ਪੰਜਾਬ ਪੁਲਸ ਕਾਂਸਟੇਬਲ ਭਰਤੀ ’ਚ ਫਰਜ਼ੀਵਾੜਾ: ਭਰਤੀ ਬੋਰਡ ਨਾਲ ਹੋਈ ਮੀਟਿੰਗ ਰਹੀ ਬੇਨਤੀਜਾ
Friday, Dec 03, 2021 - 11:09 AM (IST)
ਜਲੰਧਰ (ਰਮਨ, ਸੋਮਨਾਥ)– ਪੰਜਾਬ ਪੁਲਸ ਵਿਚ ਕਾਂਸਟੇਬਲਾਂ ਦੀ ਭਰਤੀ ਨੂੰ ਲੈ ਕੇ ਬੀਤੇ ਦਿਨੀਂ ਹੋਈ ਲਿਖਤੀ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਮੈਰਿਟ ਲਿਸਟ ਵਿਚ ਧਾਂਦਲੀ ਦਾ ਦੋਸ਼ ਲਾਉਂਦਿਆਂ ਭਰਤੀ ਲਈ ਆਏ ਉਮੀਦਵਾਰਾਂ ਨੇ ਵੀਰਵਾਰ ਬੀ. ਐੱਸ. ਐੱਫ. ਚੌਂਕ ਵਿਚ ਧਰਨਾ ਲਾ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਡੀ. ਸੀ. ਪੀ. ਜਗਮੋਹਨ ਸਿੰਘ, ਏ. ਸੀ ਪੀ. ਸੈਂਟਰਲ ਸੁਖਦੀਪ ਸਿੰਘ, ਐੱਸ. ਡੀ. ਐੱਮ.-1 ਹਰਪ੍ਰੀਤ ਸਿੰਘ ਅਤੇ ਐੱਸ. ਡੀ. ਐੱਮ-2 ਬਲਬੀਰ ਸਿੰਘ ਮੌਕੇ ’ਤੇ ਪੁੱਜੇ। ਉਮੀਦਵਾਰਾਂ ਦੇ ਆਗੂ ਨਵਦੀਪ ਦਕੋਹਾ, ਨਵਪ੍ਰੀਤ ਸਿੰਘ ਅਤੇ ਰੁਪਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰਤੀ ਬੋਰਡ ਵੱਲੋਂ ਪੰਜਾਬ ਪੁਲਸ ਦੀਆਂ ਲਗਭਗ 4400 ਆਸਾਮੀਆਂ ਲਈ 4 ਲੱਖ 70 ਹਜ਼ਾਰ ਦੇ ਲਗਭਗ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, ਜਿਸ ਦੇ ਨਤੀਜੇ ਅਤੇ ਮੈਰਿਟ ਸੂਚੀ ਵਿਚ ਤਰੁੱਟੀਆਂ ਹੋਣ ਕਾਰਨ ਜ਼ਿਆਦਾ ਮੈਰਿਟ ਵਾਲੇ ਬੱਚੇ ਸੂਚੀ ਵਿਚੋਂ ਬਾਹਰ ਕਰ ਦਿੱਤੇ ਗਏ। ਉਮੀਦਵਾਰਾਂ ਨੇ ਭਰਤੀ ਬੋਰਡ ’ਤੇ ਦੋਸ਼ ਲਾਏ ਕਿ ਧਾਂਦਲੀ ਕਰਕੇ ਮੈਰਿਟ ’ਤੇ ਆ ਰਹੇ ਉਮੀਦਵਾਰਾਂ ਨੂੰ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਾਰੀ ਸੂਚੀ ਵਿਚ ਜਿਹੜੇ ਨਾਂ ਦਿੱਤੇ ਗਏ ਹਨ, ਉਹ ਤਾਂ ਪ੍ਰੀਖਿਆ ਵਿਚ ਸ਼ਾਮਲ ਹੀ ਨਹੀਂ ਸਨ। ਇਸਦਾ ਸਿੱਧਾ ਅਰਥ ਹੈ ਕਿ ਭਰਤੀ ਵਿਚ ਵੱਡੇ ਪੱਧਰ ’ਤੇ ਧਾਂਦਲੀ ਹੋਈ ਹੈ। ਮਿਹਨਤੀ ਅਤੇ ਮੈਰਿਟ ’ਤੇ ਆਉਣ ਵਾਲੇ ਉਮੀਦਵਾਰ ਇਸ ਤੋਂ ਖਫ਼ਾ ਹਨ, ਜਿਸ ਕਾਰਨ ਉਮੀਦਵਾਰਾਂ ਨੇ ਸਰਕਾਰ ਅਤੇ ਭਰਤੀ ਬੋਰਡ ਵੱਲੋਂ ਕੀਤੀਆਂ ਗਈਆਂ ਬੇਨਿਯਮੀਆਂ ਕਾਰਨ ਸ਼ੁੱਕਰਵਾਰ ਤੋਂ ਹੋਣ ਵਾਲੇ ਟਰਾਇਲਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ। ਉਨ੍ਹਾਂ ਦੀ ਮੰਗ ਹੈ ਕਿ ਜਾਂ ਤਾਂ ਓਪਨ ਟਰਾਇਲ ਵਿਚ ਜਿਹੜੇ ਉਮੀਦਵਾਰ ਸੂਚੀ ਵਿਚੋਂ ਬਾਹਰ ਰੱਖੇ ਗਏ ਹਨ, ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਜਾਵੇ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਹਲਕਾ ਕਰਤਾਰਪੁਰ 'ਚ ਖੋਲ੍ਹੇ ਜਾਣਗੇ 10 ਵੱਡੇ ਸਕੂਲ
ਪਹਿਲਾਂ ਲਗਭਗ 5 ਘੰਟੇ ਤੱਕ ਅਤੇ ਫਿਰ ਰਾਤ ਨੂੰ ਵੀ ਧਰਨੇ ’ਤੇ ਬੈਠੇ ਉਮੀਦਵਾਰ
ਕਾਂਸਟੇਬਲ ਭਰਤੀ ਵਿਚ ਧੋਖਾਦੇਹੀ ਦਾ ਦੋਸ਼ ਲਾਉਂਦਿਆਂ ਸੈਂਕੜੇ ਨੌਜਵਾਨਾਂ ਨੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਸਵੇਰੇ 9.30 ਵਜੇ ਬੀ. ਐੱਸ .ਐੱਫ. ਚੌਂਕ ਵਿਚ ਧਰਨਾ ਸ਼ੁਰੂ ਕੀਤਾ, ਜਿਹੜਾ ਦੁਪਹਿਰ 2.30 ਵਜੇ ਤੱਕ ਜਾਰੀ ਰਿਹਾ। ਇਸ ਤੋਂ ਬਾਅਦ ਰਾਤ ਨੂੰ ਵੀ ਨੌਜਵਾਨ ਧਰਨੇ ’ਤੇ ਬੈਠੇ ਰਹੇ। ਇਸੇ ਵਿਚਕਾਰ ਦੇਰ ਸ਼ਾਮ ਲਗਭਗ 5.30 ਵਜੇ ਨੌਜਵਾਨਾਂ ਦੇ ਇਕ ਵਫ਼ਦ ਦੀ ਭਰਤੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਸਹਿਮਤੀ ਪ੍ਰਗਟਾਈ। ਜਿਉਂ ਹੀ ਉਹ ਮੀਟਿੰਗ ਕਰ ਕੇ ਵਾਪਸ ਚੌਕ ਪਹੁੰਚੇ ਤਾਂ ਧਰਨਾ-ਪ੍ਰਦਰਸ਼ਨ ਕਰ ਰਹੇ ਬਾਕੀ ਸਾਥੀਆਂ ਨੂੰ ਫੈਸਲਾ ਮਨਜ਼ੂਰ ਨਹੀਂ ਸੀ। ਉਨ੍ਹਾਂ ਦੁਬਾਰਾ ਲਗਭਗ 6.10 ਵਜੇ ਧਰਨਾ ਲਾ ਦਿੱਤਾ। ਇਸ ਦੌਰਾਨ ਥਾਣਾ ਬਾਰਾਦਰੀ ਦੀ ਪੁਲਸ ਅਤੇ ਹੋਰਨਾਂ ਥਾਣਿਆਂ ਦੀ ਪੁਲਸ ਦੇ ਉੱਚ ਅਧਿਕਾਰੀ ਮੌਕੇ’ਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਰਹੇ ਸਨ। ਫਿਲਹਾਲ ਦੇਰ ਰਾਤ ਤੱਕ ਪੀ. ਏ. ਪੀ. ਚੌਂਕ ਵੱਲ ਨੌਜਵਾਨਾਂ ਵੱਲੋਂ ਧਰਨਾ ਜਾਰੀ ਸੀ।
ਮੰਗ-ਪੱਤਰ ’ਤੇ ਕਾਰਵਾਈ ਨਾ ਹੋਣ ’ਤੇ ਚੁੱਕਿਆ ਧਰਨੇ ਵਰਗਾ ਕਦਮ
ਧਰਨੇ ਦੌਰਾਨ ਨੌਜਵਾਨ ਦੋਸ਼ ਲਾ ਰਹੇ ਸਨ ਕਿ ਭਰਤੀ ਵਿਚ ਫਰਜ਼ੀਵਾੜੇ ਅਤੇ ਸਿਫ਼ਾਰਸ਼ੀ ਕਾਂਸਟੇਬਲਾਂ ਦੀ ਭਰਤੀ ਨੂੰ ਲੈ ਕੇ ਉਹ ਕਾਫੀ ਸਮੇਂ ਤੋਂ ਮਾਮਲਾ ਉਠਾ ਰਹੇ ਹਨ। ਇਹੀ ਹੀ ਨਹੀਂ, ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਵੀ ਦਿੱਤਾ ਪਰ ਕਿਸੇ ਵੀ ਤਰ੍ਹਾਂ ਨਾਲ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਅੱਜ ਮਜਬੂਰਨ ਉਨ੍ਹਾਂ ਨੂੰ ਆਪਣੇ ਹੱਕ ਅਤੇ ਸਵਾਲਾਂ ਦੇ ਜਵਾਬ ਲੈਣ ਲਈ ਸੜਕ ’ਤੇ ਉਤਰਨਾ ਪਿਆ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਦੇ ਦਬਾਅ ਹੇਠ ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿਰਸਾ
ਨੌਜਵਾਨ ਅੜੇ-ਡੀ. ਸੀ. ਖੁਦ ਆ ਕੇ ਕਰਨ ਗੱਲ
ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਕਾਂਸਟੇਬਲਾਂ ਦੀ ਭਰਤੀ ਲਈ ਹਜ਼ਾਰਾਂ ਨੌਕਰੀਆਂ ਕੱਢੀਆਂ ਹਨ ਅਤੇ ਲੱਖਾਂ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਉਨ੍ਹਾਂ ਭਰਤੀ ਵਿਚ ਹੋ ਰਹੇ ਘਪਲੇ ਨੂੰ ਰੋਕਣ ਦੀ ਮੰਗ ਕੀਤੀ ਅਤੇ ਦੂਜੇ ਪਾਸੇ ਪ੍ਰਦਰਸ਼ਨਕਾਰੀ ਇਸ ਗੱਲ ’ਤੇ ਅੜੇ ਰਹੇ ਕਿ ਡੀ. ਸੀ. ਖੁਦ ਧਰਨਾ-ਪ੍ਰਦਰਸ਼ਨ ਵਾਲੀ ਥਾਂ ’ਤੇ ਆ ਕੇ ਉਨ੍ਹਾਂ ਨਾਲ ਮੀਟਿੰਗ ਕਰਨ। ਵਰਣਨਯੋਗ ਹੈ ਕਿ ਡੀ. ਸੀ. ਦੇ ਛੁੱਟੀ ’ਤੇ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਏ. ਡੀ. ਸੀ. ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਭੇਜਿਆ ਗਿਆ ਸੀ ਪਰ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ।
ਰਾਹਗੀਰਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਵੀ ਹੋਈ ਪਰੇਸ਼ਾਨੀ
ਬੀ. ਐੱਸ. ਐੱਫ. ਚੌਂਕ ਵਿਚ ਲੱਗੇ ਧਰਨੇ ਕਾਰਨ ਬੱਸ ਸਟੈਂਡ, ਪੀ. ਏ. ਪੀ., ਰਾਮਾ ਮੰਡੀ ਅਤੇ ਚੌਗਿੱਟੀ ਵਾਲੇ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਜਾਮ ਵਿਚ ਹਜ਼ਾਰਾਂ ਲੋਕ ਫਸ ਗਏ। ਇਸ ਦੌਰਾਨ ਧਰਨਾਕਾਰੀਆਂ ਅਤੇ ਲੋਕਾਂ ਵਿਚਕਾਰ ਬਹਿਸ ਵੀ ਹੁੰਦੀ ਰਹੀ। ਜਾਮ ਕਾਰਨ ਰਾਹਗੀਰਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਹੋਈ।
ਜਾਮ ਵਿਚ ਫਸੀ ਸਕੂਲ ਬੱਸ, ਪੇਪਰ ਹੋਇਆ ਰੱਦ
ਉਥੇ ਹੀ ਜਾਮ ਵਿਚ ਇਕ ਸਕੂਲ ਦੀ ਬੱਸ ਕਈ ਘੰਟੇ ਫਸੀ ਰਹੀ, ਜਿਸ ਕਾਰਨ ਛੋਟੇ-ਛੋਟੇ ਬੱਚਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸਕੂਲ ਵਾਲਿਆਂ ਨੂੰ ਬੱਚਿਆਂ ਦਾ ਪੇਪਰ ਰੱਦ ਕਰਨਾ ਪਿਆ। ਲੰਮੇ ਸਮੇਂ ਤੱਕ ਜਾਮ ਲੱਗਣ ਕਾਰਨ ਸਕੂਲੀ ਬੱਚਿਆਂ ਦੇ ਮਾਪਿਆਂ ਖ਼ੁਦ ਭੀੜ ਵਿਚੋਂ ਹੁੰਦੇ ਹੋਏ ਬੱਚਿਆਂ ਨੂੰ ਲੈਣ ਆਏ, ਜਿਸ ਕਾਰਨ ਮਾਪੇ ਵੀ ਕਾਫ਼ੀ ਪਰੇਸ਼ਾਨ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ