ਪੰਜਾਬ ਪੁਲਸ ਦੇ ਸੇਵਾ ਮੁਕਤ ਐੱਸ. ਆਈ. ਦੀ ਸ਼ੱਕੀ ਹਾਲਾਤ ’ਚ ਗੋਲ਼ੀ ਲੱਗਣ ਨਾਲ ਮੌਤ

Friday, Mar 10, 2023 - 05:45 PM (IST)

ਸਮਾਣਾ (ਅਸ਼ੋਕ, ਦਰਦ) : ਪੰਜਾਬ ਪੁਲਸ ਤੋਂ ਸੇਵਾ ਮੁਕਤ ਇਕ ਐੱਸ. ਆਈ. ਹਰੀਪਾਲ ਦੀ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਹਰੀਪਾਲ ਸਿੰਘ ਸੇਵਾ ਮੁਕਤੀ ਤੋਂ ਬਾਅਦ ਜਿਥੇ ਬ੍ਰਾਹਮਣ ਸਭਾ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਸੀ, ਉਥੇ ਆਪਣੇ ਨਿਵਾਸ ਸਥਾਨ ਜੱਟਾ ਪੱਤੀ ਮੁਹੱਲੇ ਵਿਚ ਸਥਿਤ ਪੀਰ ਦੀ ਮਜਾਰ ਦੀ ਸੇਵਾ ਵੀ ਕਰਦੇ ਆ ਰਹੇ ਸੀ। ਮੌਜੂਦਾ ਸਮੇਂ ਵਿਚ ਵੀ ਉਹ ਆਪਣਾ ਜ਼ਿਆਦਾ ਸਮਾਂ ਦਰਗਾਹ ’ਤੇ ਹੀ ਗੁਜ਼ਾਰਦੇ ਸੀ ਅਤੇ ਰਾਤ ਨੂੰ ਵੀ ਅਕਸਰ ਮਜਾਰ ’ਤੇ ਹੀ ਰਹਿੰਦੇ ਸੀ ਪਰ ਸ਼ੁੱਕਰਵਾਰ ਨੂੰ ਹਰੀਪਾਲ ਸਿੰਘ ਦੀ ਲਾਸ਼ ਮਜਾਰ ਕੋਲ ਬਣੇ ਕਮਰੇ ਵਿਚ ਜ਼ਮੀਨ ’ਤੇ ਖੂਨ ਨਾਲ ਲਥਪਥ ਮਿਲੀ ਅਤੇ ਕਮਰੇ ਦੇ ਬੈੱਡ ’ਤੇ ਪਈ ਬੰਦੂਕ ਮਿਲਣ ਨਾਲ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ। ਮਜਾਰ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਹਰੀਪਾਲ ਸਿੰਘ ਸਵੇਰੇ ਲਗਭਗ 11 ਵਜੇ ਤੱਕ ਦੀਆਂ ਤਸਵੀਰਾਂ ਕੇਦ ਹੋਣ ’ਤੇ ਉਹ ਮਜਾਰ ਦੇ ਅੰਦਰ ਬਾਹਰ ਆਉਂਦੇ ਦਿਖਾਏ ਦੇ ਰਹੇ ਸੀ ਪਰ ਇਸ ਤੋਂ ਬਾਅਦ ਹਰੀਪਾਲ ਸਿੰਘ ਮਜਾਰ ਦੇ ਅੰਦਰ ਚਲੇ ਗਏ। 

ਜਾਣਕਾਰੀ ਅਨੁਸਾਰ ਜਦੋਂ ਆਸ ਪਾਸ ਦੇ ਲੋਕ ਪੀਰ ਦੀ ਮਜਾਰ ਦੇ ਅੰਦਰ ਗਏ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਏ। ਹਰੀਪਾਲ ਦੇ ਗਰਦਨ ਵਿਚ ਗੋਲੀ ਲੱਗਣ ਨਾਲ ਉਹ ਜ਼ਮੀਨ ’ਤੇ ਡਿੱਗੇ ਪਏ ਸੀ ਅਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਘਟਨਾਂ ਦੇ ਕਾਰਨ ਦਾ ਫੌਰੀ ਤੌਰ ’ਤੇ ਪਤਾ ਨਹੀਂ ਲੱਗ ਸਕਿਆ। ਲਾਸ਼ ਨੂੰ ਦੇਖਣ ਨਾਲ ਇਹ ਪਤਾ ਲੱਗਦਾ ਸੀ ਕਿ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕੀਤੀ ਹੈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਮਿਲਣ ’ਤੇ ਸਿਟੀ ਥਾਣਾ ਇੰਚਾਰਜ ਜੀ. ਐੱਸ. ਸਿਕੰਦ ਪੁਲਸ ਦੇ ਉੱਚ ਅਧਿਕਾਰੀਆਂ ਡੀ. ਐੱਸ. ਪੀ. ਸੌਰਭ ਜਿੰਦਲ ਅਤੇ ਸੀ. ਆਈ. ਏ. ਇੰਚਾਰਜ ਵਿਜੇ ਕੁਮਾਰ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਪੂਰੇ ਇਲਾਕੇ ਦੀ ਜਾਂਚ ਕਰਕੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 

ਇਸ ਸੰਬੰਧੀ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਇਸ ਘਟਨਾ ਸੰਬੰਧੀ ਕੁੱਝ ਵੀ ਦੱਸਣ ਵਿਚ ਅਸਮਰਥਤਾ ਜ਼ਾਹਰ ਕੀਤੀ। ਪੁਲਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ। ਵਰਨਣਯੋਗ ਹੈ ਕਿ ਮ੍ਰਿਤਕ ਹਰੀਪਾਲ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਉਨ੍ਹਾਂ ਦੇ ਤਿੰਨੇ ਬੱਚੇ ਵਿਦੇਸ਼ ਰਹਿੰਦੇ ਹਨ। ਮੌਜੂਦਾ ਸਮੇਂ ਵਿਚ ਉਹ ਆਪਣੀ ਪਤਨੀ ਕਮਲਾ ਸ਼ਰਮਾ ਨਾਲ ਹੀ ਰਹਿ ਰਹੇ ਸੀ ਪਰ ਜ਼ਿਆਦਾਤਰ ਸਮਾਂ ਉਹ ਪੀਰ ਦੀ ਮਜਾਰ ਕੋਲ ਬਣੇ ਕਮਰੇ ਵਿਚ ਹੀ ਰਹਿ ਕੇ ਹੀ ਸੇਵਾ ਕਰ ਰਹੇ ਸੀ। ਉਨ੍ਹਾਂ ਦੀ ਲੜਕੀ ਨਾਭਾ ਵਿਚ ਵਿਆਹੀ ਹੈ ਅਤੇ ਉਹ ਮੌਜੂਦਾ ਸਮੇਂ ਇਥੇ ਹੀ ਰਹਿ ਰਹੀ ਸੀ।


Gurminder Singh

Content Editor

Related News