ਬਨੂੜ : ਪੰਜਾਬ ਪੁਲਸ ਦੇ ਮੁਲਾਜ਼ਮ ਸਣੇ ਦੋ ਦੀ ਕੋਰੋਨਾ ਕਾਰਣ ਮੌਤ
Wednesday, Sep 09, 2020 - 05:07 PM (IST)
ਬਨੂੜ (ਗੁਰਪਾਲ) : ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਤੇ ਇਸ ਭਿਆਨਕ ਬੀਮਾਰੀ ਕਾਰਨ ਬਨੂੜ ਇਲਾਕੇ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਬਨੂੜ ਨੇੜਲੇ ਪਿੰਡ ਲੈਹਲਾਂ ਦਾ ਪੰਜਾਬ ਪੁਲਸ ਵਿਚ ਤਾਇਨਾਤ ਕਰਮਚਾਰੀ ਜਸਪਾਲ ਸਿੰਘ (31) ਜੋ ਕਿ ਪਿਛਲੇ ਦੋ ਹਫਤਿਆਂ ਤੋਂ ਚੰਡੀਗੜ੍ਹ ਦੇ ਸੈਕਟਰ 32 ਦੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਲਾਜ ਲਈ ਭਰਤੀ ਸੀ। ਜਾਣਕਾਰੀ ਅਨੁਸਾਰ ਇਹ ਕਰਮਚਾਰੀ 2011 ਵਿਚ ਪੰਜਾਬ ਪੁਲਸ ਵਿਚ ਭਰਤੀ ਹੋਇਆ ਸੀ ਤੇ ਅੱਜ ਕੱਲ੍ਹ ਚੰਡੀਗੜ੍ਹ ਦੇ ਸਕੱਤਰੇਤ ਵਿਚ ਤਾਇਨਾਤ ਸੀ। ਉਸ ਨੌਜਵਾਨ ਵਲੋਂ ਪਹਿਲਾਂ ਰਿਪੋਰਟ ਕਰਾਉਣ ਦੇ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਸਿਹਤ ਵਿਗੜਨ ਕਾਰਨ ਦੁਬਾਰਾ ਕੋਰੋਨਾ ਰਿਪੋਰਟ ਕਰਵਾਉਣ 'ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਦੀ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ 32 ਵਿਚ ਸਥਿਤ ਹਸਪਤਾਲ ਵਿਚ ਮੌਤ ਹੋ ਗਈ। ਉਸ ਦਾ ਅੱਜ ਅੰਤਿਮ ਸੰਸਕਾਰ ਸਿਹਤ ਵਿਭਾਗ ਦੀ ਟੀਮ ਦੀ ਨਗਰਾਨੀ ਹੇਠ ਪਿੰਡ ਮਹਿਲਾਂ ਵਿਖੇ ਕਰ ਦਿੱਤਾ ਗਿਅ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਸੁਭਾਸ਼ ਕੁਮਾਰ ਦੀ ਅਗਵਾਈ ਵਿਚ ਪਹੁੰਚੀ ਪੁਲਸ ਪਾਰਟੀ ਨੇ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ।
ਮ੍ਰਿਤਕ ਜਸਪਾਲ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਤੇ ਚਾਰ ਸਾਲਾ ਪੁੱਤਰ ਛੱਡ ਗਿਆ। ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਮ੍ਰਿਤਕ ਜਸਪਾਲ ਸਿੰਘ ਨੂੰ ਕੋਰੋਨਾ ਯੋਧਾ ਕਰਾਰ ਦਿੰਦਿਆਂ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ 'ਤੇ ਪੰਜਾਹ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਬਨੂੜ ਇਲਾਕੇ ਵਿਚ ਦੂਜੀ ਮੌਤ ਨੇੜੇ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਕਿਸਾਨ ਤਰਸੇਮ ਸਿੰਘ ਦੀ ਹੋਈ ਜਿਸ ਜਿਸ ਦੀ ਕੋਰੋਨਾ ਰਿਪੋਰਟ ਅੱਜ ਹੀ ਮੁੱਢਲਾ ਸਿਹਤ ਕੇਂਦਰ ਕਾਲੋਮਾਜਰਾ ਵਿਚ ਪਾਜ਼ੇਟਿਵ ਆਈ ਸੀ। ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਸ. ਪੀ. ਐੱਸ. ਗੁਰਾਇਆ ਨੇ ਦੱਸਿਆ ਕਿ ਸਬੰਧਤ ਮਰੀਜ਼ ਜਦੋਂ ਹਸਪਤਾਲ ਵਿਚ ਆਇਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ।
ਬਨੂੜ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਗਿਆਨ ਸਾਗਰ ਹਸਪਤਾਲ ਇਸ ਸਮੇਂ 73 ਮਰੀਜ਼ ਕੋਰੋਨਾ ਪੀੜਤ ਇਲਾਜ ਲਈ ਭਰਤੀ ਹਨ ਜਿਨ੍ਹਾਂ ਵਿਚੋਂ 22 ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਵਿਚੋਂ 6 ਮਰੀਜ਼ਾਂ ਦੀ ਹਾਲਤ ਅਤਿ ਗੰਭੀਰ ਹੈ।