ਘੱਲੂਘਾਰੇ ਦੀ ਬਰਸੀ ਨੂੰ ਵੇਖਦੇ ਹੋਏ ਹਾਈ ਅਲਰਟ ’ਤੇ ਪੰਜਾਬ ਪੁਲਸ, DGP ਵੱਲੋਂ ਪੁਲਸ ਅਧਿਕਾਰੀਆਂ ਨੂੰ ਖ਼ਾਸ ਨਿਰਦੇਸ਼
Thursday, Jun 02, 2022 - 10:53 AM (IST)
ਜਲੰਧਰ (ਧਵਨ)–ਜੂਨ 1984 ਘੱਲੂਘਾਰੇ ਦੀ ਬਰਸੀ ਨੂੰ ਵੇਖਦੇ ਹੋਏ ਪੰਜਾਬ ਪੁਲਸ ਹਾਈ ਅਲਰਟ ’ਤੇ ਹੈ ਅਤੇ ਅੰਮ੍ਰਿਤਸਰ ਦੀ ਪੂਰੀ ਤਰ੍ਹਾਂ ਘੇਰਾਬੰਦੀ ਸੁਰੱਖਿਆ ਫੋਰਸਾਂ ਵੱਲੋਂ ਕੀਤੀ ਗਈ ਹੈ। ਸੂਬਾ ਪੁਲਸ ਦੇ ਡੀ. ਜੀ. ਪੀ. ਵੀ. ਕੇ. ਭਾਵਰਾ ਨੇ ਸਾਰੇ ਪੁਲਸ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਅਗਲੇ ਇਕ ਹਫ਼ਤੇ ਤੱਕ ਅਲਰਟ ਰਹਿਣ ਅਤੇ ਆਪਣੇ-ਆਪਣੇ ਖ਼ੇਤਰਾਂ ’ਚ ਚੌਕਸੀ ਵਧਾਉਣ ਦੇ ਨਿਰਦੇਸ਼ ਪਹਿਲਾਂ ਹੀ ਦਿੱਤੇ ਹੋਏ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘੱਲੂਘਾਰਾ ਹਫ਼ਤੇ ਨੂੰ ਵੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਪਹਿਲਾਂ ਹੀ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਪੰਜਾਬ ਮੰਗਵਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਲੁਧਿਆਣਾ ਅਤੇ ਹੋਰ ਸੰਵੇਦਨਸ਼ੀਲ ਸ਼ਹਿਰਾਂ ’ਚ ਤਾਇਨਾਤ ਕੀਤਾ ਗਿਆ ਹੈ। ਅੰਮ੍ਰਿਤਸਰ ਨੂੰ ਜਾਣ ਵਾਲੇ ਮਾਰਗਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਅਤੇ ਅਰਧ ਸੈਨਿਕ ਬਲਾਂ ਵੱਲੋਂ ਅੰਮ੍ਰਿਤਸਰ ’ਚ ਆਉਣ ਵਾਲੇ ਵਾਹਨਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ। ਪਿਛਲੇ ਦਿਨੀਂ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਸੂਬਾ ਪੁਲਸ ਹੋਰ ਵੀ ਅਲਰਟ ਹੋ ਗਈ ਹੈ ਤਾਂ ਕਿ ਘੱਲੂਘਾਰਾ ਬਰਸੀ ਮੌਕੇ ਕਿਸੇ ਵੀ ਤਰ੍ਹਾਂ ਦੀ ਕਾਨੂੰਨ-ਵਿਵਸਥਾ ਦੀ ਸਥਿਤੀ ’ਚ ਰੁਕਾਵਟ ਨਾ ਪਵੇ।
ਇਹ ਵੀ ਪੜ੍ਹੋ: ਮਾਮਲਾ ਗੰਨਮੈਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦਾ, ਲਾਸ਼ ਬਣੇ ਪਿਓ ਨੂੰ ਵੇਖ ਧਾਹਾਂ ਮਾਰ ਰੋਈਆਂ ਕੈਨੇਡਾ ਤੋਂ ਪਰਤੀਆਂ ਧੀਆਂ
ਦਲ ਖਾਲਸਾ ਨੇ ਫ਼ੌਜੀ ਹਮਲੇ ਦੀ ਬਰਸੀ ਨੂੰ ਵੇਖਦੇ ਹੋਏ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਨਾਲ ਹੀ 5 ਜੂਨ ਨੂੰ ਅੰਮ੍ਰਿਤਸਰ ’ਚ ਮਾਰਚ ਕੱਢਣ ਦੀ ਵੀ ਗੱਲ ਕਹੀ ਸੀ। ਇਨ੍ਹਾਂ ਐਲਾਨਾਂ ਤੋਂ ਬਾਅਦ ਅੰਮ੍ਰਿਤਸਰ ’ਚ ਵਧੇਰੇ ਸੰਵੇਦਨਸ਼ੀਲ ਸਥਾਨਾਂ ’ਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ। ਡੀ. ਜੀ. ਪੀ. ਭਾਵਰਾ ਖ਼ੁਦ ਪੁਲਸ ਅਧਿਕਾਰੀਆਂ ਤੋਂ ਉਨ੍ਹਾਂ ਦੇ ਖ਼ੇਤਰਾਂ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਰਿਪੋਰਟ ਲੈ ਰਹੇ ਹਨ। ਉਨ੍ਹਾਂ ਨੇ ਪਹਿਲਾਂ ਹੀ ਅੰਮ੍ਰਿਤਸਰ ਅਤੇ ਜਲੰਧਰ ’ਚ ਪੁਲਸ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕਾਂ ਵੀ ਕਰ ਲਈਆਂ ਸਨ, ਜਿਸ ’ਚ ਉਸ ਨੇ ਘੱਲੂਘਾਰਾ ਹਫ਼ਤੇ ਨੂੰ ਵੇਖਦੇ ਹੋਏ ਪੁਲਸ ਅਧਿਕਾਰੀਆਂ ਨਾਲ ਉਨ੍ਹਾਂ ਦੇ ਖ਼ੇਤਰਾਂ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਉਠਾਏ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ