MP ਚੰਨੀ ਤੇ ਰਾਜਾ ਵੜਿੰਗ ਸਣੇ ਪੰਜਾਬ ਦੇ ਸੀਨੀਅਰ ਆਗੂਆਂ ਨੇ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
Friday, Dec 27, 2024 - 06:06 AM (IST)
ਜਲੰਧਰ- ਨਵੀਂ ਦਿੱਲੀ ਤੋਂ ਆਈ ਖ਼ਬਰ ਨੇ ਦੇਸ਼-ਵਿਦੇਸ਼ 'ਚ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਲ 2004 ਤੋਂ 2014 ਤੱਕ ਲਗਾਤਾਰ 2 ਵਾਰ ਪ੍ਰਧਾਨ ਮੰਤਰੀ ਤੇ 5 ਵਾਰ ਰਾਜ ਸਭਾ ਮੈਂਬਰ ਰਹਿਣ ਵਾਲੇ ਡਾ. ਮਨਮੋਹਨ ਸਿੰਘ ਨੇ ਦਿੱਲੀ ਦੇ ਏਮਜ਼ ਵਿਖੇ 92 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ।
ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼-ਵਿਦੇਸ਼ 'ਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਇਸ ਦੌਰਾਨ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਸਾਂਝਾ ਕਰ ਰਹੇ ਹਨ।
ਇਸ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਚਜੀਤ ਸਿੰਘ ਚੰਨੀ ਨੇ ਪੋਸਟ ਕਰ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਲਿਖਿਆ, ''ਭਾਰਤ ਡਾ. ਮਨਮੋਹਨ ਸਿੰਘ ਜੀ ਦੇ ਵਿਛੋੜੇ 'ਤੇ ਸੋਗ ਪ੍ਰਗਟ ਕਰਦਾ ਹੈ। ਉਹ ਇਕ ਅਜਿਹੇ ਨੇਤਾ ਸਨ, ਜਿਨ੍ਹਾਂ ਦੀ ਦੂਰਅੰਦੇਸ਼ੀ ਅਤੇ ਅਖੰਡਤਾ ਨੇ ਸਾਡੇ ਦੇਸ਼ ਨੂੰ ਬਦਲ ਕੇ ਰੱਖ ਦਿੱਤਾ, ਆਰਥਿਕ ਸੁਧਾਰਾਂ ਦੇ ਆਰਕੀਟੈਕਟ ਦੇ ਤੌਰ 'ਤੇ, ਉਨ੍ਹਾਂ ਨੇ ਭਾਰਤ ਨੂੰ ਬੇਮਿਸਾਲ ਜੀ.ਡੀ.ਪੀ. ਵਿਕਾਸ ਵੱਲ ਵਧਾਇਆ। ਉਹ ਇਮਾਨਦਾਰੀ ਅਤੇ ਨਿਮਰਤਾ ਦੇ ਪ੍ਰਤੀਕ ਸਨ। ਉਨ੍ਹਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ।''
ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਪੋਸਟ ਕਰ ਲਿਖਿਆ, ''ਇੱਕ ਸੱਚੇ ਰਾਜਨੇਤਾ ਅਤੇ ਬੇਮਿਸਾਲ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਜੀ ਦੇ ਸਦੀਵੀ ਵਿਛੋੜੇ 'ਤੇ ਬਹੁਤ ਦੁੱਖ ਹੋਇਆ। ਭਾਰਤ ਦੀ ਤਰੱਕੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ।''
ਡਾ. ਮਨਮੋਹਨ ਸਿੰਘ ਬਾਰੇ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਲਿਖਿਆ, ''ਡਾ. ਮਨਮੋਹਨ ਸਿੰਘ ਭਾਰਤ ਦੇ ਆਰਥਿਕ ਸੁਧਾਰਾਂ ਦੇ ਆਰਕੀਟੈਕਟ ਅਤੇ ਸਾਡੇ ਦੇਸ਼ ਦੇ ਸਭ ਤੋਂ ਨਿਮਰ ਅਤੇ ਮਾਣਮੱਤੇ ਨੇਤਾਵਾਂ ਵਿੱਚੋਂ ਇੱਕ ਸਨ, ਜੋ ਸਾਨੂੰ ਛੱਡ ਗਏ ਹਨ। ਉਹ ਚਾਹੇ ਘੱਟ ਬੋਲਦੇ ਸਨ, ਪਰ ਉਨ੍ਹਾਂ ਦੇ ਲਫ਼ਜ਼ਾਂ 'ਚੋਂ ਸਿਆਣਪ ਝਲਕਦੀ ਸੀ।''
ਉਨ੍ਹਾਂ ਅੱਗੇ ਲਿਖਿਆ, ''ਉਨ੍ਹਾਂ ਦੀ ਅਗਵਾਈ ਨੇ ਭਾਰਤ ਨੂੰ ਦਇਆ ਅਤੇ ਇਮਾਨਦਾਰੀ ਨਾਲ ਮਹੱਤਵਪੂਰਨ ਚੁਣੌਤੀਆਂ ਵਿੱਚੋਂ ਲੰਘਾਇਆ। ਸਿਵਲ ਪ੍ਰਵਚਨ ਅਤੇ ਜਮਹੂਰੀ ਕਦਰਾਂ-ਕੀਮਤਾਂ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਭਾਰਤ ਦੀ ਤਰੱਕੀ ਵਿੱਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਦੇਸ਼ ਇੱਕ ਸੱਚੇ ਰਾਜਨੇਤਾ ਅਤੇ ਭਾਰਤੀ ਰਾਜਨੀਤੀ ਦੇ ਇੱਕ ਦਿੱਗਜ ਦੇ ਵਿਛੋੜੇ 'ਤੇ ਸੋਗ ਪ੍ਰਗਟ ਕਰਦਾ ਹੈ।''
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਸੋਗ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰ ਲਿਖਿਆ, ''ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਦਾ ਦਿਹਾਂਤ ਦੇਸ਼, ਰਾਜਨੀਤੀ ਅਤੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇੱਕ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਰਾਜਨੇਤਾ ਵਜੋਂ, ਡਾ. ਸਿੰਘ ਦਾ ਭਾਰਤ ਦੇ ਆਰਥਿਕ ਵਿਕਾਸ ਅਤੇ ਵਿਕਾਸ ਵਿੱਚ ਯੋਗਦਾਨ ਬੇਮਿਸਾਲ ਹੈ। ਦੇਸ਼ ਲਈ ਉਨ੍ਹਾਂ ਦੀ ਨਿਰਸਵਾਰਥ ਸੇਵਾ ਨੂੰ ਭਾਰਤ ਦੇ ਲੋਕ ਹਮੇਸ਼ਾ ਯਾਦ ਰੱਖਣਗੇ। ਮੈਂ ਵਾਹਿਗੁਰੂ ਜੀ ਅੱਗੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦਿਲੋਂ ਅਰਦਾਸ ਕਰਦਾ ਹਾਂ। ਉਨ੍ਹਾਂ ਦੀ ਵਿਰਾਸਤ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।''
ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰ ਲਿਖਿਆ, ''ਸਾਬਕਾ ਪ੍ਰਧਾਨ ਮੰਤਰੀ ਅਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਦਾ ਦਿਹਾਂਤ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇੱਕ ਦੂਰਅੰਦੇਸ਼ੀ ਨੇਤਾ ਅਤੇ ਭਾਰਤੀ ਰਾਜਨੀਤੀ ਦਾ ਇੱਕ ਥੰਮ੍ਹ, ਉਨ੍ਹਾਂ ਨੇ ਆਪਣੇ ਵਿਲੱਖਣ ਜਨਤਕ ਜੀਵਨ ਦੌਰਾਨ ਗਰੀਬਾਂ ਦੇ ਕਾਰਨਾਂ ਦੀ ਅਣਥੱਕ ਅਗਵਾਈ ਕੀਤੀ।''
ਉਨ੍ਹਾਂ ਅੱਗੇ ਲਿਖਿਆ, ''ਆਪਣੀ ਲੀਡਰਸ਼ਿਪ ਲਈ ਪਾਰਟੀ ਲਾਈਨਾਂ ਤੋਂ ਪਾਰ ਸਤਿਕਾਰਤ, ਡਾ. ਸਿੰਘ ਦੀ ਵਿਰਾਸਤ ਰਾਸ਼ਟਰ ਨਿਰਮਾਣ ਲਈ ਸਮਰਪਿਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ।''
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰ ਲਿਖਿਆ, ''ਪੰਜਾਬ ਦੇ ਇੱਕ ਪੁੱਤਰ ਡਾ. ਮਨਮੋਹਨ ਸਿੰਘ ਦੇ ਦਿਹਾਂਤ ਦੀ ਖ਼ਬਰ ਨਾਲ ਬਹੁਤ ਦੁਖ ਹੋਇਆ ਹੈ। ਉਹ ਇੱਕ ਦੂਰਅੰਦੇਸ਼ੀ ਨੇਤਾ, ਬੇਮਿਸਾਲ ਅਰਥ ਸ਼ਾਸਤਰੀ ਅਤੇ ਇੱਕ ਨਿਮਰ ਰਾਜਨੇਤਾ ਸਨ, ਜਿਨ੍ਹਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e