ਪੰਜਾਬ ਪੁਲਸ ਨੇ ਫੜ ਲਿਆ ਵੱਡਾ ਤਸਕਰ! ਮੌਕੇ ਤੋਂ ਹੀ 20,00,00,000 ਰੁਪਏ ਤੋਂ ਵੱਧ ਦਾ ਨਸ਼ਾ ਬਰਾਮਦ

Monday, Aug 17, 2026 - 05:19 PM (IST)

ਪੰਜਾਬ ਪੁਲਸ ਨੇ ਫੜ ਲਿਆ ਵੱਡਾ ਤਸਕਰ! ਮੌਕੇ ਤੋਂ ਹੀ 20,00,00,000 ਰੁਪਏ ਤੋਂ ਵੱਧ ਦਾ ਨਸ਼ਾ ਬਰਾਮਦ

ਮੋਗਾ (ਕਸ਼ਿਸ਼): ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ CIA ਸਟਾਫ਼ ਮੋਗਾ ਦੀ ਪੁਲਸ ਟੀਮ ਨੇ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 4 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਪ੍ਰੇਮ ਮਸੀਹ ਪੁੱਤਰ ਮੰਗਾ ਮਸੀਹ ਪੁੱਤਰ ਯੂਨਸ ਮਸੀਹ ਵਾਸੀ ਹਾਸ਼ਮਪੁਰਾ, ਥਾਣਾ ਅਜਨਾਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ, ਉਮਰ ਕਰੀਬ 25 ਸਾਲ ਵਜੋਂ ਹੋਈ ਹੈ।

ਸੀਨੀਅਰ ਕਪਤਾਨ ਪੁਲਸ ਮੋਗਾ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਐੱਸ.ਪੀ. ਹੈੱਡਕੁਆਰਟਰ ਸੰਦੀਪ ਸਿੰਘ ਮੰਡ, ਐੱਸ.ਪੀ. (ਇਨਵੈਸਟੀਗੇਸ਼ਨ) ਬਾਲ ਕ੍ਰਿਸ਼ਨ ਸਿੰਗਲਾ ਅਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ ਹੇਠ CIA ਸਟਾਫ਼ ਦੀ ਪੁਲਸ ਟੀਮ ਵੱਲੋਂ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ।

ਪੁਲਸ ਅਨੁਸਾਰ 13 ਅਗਸਤ 2026 ਨੂੰ CIA ਸਟਾਫ਼ ਮੋਗਾ ਦੀ ਟੀਮ ਸ਼ੱਕੀ ਵਿਅਕਤੀਆਂ ਦੀ ਤਲਾਸ਼ ਸਬੰਧੀ ਮੋਗਾ ਕੈਂਪ ਤੋਂ ਥਾਣਾ ਬੱਧਨੀ ਕਲਾਂ ਦੇ ਇਲਾਕੇ ਵੱਲ ਰਵਾਨਾ ਹੋਈ ਸੀ। ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਨਾਇਰਾ ਪੈਟਰੋਲ ਪੰਪ, ਪਿੰਡ ਬੁੱਟਰ ਕਲਾਂ ਨੇੜੇ ਮੋਗਾ-ਬਰਨਾਲਾ ਮੇਨ ਹਾਈਵੇ ’ਤੇ ਮੌਜੂਦ ਸੀ ਤਾਂ ਇਕ ਖ਼ਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਪ੍ਰੇਮ ਮਸੀਹ ਨਾਮਕ ਵਿਅਕਤੀ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਪੁਰਾਣੇ ਪੁਲ ਨਹਿਰ ਬੱਧਨੀ ਕਲਾਂ ਨੇੜੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ।

ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਪ੍ਰੇਮ ਮਸੀਹ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਅਤੇ ਦੱਸੀ ਗਈ ਜਗ੍ਹਾ ’ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 4 ਕਿੱਲੋ 500 ਗ੍ਰਾਮ ਹੈਰੋਇਨ, ਪਾਰਦਰਸ਼ੀ ਮੋਮੀ ਲਿਫਾਫੇ ਵਿੱਚੋਂ ਬਰਾਮਦ ਹੋਈ। ਇਸ ਸਬੰਧੀ ਥਾਣਾ ਬੱਧਨੀ ਕਲਾਂ ਵਿਖੇ ਮੁਕੱਦਮਾ ਨੰਬਰ 168 ਮਿਤੀ 13.08.2026, ਧਾਰਾ 21/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਪੁਲਸ ਵੱਲੋਂ ਮੁਲਜ਼ਮ ਤੋਂ ਬਰਾਮਦ ਕੀਤੀ ਹੈਰੋਇਨ ਦੇ ਸਰੋਤ ਅਤੇ ਇਸ ਨਾਲ ਜੁੜੇ ਨਸ਼ਾ ਤਸਕਰੀ ਦੇ ਨੈੱਟਵਰਕ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਸਬੰਧੀ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

Anmol Tagra

Content Editor

Related News