ਪੰਜਾਬ ਮੰਡੀ ਬੋਰਡ ਵੱਲੋਂ ਪੇਂਡੂ ਲਿੰਕ ਸੜਕਾਂ ''ਤੇ ਬਰਮਾਂ ਦੀ ਮੁੜ ਉਸਾਰੀ ਲਈ ਸੂਬੇ ''ਚ ਵਿਸ਼ੇਸ਼ ਮੁਹਿੰਮ ਸ਼ੁਰੂ
Sunday, Jun 12, 2022 - 04:17 PM (IST)
 
            
            ਚੰਡੀਗੜ੍ਹ : ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਕਸਦ ਨਾਲ ਪੰਜਾਬ ਮੰਡੀ ਬੋਰਡ ਨੇ ਕਣਕ ਦੀ ਵਾਢੀ ਦੇ ਸੀਜ਼ਨ ਤੋਂ ਬਾਅਦ ਕਿਸਾਨਾਂ ਅਤੇ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੂਬੇ ਭਰ 'ਚ ਪੇਂਡੂ ਲਿੰਕ ਸੜਕਾਂ ਦੇ ਕਿਨਾਰੇ 'ਤੇ ਬਰਮਾਂ (ਕੱਚੇ ਕਿਨਾਰੇ) ਦੇ ਮੁੜ ਨਿਰਮਾਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਹੁਣ ਤੱਕ ਕਰੀਬ 2500 ਕਿਲੋਮੀਟਰ ਲਿੰਕ ਸੜਕਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸੜਕ ਦੀਆਂ ਬਰਮਾਂ ਨਾ ਹੋਣ ਕਰਕੇ ਕਈ ਹਾਦਸੇ ਵਾਪਰਨ ਤੋਂ ਇਲਾਵਾ ਨਵੀਆਂ ਬਣੀਆਂ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਈ ਲਿੰਕ ਸੜਕਾਂ ਦੇ ਨਾਲ ਬਰਮਾਂ ਨਾ ਹੋਣ ਕਰਕੇ ਰਾਹਗੀਰਾਂ ਨੂੰ ਖੱਜਲ-ਖੁਆਰ ਹੋਣਾ ਪਿਆ ਕਿਉਂਕਿ ਇਸ ਨਾਲ ਪੇਂਡੂ ਲਿੰਕ ਸੜਕਾਂ ਤੰਗ ਹੋ ਗਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਵਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਕਈ ਉਪਰਾਲੇ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹਿੱਸੇ ਵਜੋਂ ਮੰਡੀ ਬੋਰਡ ਨੇ ਲਿੰਕ ਸੜਕਾਂ ਦੇ ਦੋਵੇਂ ਪਾਸੇ ਬਰਮਾਂ ਦੀ ਮੁੜ ਉਸਾਰੀ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕਰਕੇ ਇਸ ਵਿਸ਼ੇਸ਼ ਪਹਿਲ ਕਦਮੀ ਦੀ ਅਗਵਾਈ ਕੀਤੀ ਹੈ। ਚੇਅਰਮੈਨ ਨੇ ਕਿਹਾ ਕਿ ਕਿਸਾਨ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਨੇਕ ਉਪਰਾਲੇ ਲਈ ਅਧਿਕਾਰੀਆਂ ਨੂੰ ਦਿਲੋਂ ਸਹਿਯੋਗ ਦੇ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਦਮ ਤੰਗ ਲਿੰਕ ਸੜਕਾਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਦੀਆਂ ਘਟਨਾਵਾਂ ਨੂੰ ਘਟਾਉਣ ਵਿੱਚ ਸਹਾਈ ਸਿੱਧ ਹੋਵੇਗਾ ਜਿਸ ਨਾਲ ਕਈ ਕੀਮਤੀ ਜਾਨਾਂ ਬਚ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਆਦਾਤਰ ਕੰਮ ਝੋਨੇ ਦਾ ਬਿਜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਰੋਡ ਬਰਮਾਂ ਦੇ ਨਿਰਮਾਣ ਲਈ ਫੀਲਡ ਇੰਜੀਨੀਅਰਾਂ ਨੂੰ ਵਿਸਥਾਰ ਪੂਰਵਕ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕਾਰਜ ਵਿਚ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰਵੀ ਭਗਤ ਨੇ ਕਿਹਾ ਕਿ ਹਰੇਕ ਅਧਿਕਾਰੀ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਕੰਮ ਨੂੰ ਸਮਾਂਬੱਧ ਅਤੇ ਨਤੀਜਾ ਮੁਖੀ ਢੰਗ ਨਾਲ ਪੂਰਾ ਕੀਤਾ ਜਾ ਸਕੇ। ਇਸ ਅਨੁਸਾਰ ਫੀਲਡ ਇੰਜੀਨੀਅਰਾਂ ਨੇ ਸੜਕ ਦੇ ਬਰਮਾਂ ਦੀ ਉਸਾਰੀ ਅਤੇ ਬਰਮਾਂ ’ਤੇ ਮਿੱਟੀ ਭਰਨ ਦਾ ਕਾਰਜ ਆਰੰਭਿਆ ਹੈ। ਕਣਕ ਦੀ ਵਾਢੀ ਤੋਂ ਬਾਅਦ ਖ਼ਾਲੀ ਪਈ ਖੇਤੀ ਵਾਲੀ ਜ਼ਮੀਨ ਵਿੱਚੋਂ ਮਿੱਟੀ ਲਿਆ ਕੇ ਕੰਮ ਨੂੰ ਆਧੁਨਿਕ ਮਸ਼ੀਨੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਹ ਮਸ਼ੀਨੀ ਵਿਧੀ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਵਾਹੀਯੋਗ ਜ਼ਮੀਨ ਦਾ ਪੱਧਰ ਖ਼ਰਾਬ ਨਾ ਹੋਵੇ।
ਇਹ ਸਾਰਾ ਕੰਮ ਫੀਲਡ ਇੰਜੀਨੀਅਰਾਂ ਰਾਹੀਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਤਹਿਤ ਉਸਾਰੀ ਏਜੰਸੀਆਂ ਨਾਲ ਤਾਲਮੇਲ ਜ਼ਰੀਏ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਓਵਰਟੇਕ ਕਰਨ ਸਮੇਂ ਭਾਰੀ ਵਾਹਨ ਕੱਚੇ ਬਰਮਾਂ ਤੋਂ ਲੰਘਦੇ ਹਨ, ਜਿਸ ਨਾਲ ਬਰਮਾਂ ਦਾ ਨੁਕਸਾਨ ਹੁੰਦਾ ਹੈ ਅਤੇ ਬਰਮਾ ਤੋਂ ਮਿੱਟੀ ਹਟਦੀ ਰਹਿੰਦੀ ਹੈ। ਬਰਮਾਂ ਦੀ ਘੱਟ ਚੌੜਾਈ ਸੜਕਾਂ ਨੂੰ ਜਲਦੀ ਨੁਕਸਾਨ ਪਹੁੰਚਾਉਂਦੀ ਹੈ, ਖੇਤੀਬਾੜੀ ਵਾਲੀ ਜ਼ਮੀਨ ਤੋਂ ਸੜਕਾਂ ਦੀ ਹੇਠਲੀ ਸਤਹੀ ‘ਚ ਪਾਣੀ ਦਾਖ਼ਲ ਹੁੰਦਾ ਹੈ, ਜਿਸ ਨਾਲ ਸੜਕ ਦੀ ਪਰਤ ਨੂੰ ਨੁਕਸਾਨ ਹੁੰਦਾ ਹੈ। ਇਸ ਕਾਰਨ ਵਾਹਨਾਂ ਨੂੰ ਓਵਰਟੇਕ ਕਰਨ ਸਮੇਂ ਸੜਕ ਹਾਦਸੇ ਵੀ ਵਾਪਰਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            