ਪੰਜਾਬ ''ਚ 20 ਜੂਨ ਤੋਂ ਲਾਗੂ ਹੋਣ ਜਾ ਰਿਹੈ ਨਵਾਂ ਸਿਸਟਮ! CM ਮਾਨ ਨੇ ਕਰ ਦਿੱਤਾ ਵੱਡਾ ਐਲਾਨ
Tuesday, Jun 10, 2025 - 10:50 AM (IST)

ਪਟਿਆਲਾ/ਸਨੌਰ/ਦੇਵੀਗੜ੍ਹ/ਜਲੰਧਰ (ਮਨਦੀਪ ਜੋਸਨ, ਨੌਗਾਵਾਂ, ਨਰਿੰਦਰ, ਅੰਕੁਰ, ਧਵਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਫਿਰ ਭ੍ਰਿਸ਼ਟਾਚਾਰੀਆਂ ’ਤੇ ਵੱਡਾ ਹਮਲਾ ਬੋਲਦਿਆਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਰਿਸ਼ਵਤਖੋਰੀ ਛੱਡ ਦੇਣ ਨਹੀਂ ਤਾਂ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕੈਂਸਰ ਵਾਂਗ ਹੈ, ਜਿਸ ਦਾ ਇਲਾਜ ਸਰਕਾਰ ਕਰ ਰਹੀ ਹੈ ਪਰ ਸਰਕਾਰ ਨੂੰ ਜਨਤਾ ਦੇ ਸਹਿਯੋਗ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸੇ ਵੀ ਰੇਤ, ਖੱਡ, ਟਰਾਂਸਪੋਰਟ ’ਚ ਯੋਗਦਾਨ ਨਹੀਂ ਪਾਇਆ, ਸਗੋਂ ਲੋਕਾਂ ਦੀ ਖੁਸ਼ੀ ਅਤੇ ਦੁੱਖ ’ਚ ਯੋਗਦਾਨ ਪਾਉਣਾ ਚਾਹੁੰਦੇ ਹਾਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਨੇ ਖਿੱਚੀ 2027 ਚੋਣਾਂ ਦੀ ਤਿਆਰੀ! 117 ਲੀਡਰਾਂ ਦੀ List ਜਾਰੀ, ਸੌਂਪੀ ਅਹਿਮ ਜ਼ਿੰਮੇਵਾਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕਾ ਸਨੌਰ ਦੇ ਪਿੰਡ ਦੁੱਧਨਸਾਧਾਂ ’ਚ 8.55 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਐੱਸ. ਡੀ. ਐੱਮ., ਤਹਿਸੀਲਦਾਰ, ਨਾਇਬ-ਤਹਿਸੀਲਦਾਰ ਅਤੇ ਹੋਰ ਅਫ਼ਸਰਾਂ ਦੇ ਦਫ਼ਤਰਾਂ ਵਾਲੀ ਇਮਾਰਤ ਨੂੰ ਲੋਕਾਂ ਨੂੰ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦਾ ਨੀਂਹ ਪੱਥਰ ਜਨਵਰੀ 2023 ਵਿਚ ਰੱਖਿਆ ਗਿਆ ਸੀ। ਇਸ ਨੂੰ ਰਿਕਾਰਡ ਸਮੇਂ ’ਚ ਪੂਰਾ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਥੇ ਸਰਕਾਰ ਨੇ ਆਰਥਿਕ ਹਾਲਤ ’ਚ ਸੁਧਾਰ ਕੀਤਾ ਹੈ, ਉਥੇ ਹੀ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ’ਚ ਵੀ ਸੁਧਾਰ ਕੀਤਾ ਹੈ। ਪਿਛਲੀਆਂ ਸਰਕਾਰਾਂ ਨੇ ਤਹਿਸੀਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ। ਹੁਣ ਤਹਿਸੀਲਾਂ ’ਚ ਰਜਿਸਟ੍ਰੇਸ਼ਨ ਅਤੇ ਇੰਤਕਾਲ ਇੱਕੋ ਛੱਤ ਹੇਠ ਕੀਤੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਟ੍ਰੈਫ਼ਿਕ ਚਾਲਾਨ ਕੱਟੇ ਜਾਣ 'ਤੇ...
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜਦੋਂ ਲੋਕ ਤਹਿਸੀਲਾਂ ’ਚ ਆਉਂਦੇ ਸਨ ਤਾਂ ਭ੍ਰਿਸ਼ਟ ਅਨਸਰ ਉਨ੍ਹਾਂ ਦਾ ਪੂਰੀ ਤਰ੍ਹਾਂ ਸ਼ੋਸ਼ਣ ਕਰਦੇ ਸਨ ਪਰ ਹੁਣ ਸਰਕਾਰ ਨੇ ਪੂਰਾ ਸਿਸਟਮ ਆਨਲਾਈਨ ਕਰ ਦਿੱਤਾ ਹੈ। ਹੁਣ ਜੇਕਰ ਕੋਈ ਅਧਿਕਾਰੀ ਤਹਿਸੀਲਾਂ ’ਚ ਲੋਕਾਂ ਤੋਂ ਪੈਸੇ ਮੰਗਦਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ, ਸਰਕਾਰ ਸਖ਼ਤ ਕਾਰਵਾਈ ਕਰੇਗੀ। 20 ਜੂਨ ਤੱਕ ਸਾਰੇ ਜ਼ਿਲਿਆਂ ’ਚ ਆਨਲਾਈਨ ਰਜਿਸਟਰੀਆਂ ਕਰਨ ਦੀ ਪ੍ਰਣਾਲੀ ਸ਼ੁਰੂ ਹੋ ਜਾਵੇਗੀ। ਹੁਣ ਲੋਕ ਤਹਿਸੀਲ ਦੇ ਸੇਵਾ ਕੇਂਦਰਾਂ ’ਚ ਜਾ ਕੇ 500 ਰੁਪਏ ਫੀਸ ਦੇ ਕੇ ਆਪਣੀ ਰਜਿਸਟਰੀ ਲਿਖਵਾ ਸਕਣਗੇ। ਰਜਿਸਟਰੀ ਕਿਸੇ ਵੀ ਭਾਸ਼ਾ ’ਚ ਲਿਖੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਕਮਾਇਆ ਪੈਸਾ ਟਿਕਦਾ ਨਹੀਂ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਬਾਦਲ ਪਰਿਵਾਰ ਅਤੇ ਨਾ ਹੀ ਕੈਪਟਨ ਪਰਿਵਾਰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ’ਚ ਰਹਿੰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਨੌਰ ਨਗਰ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 21 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ’ਚ ਸਿਰਫ਼ ਐਲਾਨ ਹੀ ਹੁੰਦੇ ਸਨ ਅਤੇ ਗ੍ਰਾਂਟਾਂ ਨਹੀਂ ਪਹੁੰਚਦੀਆਂ ਸਨ। ਜੇਕਰ ਗ੍ਰਾਂਟਾਂ ਪਹੁੰਚਦੀਆਂ ਵੀ ਸਨ ਤਾਂ 90 ਫੀਸਦੀ ਪੈਸਾ ਖੁਰਦ-ਬੁਰਦ ਹੋ ਜਾਂਦਾ ਸੀ।
ਇਹ ਖ਼ਬਰ ਵੀ ਪੜ੍ਹੋ - Honeymoon 'ਤੇ ਗਏ ਲਾੜੇ ਨਾਲ ਹੋ ਗਈ ਜੱਗੋਂ ਤੇਰ੍ਹਵੀਂ! ਵਹੁਟੀ ਨੇ ਚਾਰ ਮੁੰਡਿਆਂ ਨਾਲ...
ਸਮਾਗਮ ਦੌਰਾਨ ਸਿਮਰਜੀਤ ਕੌਰ ਪਠਾਣਮਾਜਰਾ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵਮਾਨ, ਗੁਰਲਾਲ ਘਨੌਰ ਅਤੇ ਕੁਲਵੰਤ ਸਿੰਘ ਬਾਜ਼ੀਗਰ, ਮਾਲ ਵਿਭਾਗ ਦੇ ਸਕੱਤਰ ਮਨਵੇਸ਼ ਸਿੰਘ ਸਿੱਧੂ, ਡਵੀਜ਼ਨਲ ਕਮਿਸ਼ਨਰ ਵਿਨੇ ਬੁਬਲਾਨੀ, ਐੱਸ. ਐੱਸ. ਪੀ. ਵਰੁਣ ਸ਼ਰਮਾ, ਏ. ਡੀ. ਸੀ. ਈਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ, ਐੱਸ. ਪੀ. ਵੈਭਵ ਚੌਧਰੀ, ਦੁੱਧਨਸਾਧਾਂ ਦੇ ਐੱਸ. ਡੀ. ਐੱਮ. ਕਿਰਪਾਲਵੀਰ ਸਿੰਘ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ, ਹਰਵਿੰਦਰ ਸਿੰਘ ਹੈਰੀ ਤਾਜਲਪੁਰ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8