ਪੰਜਾਬ ਪੁਲਸ ਨੇ ਭਾਰਤ-ਪਾਕਿ ਸਰਹੱਦ ਰਾਹੀਂ ਸੰਭਾਵੀ ਹਥਿਆਰ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ, 4 ਪਿਸਤੌਲ ਬਰਾਮਦ

Friday, Jun 23, 2023 - 02:02 AM (IST)

ਪੰਜਾਬ ਪੁਲਸ ਨੇ ਭਾਰਤ-ਪਾਕਿ ਸਰਹੱਦ ਰਾਹੀਂ ਸੰਭਾਵੀ ਹਥਿਆਰ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ, 4 ਪਿਸਤੌਲ ਬਰਾਮਦ

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿਚ ਪੈਂਦੇ ਲੋਪੋਕੇ ਦੇ ਪਿੰਡ ਕੱਕੜ ਦੇ ਇਲਾਕੇ ’ਚੋਂ ਚਾਰ .30 ਬੋਰ ਦੇ ਪਿਸਤੌਲ ਬਰਾਮਦ ਕਰਕੇ ਸਰਹੱਦ ਪਾਰੋਂ ਹੋ ਰਹੀ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਏ. ਆਈ. ਜੀ. ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਤਸਕਰੀ ਸਬੰਧੀ ਮਿਲੀ ਖ਼ੁਫ਼ੀਆ ਇਤਲਾਹ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਪਿੰਡ ਕੱਕੜ ਦੇ ਇਲਾਕੇ ’ਚ ਸਰਚ ਆਪ੍ਰੇਸ਼ਨ ਚਲਾਇਆ ਅਤੇ ਸਫਲਤਾਪੂਰਵਕ ਚਾਰ ਪਿਸਤੌਲਾਂ ਸਮੇਤ ਮੈਗਜ਼ੀਨ ਬਰਾਮਦ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ, PSPCL ਦੇ ਲਾਈਨਮੈਨ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਉਨ੍ਹਾਂ ਕਿਹਾ ਕਿ ਇਹ ਖੇਪ ਡਰੋਨ ਰਾਹੀਂ ਡਲਿਵਰ ਕੀਤੀ ਪ੍ਰਤੀਤ ਹੁੰਦੀ ਹੈ ਪਰ ਬੀ.ਐੱਸ.ਐੱਫ. ਅਤੇ ਸੂਬਾ ਪੁਲਸ ਦੀਆਂ ਮੁਸਤੈਦ ਗਤੀਵਿਧੀਆਂ ਕਾਰਨ ਖੇਪ ਪ੍ਰਾਪਤ ਕਰਨ ਵਾਲੀ ਧਿਰ ਖੇਪ ਹਾਸਲ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਖੇਪ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੀ ਪਛਾਣ ਕਰਨ ਲਈ ਜਾਂਚ ਕਰ ਰਹੀਆਂ ਹਨ। ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ 22-06-23 ਨੂੰ ਮੁਕੱਦਮਾ ਨੰਬਰ 18 ਦਰਜ ਕੀਤਾ ਗਿਆ ਹੈ। 

PunjabKesari

ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਹਥਿਆਰ ਤਸਕਰੀ ਕਰਨ ਵਾਲੇ ਤੀਜੇ ਮਾਡਿਊਲ ਦਾ ਪਰਦਾਫ਼ਾਸ਼

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਦਾ ਇਹ ਤੀਜਾ ਅਜਿਹਾ ਮਾਡਿਊਲ ਹੈ, ਜਿਸ ਨਾਲ ਗ਼ੋਲੀ-ਸਿੱਕਾ ਸਮੇਤ ਕੁੱਲ 11 ਪਿਸਤੌਲਾਂ ਦੀ ਬਰਾਮਦਗੀ ਹੋਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 16 ਜੂਨ ਨੂੰ ਸੀ. ਆਈ. ਅੰਮ੍ਰਿਤਸਰ ਨੇ ਰਜਿੰਦਰ ਕੁਮਾਰ ਉਰਫ ਘੁੱਦੀ, ਜਗਜੀਤ ਸਿੰਘ, ਇੰਦਰਜੀਤ ਸਿੰਘ ਉਰਫ ਮੱਲੀ ਅਤੇ ਜਸ਼ਨਦੀਪ ਸਿੰਘ ਉਰਫ ਬੂਰਾ, ਸਾਰੇ ਵਾਸੀ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚਾਰ ਪਿਸਤੌਲ ਬਰਾਮਦ ਕੀਤੇ ਸਨ। ਇਸੇ ਤਰ੍ਹਾਂ 19 ਜੂਨ ਨੂੰ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਰਾਜਨ ਸਿੰਘ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ, ਨੂੰ ਤਿੰਨ .32 ਬੋਰ ਦੀਆਂ ਪਿਸਤੌਲਾਂ ਅਤੇ ਅਸਲੇ ਸਣੇ ਕਾਬੂ ਕੀਤਾ ਗਿਆ ਸੀ।


author

Manoj

Content Editor

Related News