ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਕੱਢੀ ਸਰਕਾਰ ਖਿਲਾਫ਼ ਭੜਾਸ
Friday, Jan 26, 2018 - 01:16 AM (IST)
ਹੁਸ਼ਿਆਰਪੁਰ, (ਘੁੰਮਣ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਅੱਜ ਪ੍ਰਧਾਨ ਕਾ. ਗੰਗਾ ਪ੍ਰਸਾਦ ਦੀ ਅਗਵਾਈ 'ਚ ਆਪਣੀਆਂ ਮੰਗਾਂ ਦੇ ਸਮਰਥਨ 'ਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਮੁਜ਼ਾਹਰਾ ਕਰ ਕੇ ਧਰਨਾ ਦਿੱਤਾ।
ਇਸ ਮੌਕੇ ਕਾ. ਗੰਗਾ ਪ੍ਰਸਾਦ, ਜਨਰਲ ਸਕੱਤਰ ਕਾ. ਸੁਭਾਸ਼ ਸ਼ਰਮਾ, ਮਿਥਲੇਸ਼ ਕੁਮਾਰ, ਪ੍ਰਿੰ. ਪਿਆਰਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਨਿਰਮਾਣ ਮਜ਼ਦੂਰ ਵਰਕਰਾਂ ਦੇ ਨਾਲ ਕੀਤੇ ਜਾ ਰਹੇ ਭੇਦਭਾਵ ਵਾਲੇ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਸਮੇਂ ਸੰਬੋਧਨ ਕਰਦਿਆਂ ਕਾ. ਗੰਗਾ ਪ੍ਰਸਾਦ ਨੇ ਕਿਹਾ ਕਿ ਪੰਜਾਬ ਦੇ ਲੇਬਰ ਵਿਭਾਗ ਦੀ ਇਮਾਰਤ ਅੰਦਰ ਕੰਸਟਰੱਕਸ਼ਨ ਵਰਕਰਜ਼ ਰੈਗੂਲੇਸ਼ਨ ਆਫ਼ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ਼ ਸਰਵਿਸ ਐਕਟ 1966 ਦੀਆਂ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 31 ਅਕਤੂਬਰ, 2017 ਤੱਕ 6 ਲੱਖ 39 ਹਜ਼ਾਰ 419 ਨਿਰਮਾਣ ਮਜ਼ਦੂਰ ਭਲਾਈ ਬੋਰਡ ਕੋਲ ਰਜਿਸਟਰਡ ਹੋਏ ਸਨ। ਇਨ੍ਹਾਂ ਵਿਚੋਂ 3 ਲੱਖ 71 ਹਜ਼ਾਰ 159 ਹੀ ਲਾਈਵ ਮੈਂਬਰ ਰਹੇ। ਇਨ੍ਹਾਂ ਵਿਚੋਂ 1352.79 ਕਰੋੜ ਰੁਪਏ ਮਜ਼ਦੂਰਾਂ ਦੀ ਭਲਾਈ ਲਈ ਇਕੱਤਰ ਹੋਏ ਸੀ। ਇਸ ਰਾਸ਼ੀ ਵਿਚੋਂ ਸਿਰਫ 544.50 ਕਰੋੜ ਰੁਪਏ ਨਿਰਮਾਣ ਮਜ਼ਦੂਰਾਂ ਨੂੰ ਵੰਡੇ ਗਏ ਜਦਕਿ ਬਾਕੀ ਰਾਸ਼ੀ ਦਫ਼ਤਰੀ ਕੰਮਾਂ 'ਤੇ ਖਰਚ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਰਜਿਸਟਰੇਸ਼ਨ ਆਨ ਲਾਈਨ ਕਰਨ ਨਾਲ ਲੱਖਾਂ ਮਜ਼ਦੂਰ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ। ਇਸ ਦੌਰਾਨ ਮੰਗ ਕੀਤੀ ਗਈ ਕਿ ਆਨ ਲਾਈਨ ਦੇ ਨਾਲ-ਨਾਲ ਆਫ਼ ਲਾਈਨ ਦੀ ਰਜਿਸਟਰੇਸ਼ਨ ਵੀ ਕੀਤੀ ਜਾਵੇ। ਇਸ ਮੌਕੇ ਜਸਵਿੰਦਰ ਕੈਰੀ, ਮਨਜੀਤ ਕੌਰ, ਗੁਰਦੇਵ ਕੌਰ, ਸੁਰਜੀਤ ਕੌਰ, ਬਲਵੀਰ ਸਿੰਘ, ਮਲਕੀਤ ਸਿੰਘ, ਸੁਰਜੀਤ ਕੌਰ, ਸੁਰਜੀਤ ਲਾਲ, ਸੁਖਦੇਵ ਲਾਲ, ਮਾਨ ਸਿੰਘ, ਸਤਪਾਲ ਲੱਠ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਾਅਦ ਵਿਚ ਮੁੱਖ ਮੰਤਰੀ ਪੰਜਾਬ ਤੇ ਲੇਬਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੇ ਨਾਂ ਮੰਗ-ਪੱਤਰ ਵੀ ਅਧਿਕਾਰੀਆਂ ਨੂੰ ਦਿੱਤਾ ਗਿਆ।
