ਪੰਜਾਬ ਦੇ 5 ਮੰਤਰੀਆਂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਲਾਈ ਕੈਪਟਨ ਦੀ ਸ਼ਿਕਾਇਤ
Tuesday, Aug 10, 2021 - 11:50 AM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ 5 ਵਿਧਾਇਕਾਂ ਤੇ ਮੰਤਰੀਆਂ ਨੇ ਚਿੱਠੀ ਲਿਖ ਕੇ ਉਨ੍ਹਾਂ ਕੋਲੋਂ ਮਿਲਣ ਲਈ ਸਮਾਂ ਮੰਗਿਆ ਹੈ। ਇਸ ਚਿੱਠੀ 'ਚ ਕੈਬਨਿਟ ਮੰਤਰੀਆਂ 'ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਰਜੀਆ ਸੁਲਤਾਨਾ ਦੇ ਹਸਤਾਖ਼ਰ ਹਨ।
ਸੋਨੀਆ ਗਾਂਧੀ ਨੂੰ ਲਿਖੀ ਚਿੱਠੀ 'ਚ ਇਨ੍ਹਾਂ ਮੰਤਰੀਆਂ ਨੇ ਕਿਹਾ ਹੈ ਕਿ ਹਾਈਕਮਾਨ ਵੱਲੋਂ ਦਿੱਤੇ ਗਏ 18 ਸੂਤਰੀ ਏਜੰਡੇ 'ਤੇ ਕੰਮ ਨਹੀਂ ਹੋ ਰਿਹਾ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਰਹੇ ਹਨ। ਸਰਕਾਰੀ ਰੁਝੇਵਿਆਂ ਤੋਂ ਇਲਾਵਾ ਮੁੱਖ ਮੰਤਰੀ ਦੇ ਦਿੱਲੀ ਦੌਰੇ ਨੂੰ ਕੈਬਨਿਟ ਫੇਰਬਦਲ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਜੇ ਸੋਨੀਆ ਗਾਂਧੀ ਵੱਲੋਂ ਨਵੇਂ ਮੰਤਰੀਆਂ ਦੀ ਸੂਚੀ ’ਤੇ ਮੋਹਰ ਲਗਾ ਦਿੱਤੀ ਜਾਂਦੀ ਹੈ ਤਾਂ ਕੈਬਨਿਟ ਫੇਰਬਦਲ ਅਗਲੇ ਹਫ਼ਤੇ ਹੀ ਸੰਭਵ ਹੋ ਸਕੇਗਾ। ਉਂਝ ਸਭ ਕੁੱਝ ਸੋਨੀਆ ਤੇ ਕੈਪਟਨ ਵਿਚਾਲੇ ਪ੍ਰਸਤਾਵਿਤ ਬੈਠਕ ਨੂੰ ਲੈ ਕੇ ਹੀ ਤੈਅ ਹੋਵੇਗਾ।
ਇਹ ਵੀ ਪੜ੍ਹੋ : ਗੋਲੀਆਂ ਮਾਰ ਕੇ ਕਤਲ ਕੀਤੇ ਅਕਾਲੀ ਆਗੂ 'ਵਿੱਕੀ ਮਿੱਡੂਖੇੜਾ' ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ
ਫਿਲਹਾਲ ਮੁੱਖ ਮੰਤਰੀ ਦੇ ਨੇੜਲੇ ਸੂਤਰ ਕੁੱਝ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੇ। ਸਭ ਕੁੱਝ ਗੁਪਤ ਹੀ ਰੱਖਿਆ ਜਾ ਰਿਹਾ ਹੈ। ਕੈਪਟਨ ਨੇ ਆਪਣੇ ਪੱਧਰ ’ਤੇ ਤਾਂ ਮੰਤਰੀਆਂ ਦੇ ਵਿਭਾਗਾਂ ’ਚ ਬਦਲਾਅ ਅਤੇ ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਦੀ ਸੂਚੀ ਬਣਾ ਰੱਖੀ ਹੈ, ਹੁਣ ਉਸ ’ਤੇ ਸਿਰਫ ਸੋਨੀਆ ਦੀ ਮੋਹਰ ਲੱਗਣੀ ਹੀ ਬਾਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ