ਪੰਜਾਬ ਪੁਲਸ ਦਾ ਵਿਲੱਖਣ ਉਪਰਾਲਾ, ਘਰ ਬੈਠੇ ਬਜ਼ੁਰਗਾਂ ਦੀ ਇਕ ਫੋਨਕਾਲ ’ਤੇ ਕਰੇਗੀ ਕਾਨੂੰਨੀ ਸਹਾਇਤਾ

Saturday, May 14, 2022 - 06:33 PM (IST)

ਰੋਪੜ (ਸੱਜਣ ਸੈਣੀ) : ਪੰਜਾਬ ਪੁਲਸ ਨੂੰ ਭਾਵੇਂ ਪਿੱਛੇ ਜਿਹੇ ਵਾਪਰੀਆਂ ਕਈ ਘਟਨਾਵਾਂ ਕਾਰਨ ਬਦਨਾਮੀ ਦਾ ਸਾਹਮਣਾ ਕਰਨਾ ਪਿਆ ਹੈ ਪਰ ਕਹਿੰਦੇ ਹਨ ਕਿ ਜਨਾਬ ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ। ਜੇ ਪੰਜਾਬ ਪੁਲਸ ’ਚ ਕੁਝ ਮਾੜੇ ਮੁਲਾਜ਼ਮ ਹਨ ਤਾਂ ਬਹੁਤ ਸਾਰੇ ਚੰਗੇ ਵੀ ਮੌਜੂਦ ਹਨ। ਅਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਹਨ ਜ਼ਿਲ੍ਹਾ ਰੂਪਨਗਰ ਦੀ ਸ੍ਰੀ ਚਮਕੌਰ ਸਾਹਿਬ ਸਬ-ਡਵੀਜ਼ਨ ਦੇ ਡੀ. ਐੱਸ. ਪੀ. ਗੁਰਦੇਵ ਸਿੰਘ, ਜੋ ਸਮਾਜਸੇਵਾ ਅਤੇ ਟਰੈਫਿਕ ਸਮੱਸਿਆ ਦੇ ਸੁਧਾਰ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਹਨ। ਡੀ. ਐੱਸ. ਪੀ. ਗੁਰਦੇਵ ਸਿੰਘ ਵੱਲੋਂ ਸਮਾਜਸੇਵਾ ਪ੍ਰਤੀ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਦੇਖ ਕੇ ਪੂਰੀ ਪੰਜਾਬ ਪੁਲਸ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਡੀ. ਐੱਸ. ਪੀ. ਗੁਰਦੇਵ ਸਿੰਘ ਨੂੰ ਰਾਸ਼ਟਰਪਤੀ ਤੋਂ ਸੇਵਾ ਮੈਡਲ ਵੀ ਪ੍ਰਾਪਤ ਹੋਇਆ ਹੈ। ਉਨ੍ਹਾਂ ਵੱਲੋਂ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਦੀ ਅਗਵਾਈ ’ਚ ਬਜ਼ੁਰਗਾਂ ਲਈ ਇਕ ਵੱਖਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹੁਣ ਰੂਪਨਗਰ ਪੁਲਸ ਘਰ ਬੈਠੇ ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਸਿਰਫ਼ ਇਕ ਫੋਨਕਾਲ ’ਤੇ ਘਰ ਜਾ ਕੇ ਮੁਹੱਈਆ ਕਰਵਾਏਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ 1 ਜੂਨ ਤੋਂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ

ਇਸ ਦੇ ਨਾਲ ਹੀ ਰੂਪਨਗਰ ਪੁਲਸ ਵੱਲੋਂ ਸੜਕਾਂ ’ਤੇ ਰੁਲ ਰਹੇ ਲਾਚਾਰ ਅਤੇ ਬੇਸਹਾਰਾ ਲੋਕਾਂ ਲਈ ਮੁਹਿੰਮ ਸ਼ੁਰੂ ਕਰਦਿਆਂ ਪੀੜਤਾਂ ਨੂੰ ਇਲਾਜ ਤੇ ਕਾਨੂੰਨੀ ਸਹਾਇਤਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜਸੇਵੀ ਸੰਸਥਾਵਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦੇ ਲਈ ਡੀ. ਐੱਸ. ਪੀ. ਸ੍ਰੀ ਚਮਕੌਰ ਸਾਹਿਬ ਵੱਲੋਂ ਬਕਾਇਦਾ ਆਪਣਾ ਅਤੇ ਆਪਣੇ ਅਧੀਨ ਆਉਂਦੇ ਥਾਣਿਆਂ ਤੇ ਚੌਕੀਆਂ ਦੇ ਮੋਬਾਈਲ ਨੰਬਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਮ ਜਨਤਾ ਵੀ ਪੁਲਸ ਦੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਜ਼ੁਰਗਾਂ ਅਤੇ ਬੇਸਹਾਰਿਆਂ ਦੀ ਮਦਦ ’ਚ ਆਪਣਾ ਯੋਗਦਾਨ ਪਾਉਣ।


Manoj

Content Editor

Related News