ਸੂਬੇ ''ਚ ਪੰਜਾਬ ਪੁਲਸ ਦੀ ਵਧੇਗੀ ਚੌਕਸੀ, DGP ਗੌਰਵ ਯਾਦਵ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
Monday, Jan 20, 2025 - 09:20 PM (IST)
ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ (ਕੁੰਦਨ/ਪੰਕਜ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮ ਅਨੁਸਾਰ ਆਉਣ ਵਾਲੇ ਗਣਤੰਤਰ ਦਿਵਸ-2025 ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਗੌਰਵ ਯਾਦਵ ਨੇ ਸੋਮਵਾਰ ਨੂੰ ਸੂਬੇ ਭਰ ਵਿੱਚ ਸੁਰੱਖਿਆ ਵਧਾਉਣ, ਪੁਲਸ ਦੀ ਮੌਜੂਦਗੀ ਦਰਸਾਉਣ, ਰਾਤ ਦੇ ਸਮੇਂ ਪੁਲਸ ਦੀ ਗਸ਼ਤ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਡੀ.ਜੀ.ਪੀ. ਨੇ ਵਿਸ਼ੇਸ਼ ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ, ਏ.ਡੀ.ਜੀ.ਪੀ. ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੀਲਾਭ ਕਿਸ਼ੋਰ ਅਤੇ ਏਡੀ.ਜੀ.ਪੀ. ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਦੇ ਨਾਲ ਅੰਮ੍ਰਿਤਸਰ ਅਤੇ ਜਲੰਧਰ ਪਹੁੰਚ ਕੇ ਕਮਿਸ਼ਨਰੇਟ- ਅੰਮ੍ਰਿਤਸਰ, ਜਲੰਧਰ ਅਤੇ ਪੁਲਸ ਰੇਂਜ - ਸਰਹੱਦ, ਜਲੰਧਰ ਅਤੇ ਲੁਧਿਆਣਾ ਦੇ ਅਧਿਕਾਰੀਆਂ ਨਾਲ ਕਾਨੂੰਨ ਅਤੇ ਵਿਵਸਥਾ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਚੱਲ ਰਹੇ ਅੱਤਵਾਦ ਵਿਰੋਧੀ ਕਾਰਜਾਂ, ਨਸ਼ਾ ਤਸਕਰੀ ਵਿਰੁੱਧ ਕਾਰਵਾਈ ਅਤੇ ਸੰਗਠਿਤ ਅਪਰਾਧ ਵਿਰੁੱਧ ਕਾਰਵਾਈ ਦੀ ਵੀ ਸਮੀਖਿਆ ਕੀਤੀ।
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ, ‘‘ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਸਾਰੀਆਂ ਮਹੱਤਵਪੂਰਨ ਥਾਵਾਂ ’ਤੇ ਪੁਲਸ ਦੀ ਮੌਜੂਦਗੀ ਨੂੰ ਯਕੀਨੀ ਬਣਾ ਕੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ, ਡੋਮੀਨੇਸ਼ਨ ਆਪ੍ਰੇਸ਼ਨਾਂ ਨੂੰ ਤੇਜ਼ ਕਰਨ ਅਤੇ ਹੋਰ ਰੋਕਥਾਮ ਅਤੇ ਜਾਸੂਸੀ ਉਪਾਵਾਂ ਲਈ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।’’
ਉਨ੍ਹਾਂ ਕਿਹਾ ਕਿ ਵਧੀ ਹੋਈ ਸੁਰੱਖਿਆ ਦੇ ਹਿੱਸੇ ਵਜੋਂ, ਪੁਲਸ ਕਰਮੀ ਨਿਯਮਤ ਗਸ਼ਤ ਅਤੇ ਜਾਂਚ ਕਰਨਗੇ ਤਾਂ ਜੋ ਖਾਸ ਕਰਕੇ ਰਾਤ ਨੂੰ, ਕਿਸੇ ਵੀ ਸੰਭਾਵੀ ਖਤਰੇ ਜਾਂ ਰੁਕਾਵਟ ਨੂੰ ਠੱਲ੍ਹਿਆ ਜਾ ਸਕੇ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਾਈਟ ਡੋਮੀਨੇਸ਼ਨ ਆਪ੍ਰੇਸ਼ਨਾਂ ਵਿੱਚ ਸਰਹੱਦੀ ਜ਼ਿਲ੍ਹਿਆਂ ਸਮੇਤ ਸੰਵੇਦਨਸ਼ੀਲ ਖੇਤਰਾਂ ਵਿੱਚ ਵਾਧੂ ਪੁਲਸ ਬਲਾਂ ਦੀ ਤਾਇਨਾਤੀ ਵੀ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ- ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁਰੂ ਹੋਈ ਸੁਰੱਖਿਆ ਬਲਾਂ ਦੀ ਤਾਇਨਾਤੀ, ਪਹਿਲੇ ਦਸਤੇ ਨੇ ਸਾਂਭਿਆ ਮੋਰਚਾ
ਉਨ੍ਹਾਂ ਕਿਹਾ ਕਿ ਸਾਰੇ ਸੀ.ਪੀ./ਐੱਸ.ਐੱਸ.ਪੀਜ਼ ਨੂੰ ਸ਼ੱਕੀ ਗਤੀਵਿਧੀਆਂ ਅਤੇ ਵਿਅਕਤੀਆਂ ’ਤੇ ਤਿੱਖੀ ਨਜ਼ਰ ਰੱਖਣ ਅਤੇ ਕਿਸੇ ਵੀ ਸੁਰੱਖਿਆ ਦੀ ਉਲੰਘਣਾ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ,‘‘ ਮੈਂ ਸਾਰੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦੇਣ ਅਤੇ ਜੇਕਰ ਕੋਈ ਵਿਅਕਤੀ ਕਿਸੇ ਵੀ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ।’’
ਡੀ.ਜੀ.ਪੀ. ਨੇ ਸੀ.ਪੀਜ਼/ਐੱਸ.ਐੱਸ.ਪੀਜ਼ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਪੈਂਦੇ ਪੁਲਸ ਨਾਕਿਆਂ ਨੂੰ ਮਜ਼ਬੂਤ ਕਰਨ ਅਤੇ ਹਰੇਕ ਨਾਕੇ ’ਤੇ ਵੱਧ ਤੋਂ ਵੱਧ ਵਾਹਨਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ, ਜਿਸ ਨਾਲ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਵਿਦੇਸ਼ਾਂ ਤੋਂ ਲੋੜੀਂਦੇ ਅਪਰਾਧੀਆਂ ਨੂੰ ਨਿਆਂ ਦਾ ਸਾਹਮਣਾ ਕਰਨ ਲਈ ਵਾਪਸ ਲਿਆਉਣ ਲਈ ਲੁੱਕ ਆਊਟ ਸਰਕੂਲਰ (ਐੱਲ.ਓ.ਸੀ.), ਰੈੱਡ ਕਾਰਨਰ ਨੋਟਿਸ (ਆਰ.ਸੀ.ਐੱਨ.), ਓਪਨ ਗ੍ਰਿਫਤਾਰੀ ਵਾਰੰਟ, ਬਲਿਊ ਕਾਰਨਰ ਨੋਟਿਸ (ਬੀ.ਸੀ.ਐੱਨ.) ਅਤੇ ਹਵਾਲਗੀ ਪ੍ਰਸਤਾਵ ਜਾਰੀ ਕਰਨ ’ਤੇ ਵੀ ਜੋਰ ਦਿੱਤਾ।
ਇਹ ਵੀ ਪੜ੍ਹੋ- 'ਏਕ ਕਾ ਡਬਲ' ਦੇ ਚੱਕਰ 'ਚ ਔਰਤ ਲਵਾ ਬੈਠੀ ਕਰੋੜਾਂ ਦਾ ਚੂਨਾ, ਤੁਸੀਂ ਵੀ ਹੋ ਜਾਓ ਸਾਵਧਾਨ
ਇਸ ਮੌਕੇ ਆਈ.ਜੀ.ਪੀ. ਲੁਧਿਆਣਾ ਰੇਂਜ ਧਨਪ੍ਰੀਤ ਕੌਰ, ਸੀ.ਪੀ. ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਸੀ.ਪੀ. ਜਲੰਧਰ ਸਵਪਨ ਸ਼ਰਮਾ, ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ, ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ, ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ, ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਿਆਮਾ, ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ, ਐੱਸ.ਐੱਸ.ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ, ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ, ਐੱਸ.ਐੱਸ.ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ, ਐੱਸ.ਐੱਸ.ਪੀ. ਐੱਸ.ਬੀ.ਐੱਸ. ਨਗਰ ਮਹਿਤਾਬ ਸਿੰਘ, ਐੱਸ.ਐੱਸ.ਪੀ. ਖੰਨਾ ਅਸ਼ਵਨੀ ਗੋਟਿਆਲ ਅਤੇ ਐੱਸ.ਐੱਸ.ਪੀ. ਖੰਨਾ ਨਵਨੀਤ ਸਿੰਘ ਬੈਂਸ ਸਮੇਤ ਹੋਰ ਅਧਿਕਾਰੀ/ਕਰਮਚਾਰੀ ਮੀਟਿੰਗ ਵਿੱਚ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e