ਪੰਜਾਬ ''ਚ ''ਅੱਤਵਾਦੀ ਹਮਲੇ'' ਦੀ ਸੰਭਾਵਨਾ, ਖ਼ੁਫੀਆ ਏਜੰਸੀਆਂ ਨੇ ਪੁਲਸ ਨੂੰ ਕੀਤਾ ਅਲਰਟ
Friday, Jul 09, 2021 - 09:07 AM (IST)
ਲੁਧਿਆਣਾ (ਰਾਜ) : ਇਕ ਹਫ਼ਤੇ ਅੰਦਰ ਪਹਿਲਾਂ ਮੋਗਾ ਅਤੇ ਫਿਰ ਖੰਨਾ ’ਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਅੱਤਵਾਦੀ ਫੜ੍ਹੇ ਜਾਣ ਤੋਂ ਬਾਅਦ ਪੁਲਸ ਚੌਕੰਨੀ ਹੋ ਗਈ ਹੈ। ਪੁਲਸ ਸੂਤਰਾਂ ਮੁਤਾਬਕ ਪੁੱਛਗਿੱਛ ’ਚ ਸਾਹਮਣੇ ਆਇਆ ਸੀ ਕਿ ਇਹ ਲੋਕ ਪੰਜਾਬ ਵਿਚ ਟਾਰਗੈੱਟ ਕਿਲਿੰਗ ਅਤੇ ਅੱਤਵਾਦੀ ਗਤੀਵਿਧੀਆਂ ਲਈ ਰੇਕੀ ਕਰ ਰਹੇ ਸਨ। ਇਹ ਗੱਲ ਸਾਹਮਣੇ ਆਉਣ ’ਤੇ ਖੁਫ਼ੀਆ ਤੰਤਰ ਵੀ ਚੌਕਸ ਹੋ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਦੇ ਟਵਿੱਟਰ ਏਜੰਡੇ 'ਤੇ ਹੁਣ 'ਮਨੀਸ਼ ਤਿਵਾੜੀ' ਦਾ ਤਿੱਖਾ ਹਮਲਾ, ਜਾਣੋ ਕੀ ਬੋਲੇ
ਪਤਾ ਲੱਗਾ ਹੈ ਕਿ ਖੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਸ ਨੂੰ ਅਲਰਟ ਵੀ ਜਾਰੀ ਕੀਤਾ ਹੈ। ਉਨ੍ਹਾਂ ਨੂੰ ਇਨਪੁਟ ਮਿਲੇ ਹਨ ਕਿ ਲੁਧਿਆਣਾ ਦੇ ਬੱਸ ਅੱਡਾ, ਪਾਰਕਿੰਗ ਅਤੇ ਧਾਰਮਿਕ ਅਸਥਾਨ, ਰੇਲਵੇ ਸਟੇਸ਼ਨ, ਮਾਲਜ਼ ਅਤੇ ਹੋਰਨਾਂ ਭੀੜ ਵਾਲੀਆਂ ਥਾਵਾਂ ’ਤੇ ਅੱਤਵਾਦੀ ਗਤੀਵਿਧੀਆਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਪੰਜਾਬ ਦੇ ਨਾਲ-ਨਾਲ ਲੁਧਿਆਣਾ ਪੁਲਸ ਵੀ ਅਲਰਟ ਹੋ ਗਈ ਹੈ। ਪੁਲਸ ਨੇ ਉਕਤ ਥਾਵਾਂ ’ਤੇ ਚੈਕਿੰਗ ਤੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅੱਤਵਾਦੀ ਹਮਲੇ ਸਬੰਧੀ ਅਜੇ ਕਿਸੇ ਉੱਚ ਅਧਿਕਾਰੀ ਨੇ ਸਪੱਸ਼ਟ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਸਾਵਧਾਨ! ਪੰਜਾਬ 'ਚ 'ਕੋਰੋਨਾ' ਘੱਟਦੇ ਹੀ 'ਨਵੀਂ ਆਫ਼ਤ' ਸ਼ੁਰੂ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਵੀਰਵਾਰ ਨੂੰ ਏ. ਡੀ. ਸੀ. ਪੀ.-1 ਪ੍ਰਗਿਆ ਜੈਨ ਦੀ ਅਗਵਾਈ ’ਚ ਏ. ਸੀ. ਪੀ. (ਸੈਂਟਰਲ) ਵਰਿਆਮ ਸਿੰਘ, ਥਾਣਾ ਕੋਤਵਾਲੀ ਦੀ ਪੁਲਸ ਫੋਰਸ ਅਤੇ ਪੀ. ਸੀ. ਆਰ. ਟੀਮਾਂ ਨੇ ਸਵੇਰੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ, ਜਿਸ ਵਿਚ ਤਕਰੀਬਨ ਹਰ ਆਉਣ-ਜਾਣ ਵਾਲੇ ਲੋਕਾਂ ਦੇ ਬੈਗ ਚੈੱਕ ਕੀਤੇ ਗਏ। ਟ੍ਰੇਨ ਦੇ ਅੰਦਰ ਬੈਠੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਦੁਪਹਿਰ ਨੂੰ ਨਗਰ ਨਿਗਮ ਦੇ ਜ਼ੋਨ-ਏ ਦੇ ਕੋਲ ਸਥਿਤ ਮਲਟੀਸਟੋਰੀ ਪਾਰਕਿੰਗ ਦੀ ਚੈਕਿੰਗ ਕੀਤੀ ਗਈ। ਪਾਰਕਿੰਗ ’ਚ ਆਉਣ-ਜਾਣ ਵਾਲੀਆਂ ਗੱਡੀਆਂ ਦੀ ਸਰਚ ਅਤੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕਰਨ ਦੇ ਨਾਲ ਹੀ ਰਜਿਸਟ੍ਰੇਸ਼ਨ ਨੰਬਰ ਵੀ ਨੋਟ ਕੀਤੇ ਗਏ। ਇਸੇ ਤਰ੍ਹਾਂ ਸ਼ਹਿਰ ’ਚ ਮਾਲਜ਼, ਧਾਰਮਿਕ ਅਸਥਾਨਾਂ ’ਤੇ ਵੀ ਪੁਲਸ ਦਾ ਪਹਿਰਾ ਰਿਹਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਖ਼ੌਫ਼ਨਾਕ ਵਾਰਦਾਤ, 3 ਨੌਜਵਾਨਾਂ ਨੇ ਡਰਾ-ਧਮਕਾ ਕੇ ਡਰਾਈਵਰ ਕੋਲੋਂ ਖੋਹੀ 'ਇਨੋਵਾ'
ਪੁਲਸ ਨੂੰ ਸਫੇਦ ਪਾਊਡਰ ਨੇ ਪਾਇਆ ਦੁਚਿੱਤੀ ’ਚ
ਮਲਟੀਸਟੋਰੀ ਪਾਰਕਿੰਗ ’ਚ ਚੈਕਿੰਗ ਦੌਰਾਨ ਪੁਲਸ ਨੂੰ ਇਕ ਆਲਟੋ ਕਾਰ ’ਚੋਂ ਦੋ ਲਿਫਾਫੇ ਮਿਲੇ, ਜਿਨ੍ਹਾਂ ਵਿਚ ਸਫੈਦ ਰੰਗ ਦਾ ਪਾਊਡਰ ਸੀ। ਪੁਲਸ ਨੂੰ ਲੱਗਾ ਕਿ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਾ ਹੋਵੇ, ਇਸ ਲਈ ਮੌਕੇ ’ਤੇ ਉਸ ਦੀ ਜਾਂਚ ਕੀਤੀ ਗਈ ਪਰ ਕੁੱਝ ਸਪੱਸ਼ਟ ਨਹੀਂ ਹੋਇਆ। ਹਾਲਾਕਿ ਕਾਰ ਚਾਲਕ ਦਾ ਕਹਿਣਾ ਸੀ ਕਿ ਇਹ ਪਾਣੀ ਨੂੰ ਗਾੜ੍ਹਾ ਕਰਨ ਵਾਲਾ ਕੈਮੀਕਲ ਹੈ ਪਰ ਫਿਰ ਵੀ ਪੁਲਸ ਨੇ ਆਪਣੀ ਤਸੱਲੀ ਲਈ ਸਫੈਦ ਪਾਉੂਡਰ ਕਬਜ਼ੇ ’ਚ ਲੈ ਲਿਆ ਅਤੇ ਕਾਰ ਚਾਲਕ ਨੂੰ ਵੀ ਥਾਣੇ ਬੁਲਾ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ