੱਕ ਸ਼ਰਾਬ ਦੇ ਠੇਕੇ ‘ਤੇ 4 ਹਥਿਆਰਬੰਦ ਡਕੈਤੀਆਂ ਸ਼ਾਮਲ ਸਨ, ਨੂੰ ਅੰਜਾਮ ਦਿੱਤਾ ਅਤੇ ਇਕ ਵਿਅਕਤੀ ‘ਤੇ ਗੋਲ਼ੀ ਵੀ ਚਲਾਈ।