ਪੰਜਾਬ ਪੁਲਸ ਹੈੱਡਕੁਆਰਟਰ ਤੋਂ 5 ਕਿਲੋਮੀਟਰ ਦੂਰ ਹੱਥੋਂ ਨਿਕਲ ਗਿਆ ਲੰਗਾਹ
Tuesday, Oct 03, 2017 - 08:32 AM (IST)

ਚੰਡੀਗੜ੍ਹ (ਰਮਨਜੀਤ)-ਹਰ ਮਹੀਨੇ ਵੱਡੇ-ਵੱਡੇ ਅੱਤਵਾਦੀ ਕਾਬੂ ਕਰ ਕੇ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਪੁਲਸ ਦੀ ਮੁਸਤੈਦੀ ਤੇ ਬਹਾਦਰੀ ਦੀ ਜਬਰ-ਜ਼ਨਾਹ ਦੇ ਕਥਿਤ ਦੋਸ਼ੀ ਸੁੱਚਾ ਸਿੰਘ ਲੰਗਾਹ ਨੇ ਪੋਲ ਖੋਲ੍ਹ ਦਿੱਤੀ। ਗੁਰਦਾਸਪੁਰ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਦੀ ਪਕੜ ਤੋਂ ਬਾਹਰ ਲੰਗਾਹ ਸੋਮਵਾਰ ਨੂੰ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਚੰਡੀਗੜ੍ਹ ਦੀ ਜ਼ਿਲਾ ਅਦਾਲਤ 'ਚ ਮੌਜੂਦ ਰਿਹਾ ਤੇ ਮੀਡੀਆ ਨਾਲ ਰੂ-ਬਰੂ ਹੋਇਆ ਪਰ ਉਸ ਦੀ ਗ੍ਰਿਫ਼ਤਾਰੀ ਲਈ 'ਜੀ ਤੋੜ' ਯਤਨ ਕਰਦੇ ਹੋਏ ਛਾਪਾਮਾਰੀ ਦੇ ਦਾਅਵੇ ਕਰਨ ਵਾਲੀ ਪੰਜਾਬ ਪੁਲਸ ਆਪਣੇ ਮੁੱਖ ਦਫ਼ਤਰ ਤੋਂ ਮਸਾਂ 5 ਕਿਲੋਮੀਟਰ ਦੂਰ ਇਸ ਅਦਾਲਤੀ ਕੰਪਲੈਕਸ ਵੱਲ ਦੇਖ ਵੀ ਨਹੀਂ ਸਕੀ। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਮਾਮਲਾ ਸਾਹਮਣੇ ਆਉਣ 'ਤੇ ਖੁਦ ਹੀ ਅਦਾਲਤ 'ਚ ਸਮਰਪਣ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਆਪਣੇ ਸਲਾਹਕਾਰਾਂ ਦੀ ਗੱਲ ਮੰਨਦੇ ਹੋਏ ਉਹ ਸ਼ਨੀਵਾਰ-ਐਤਵਾਰ ਨੂੰ ਛੁੱਟੀਆਂ ਕਾਰਨ ਇਸ ਨੂੰ ਟਾਲ ਗਏ ਸਨ ਪਰ 2 ਅਕਤੂਬਰ ਨੂੰ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ ਦੀ ਜ਼ਿਲਾ ਅਦਾਲਤ 'ਚ ਸਮਰਪਣ ਕਰਨ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਲੰਗਾਹ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ੱਕ ਸੀ ਕਿ ਪੰਜਾਬ ਦੀ ਅਦਾਲਤ 'ਚ ਆਤਮ-ਸਮਰਪਣ ਕਰਨ ਸਮੇਂ ਪੰਜਾਬ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਲੰਗਾਹ ਨੂੰ ਉਮੀਦ ਸੀ ਕਿ ਚੰਡੀਗੜ੍ਹ 'ਚ ਆਤਮ ਸਮਰਪਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਪੰਜਾਬ ਪੁਲਸ ਦੇ ਸਪੁਰਦ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ।
ਖਾਸ ਗੱਲ ਇਹ ਹੈ ਕਿ ਸੁੱਚਾ ਸਿੰਘ ਲੰਗਾਹ ਦੇ ਚੰਡੀਗੜ੍ਹ ਅਦਾਲਤ 'ਚ ਪਹੁੰਚਣ ਦੀ ਸੂਚਨਾ ਪੰਜਾਬ ਪੁਲਸ ਕੋਲ ਹੋਣ ਦੇ ਬਾਵਜੂਦ ਵੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ 'ਚ ਕੋਈ ਦਿਲਸਚਪੀ ਨਹੀਂ ਦਿਖਾਈ, ਬਲਕਿ ਇਕ-ਡੇਢ ਘੰਟਾ ਅਦਾਲਤ 'ਚ ਰਹੇ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਤੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਵੀ ਪੰਜਾਬ ਪੁਲਸ ਨੇ ਗ੍ਰਿਫਤਾਰੀ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ। ਸੂਤਰਾਂ ਅਨੁਸਾਰ ਤਾਂ ਪੰਜਾਬ ਪੁਲਸ ਫਿਲਹਾਲ ਸੁੱਚਾ ਸਿੰਘ ਲੰਗਾਹ ਨੂੰ ਭਜਾਉਣ 'ਚ ਦਿਲਸਚਪੀ ਲੈ ਰਹੀ ਹੈ ਕਿਉਂਕਿ ਇਸ ਨਾਲ ਕਈ ਰਾਜਨੀਤਿਕ ਹਿੱਤ ਸਾਧੇ ਜਾ ਰਹੇ ਹਨ। ਸੁੱਚਾ ਸਿੰਘ ਲੰਗਾਹ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਸੰਬੰਧੀ ਗੱਲ ਕਰਨ ਲਈ ਕੋਈ ਵੀ ਅਧਿਕਾਰੀ ਰਾਜ਼ੀ ਨਹੀਂ ਹੋਇਆ, ਬਲਕਿ ਪੰਜਾਬ ਪੁਲਸ ਦੇ ਇਕ ਉੱਚ ਪੁਲਸ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸੁੱਚਾ ਸਿੰਘ ਨੂੰ ਗ੍ਰਿਫਤਾਰ ਕਰਨਾ ਹੁੰਦਾ ਤਾਂ ਉਸ ਨੂੰ ਚੰਡੀਗੜ੍ਹ ਪਹੁੰਚਣ ਹੀ ਨਾ ਦਿੱਤਾ ਜਾਂਦਾ। ਪੰਜਾਬ ਪੁਲਸ ਨੂੰ ਬੀਤੇ ਸ਼ੁੱਕਰਵਾਰ ਤੋਂ ਹੀ ਸੁੱਚਾ ਸਿੰਘ ਸੰਬੰਧੀ ਸੂਚਨਾਵਾਂ ਮਿਲ ਰਹੀਆਂ ਸਨ ਪਰ ਹਾਲੇ ਲੰਗਾਹ ਨੂੰ ਗ੍ਰਿਫ਼ਤਾਰ ਕਰਨ ਦੀ ਜ਼ਰੂਰਤ ਨਹੀਂ ਹੈ।