ਪੰਜਾਬ ਖਿੜਕੀ-4 : ਮਹਾਰਾਣੀ ਜਿੰਦਾਂ ਦੀਆਂ ਦੋ ਇਤਿਹਾਸਕ ਚਿੱਠੀਆਂ

Sunday, May 17, 2020 - 05:35 PM (IST)

ਸ੍ਰ.ਅਜਮੇਰ ਸਿੰਘ ਐੱਮ.ਏ.
ਪਿੰਡ ਲੋਹਗੜ੍ਹ, ਜ਼ਿਲਾ ਲੁਧਿਆਣਾ (ਪੰਜਾਬ) 

ਅੰਗਰੇਜ਼ ਦਾ ਰਾਜ ਜ਼ੁਲਮ ਅਤੇ ਪਾਪ ਦਾ ਰਾਜ ਸੀ। ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਸਮੇਂ, ਜੋ ਜੋ ਅੱਤਿਆਚਾਰ ਕੀਤੇ, ਉਨ੍ਹਾਂ ਦੀ ਵਿਥਿਆ ਬੜੀ ਲੰਬੀ ਚੌੜੀ ਹੈ। ਖਾਲਸਾ ਰਾਜ ਦਾ ਖੁਰਾ ਖੋਜ ਮਿਟਾਉਣ ਲਈ, ਅੰਗਰੇਜ਼ਾਂ ਨੇ ਕਈ ਪ੍ਰਕਾਰ ਦੀਆਂ ਸਾਜ਼ਿਸ਼ਾਂ ਗੁੰਦੀਆਂ। ਪੂਰਬੀ ਭੱਈਆਂ ਤੋਂ ਸਿੱਖ ਸਜੇ ਲਾਲ ਸਿੰਘ ਅਤੇ ਤੇਜਾ ਸਿੰਘ ਅਤੇ ਜੰਮੂ ਦੇ ਪਹਾੜੀਏ ਡੋਗਰਾ ਗੁਲਾਬ ਸਿੰਘ ਅਤੇ ਪਹਾੜਾ ਸਿੰਘ, ਸਿੱਖ ਰਾਜ ਦੇ ਸਬ ਤੋਂ ਵੱਡੇ ਗ਼ਦਾਰ ਸਨ। ਇਨ੍ਹਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ, ਆਪਣੇ ਨਿੱਜੀ ਮਨੋਰਥਾਂ ਦੀ ਪ੍ਰਾਪਤੀ ਲਈ, ਲਾਲਚ ਵੱਸ ਹੋਕੇ, ਸਿੱਖ ਰਾਜ ਨੂੰ ਸਭਨਾਂ ਪਾਸਿਆਂ ਤੋਂ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਖੀਰ ਨੂੰ ਇਹ ਪਾਪੀ ਲੋਕ ਆਪਣੀ ਇਸ ਪਾਪ ਭਰੀ ਖੇਡ ਨੂੰ ਖੇਡਣ ਵਿਚ ਸਫਲ ਵੀ ਹੋਏ। 

ਪਰ ਇਨ੍ਹਾਂ ਸਭਨਾਂ ਵਿਚੋਂ ਮਿਸ਼ਰ ਤੇਜਾ ਸਿੰਘ ਬਹੁਤ ਚਾਲਾਕ, ਵੱਡਾ ਬੇਈਮਾਨ ਅਤੇ ਪਰਲੇ ਦਰਜੇ ਦਾ ਨਿਮਕ ਹਰਾਮ ਸੀ। ਇਹ ਪਾਪੀ ਬੰਦਾ ਮਹਾਰਾਣੀ ਜਿੰਦਾਂ ਦਾ ਦਿਲੋਂ ਦੇਖੀ ਸੀ। ਪੰਜਾਬ ਦਾ ਗਵਰਨਰ ਹੈਨਰੀ ਲਾਰੰਸ, ਤੇਜਾ ਸਿੰਘ ਨੂੰ ਆਪਣੀ ਸੱਜੀ ਬਾਂਹ ਸਮਝਦਾ ਸੀ। ਗਵਰਨਰ ਨੇ, ਉਸਦੀਆਂ ਖਿਦਮਤਾਂ ਅਥਵਾ ਗ਼ਦਾਰੀਆਂ ਦੇ ਬਦਲੇ- ਉਸਨੂੰ ਰਾਜਾ ਦਾ ਖਿਤਾਬ ਦੇਣਾ ਚਾਹਿਆ। 

ਮਹਾਰਾਜਾ ਦਲੀਪ ਸਿੰਘ ਭਾਵੇਂ ਛੋਟੀ ਉਮਰ ਦਾ ਸੀ ਪਰ ਉਹ ਇਹ ਕੁਝ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਸਿੱਖ ਰਾਜ ਦੇ ਇਕ ਮਹਾਨ ਗ਼ਦਾਰ ਅਤੇ ਕੌਮ-ਧ੍ਰੋਹੀ ਨੂੰ ਕੋਈ ਖ਼ਿਤਾਬ ਦਿੱਤਾ ਜਾਵੇ। ਮਹਾਰਾਣੀ ਜਿੰਦਾਂ ਨੇ ਵੀ ਇਸ ਗੱਲ ਕੀ ਡਟਕੇ ਵਿਰੋਧਤਾ ਕੀਤੀ ਅਤੇ ਮਹਾਰਾਜਾ ਦਲੀਪ ਸਿੰਘ ਨੇ ਕਰੜੇ ਸ਼ਬਦਾਂ ਵਿਚ ਗਵਰਨਰ ਦੇ ਇਸ ਫੈਸਲੇ ਦੀ ਨਿੰਦਿਆ ਕੀਤੀ। ਉਸ ਨੇ ਸਾਫ ਲਿਖ ਦਿੱਤਾ ਕਿ ‘ਤੇਜਾ ਸਿੰਘ ਨੂੰ ਰਾਜਾ ਦਾ ਖਿਤਾਬ ਦੇਣਾ ਮੈਂ ਕਦਾਚਿਤ ਪਸੰਦ ਨਹੀਂ ਕਰਾਂਗਾ ਅਤੇ ਤੁਸੀਂ ਮੇਰੇ ਕੋਲੋਂ ਬਿਲਕੁਲ ਇਹ ਆਸ ਨਾ ਰੱਖੋ ਕਿ ਮੈਂ ਇਕ ਕੌਮੀ ਗ਼ਦਾਰ ਨੂੰ ਰਾਜਾ ਦਾ ਖ਼ਿਤਾਬ ਦੇ ਕੇ ਸਨਮਾਨਿਤ ਕਰ ਸਕਾਂ। ਮੇਰੀ ਉਮਰ ਭਾਵੇਂ ਛੋਟੀ ਹੈ ਪਰ ਮੇਰੀਆਂ ਛੋਟੀਆਂ-ਛੋਟੀਆਂ ਰੰਗਾਂ ਵਿਚ ਬਹੁਤ ਵੱਡੇ ਮਹਾਰਾਜਾ ਸਾਹਿਬ ਦਾ ਖੂਨ ਹੈ।’’

ਇਸ ਚਿੱਠੀ ਨੂੰ ਪੜ੍ਹ ਕੇ ਹੈਨਰੀ ਲਾਰੰਸ ਅੱਗ ਬਗੋਲਾ ਹੋ ਗਿਆ। ਉਸ ਨੇ ਆਪਣੀ ਵੱਡੀ ਹੱਤਕ ਸਮਝੀ। ਇਸ ਹੱਤਕ ਦਾ ਬਦਲਾ ਲੈਣ ਲਈ ਹੈਨਰੀ ਲਾਰੰਸ ਨੇ, ਮਹਾਰਾਣੀ ਜਿੰਦ ਕੌਰ ਨੂੰ 7 ਅਗਸਤ 1847 ਵਾਲੇ ਦਿਨ ਕੈਦ ਕਰਕੇ, ਲਾਹੌਰ ਦੇ ਸੁੰਮਣ ਬੁਰਜ ਵਿੱਚ ਬੰਦ ਕਰ ਦਿੱਤਾ।

ਇਸ ਕੈਦ ਦੀਆਂ ਤਕਲੀਫਾਂ ਦਾ ਵੇਰਵਾ ਦੱਸਣ ਲਈ-ਬੜੇ ਜਿਗਰੇ ਅਤੇ ਖੁੱਲ੍ਹੇ ਸਮੇਂ ਦੀ ਲੋੜ ਹੈ। ਜੇਲ ਵਿਚੋਂ, ਮਹਾਰਾਣੀ ਸਾਹਿਬ ਨੇ ਆਪ ਆਪਣੇ ਹੱਥੀਂ, ਹੈਨਰੀ ਲਾਰੰਸ ਨੂੰ ਇਕ ਦਰਦ ਭਰੀ ਚਿੱਠੀ ਲਿਖੀ। ਇਸ ਚਿੱਠੀ ਦੀ ਹੂਬਹੂ ਨਕਲ ਹੇਠ ਛਾਪੀ ਜਾਂਦੀ ਹੈ-

‘‘ਲਿਖਤੁਮ ਬੀਬੀ ਸਾਹਿਬ, ਅਲਾਰਨ ਸਾਹਿਬ ਜੋਗ ਰੋਬਕਾਰੀ’’

ਅਸਾਂ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ। ਤੁਸੀਂ ਨਿਮਕ ਹਰਾਮਾਂ ਦੇ ਪੈਰਾਂ ਵਿਚ ਦੇ ਦਿੱਤਾ। ਤੁਸੀਂ ਸਾਡੀ ਮੁਨਸਬੀ ਨਾ ਪਾਈ। ਤੁਹਾਨੂੰ ਚਾਹੀਦਾ ਸੀ-ਜੋ ਸਾਰੀ ਦਰਿਆਫਤੀ ਕਰਕੇ-ਸਾਡੇ ਜੁੰਮੇ ਜੋ ਲੱਗਦਾ, ਸੋ ਲਾਂਦੇ। ਨਿਮਕ ਹਰਾਮਾਂ ਦੇ ਕਹੇ ਨਹੀਂ ਸੀ ਲੱਗਣਾ। ਤੁਸੀਂ ਵੱਡੇ ਮਹਾਰਾਜਾ ਦੀ ਦੋਸਤੀ ਵੱਲ ਵੀ ਨਹੀਂ ਡਿੱਠਾ। ਕੋਈ ਕਦਰ ਨਾ ਪਾਈ। ਤੁਸੀਂ ਮੇਰੀ ਅਬੋਰ ਲੋਕਾਂ ਤੋਂ ਲੁਹਾਈ ਏ। ਤੁਸੀਂ ਆਪਣੇ ਕਰਾਰਨਾਮਿਆਂ ਅਤੇ ਅਹਿਦਨਾਮਿਆਂ ਉੱਪਰ ਕੁਛ ਵੀ ਅਮਲ ਨਹੀਂ ਕੀਤਾ। 

ਰਾਜਾ ਲਾਲ ਸਿੰਘ ਮੇਰੀ ਮੋਹਤਬਿਰ ਸੀ, ਖੈਰਖਾਹ ਅਤੇ ਨਿਮਕ ਹਲਾਲ ਸੀ, ਸੋ ਤੁਸੀਂ ਤਕਸੀਰੀ ਕਰਕੇ ਭੇਜ ਦਿੱਤਾ। ਤਾਂ ਵੀ ਅਸੀਂ ਤੁਹਾਨੂੰ ਕੁਛ ਨਹੀਂ ਆਖਿਆ। ਸਾਡੇ ਦਿਲ ਵਿਚ ਇਹ ਗੱਲ ਸੀ ਜੋ ਆਪ ਸਾਹਿਬ ਸਾਡੇ ਪਾਸੇ ਨੇ, ਸਾਨੂੰ ਡਰ ਕਿਸਦਾ ਏ? ਸਾਨੂੰ ਇਸ ਗੱਲ ਦੀ ਖਬਰ ਨਹੀਂ ਸੀ, ਝੂਠੀਆਂ ਗੱਲਾਂ ਸਾਡੇ ਜੁੰਮੇ ਲਾ ਕੇ ਕੈਦ ਕਰ ਦਿੱਤਾ।

ਕੋਈ ਸਾਡੇ ਲਿਖਿਤ ਦੱਸੋ ਕੁਝ ਸਾਡੇ ਜੁੰਮੇ ਲਾਓ ਫੇਰ ਜੋ ਤੁਹਾਡੀ ਮਰਜ਼ੀ ਹੁੰਦੀ, ਸੋ ਕਰਦੇ? ਇਕ ਮੈਂ ਅਤੇ ਇਕ ਮਹਾਰਾਜ ਅਤੇ ਬਾਣੀ ਟਹਿਲਣਾਂ-ਅਸੀਂ ਸੁੰਮਣ ਬੁਰਜ ਵਿਚ ਕੈਦ ਹਾਂ। ਹੋਰ ਨੌਕਰ ਸਭ ਕੱਢ ਦਿੱਤੇ। ਅਸੀਂ ਬਹੁਤ ਲਾਚਾਰ ਹੋਏ ਆਂ? ਪਾਣੀ ਅਤੇ ਰੋਟੀ ਵੀ ਨਹੀਂ ਆਉਣ ਦੇਂਦੇ। ਇਸ ਤਰ੍ਹਾਂ ਜੁ ਸਾਨੂੰ ਤੰਗ ਕਰਦੇ ਓ- ਇਸ ਗੱਲ ਕੋਲੋ ਫਾਂਸੀ ਲਗਾ ਦਿਓ।

ਜੇ ਤੁਸੀਂ ਸਾਡੀ ਅਦਾਲਤ ਕੀਤੀ ਤਾਂ ਚੰਗੀ ਗੱਲ-ਨਹੀਂ ਤਾਂ ਨੰਦਨ (ਲੰਡਨ) ਵਿਚ ਫਰਿਆਦ ਕਰਾਂਗੇ। ਹੋਰ ਜਿਹੜਾ ਸਾਨੂੰ ਡੂਢ ਲੱਖ ਲਾਇਆ ਸੀ, ਉਹ ਵੀ ਨਹੀਂ ਕਿਸੇ ਦਿੱਤਾ। ਹੋਰ ਜਿਹੜਾ ਚਹੁੰ ਮਹੀਨਿਆਂ ਦੇ ਵਿਚ ਖਰਚ ਕੀਤਾ ਸੀ-ਇਕਵੰਜਾ ਹਜ਼ਾਰ, ਸੋ ਭੀ ਗਹਿਣੇ ਵੇਚ ਕੇ ਮਿਸਰ ਮੇਘਰਾਜ ਨੂੰ ਦੇ ਦਿੱਤਾ ਏ। ਕਿਸੇ ਕਲੋ ਕੁਝ ਮੰਗਦੇ ਨਹੀਂ ਸਾਂ। ਆਪਣੇ ਗਹਿਣੇ ਵੇਚਕੇ ਗੁਜ਼ਰਾਨ ਕਰਦੇ ਸਾਂ। ਬੇਨਿਹੱਕ ਸਾਡੀ ਅਬਰੋ ਕਿਉਂ ਲਾਹੀ ਮੰਗਲਾ ਕੀ ਤਕਸੀਰ ਕੀਤੀ, ਉਸ ਨੂੰ ਵੀ ਕੱਢ ਦਿੱਤਾ।

ਪੜ੍ਹੋ ਇਹ ਵੀ ਖਬਰ - ਪੰਜਾਬ ਡਾਇਰੀ 3 : ਲਹਿੰਦੇ ਪੰਜਾਬ ਦੀਆਂ ਮੁਹੱਬਤੀ ਤਸਵੀਰਾਂ

ਪੜ੍ਹੋ ਇਹ ਵੀ ਖਬਰ - ਪੰਜਾਬ ਖਿੜਕੀ 2 : ਪੰਜਾਬ ਦੇ ਪਾਤਰ

1. ਲੇਖਕ ਨੇ ਗਿ. ਗੁਰਦਿੱਤ ਸਿੰਘ ਜੀ ਦੇ ਸਹਿਯੋਗ ਦੁਆਰਾ ਇਸ ਚਿੱਠੀ ਨੂੰ ਅਸਲੀ ਰੂਪ ਵਿਚ ਇਕ ਸਰਕਾਰੀ ਲਾਇਬ੍ਰੇਰੀ ਵਿਚ ਵੇਖਿਆ ਸੀ ਅਤੇ ਉਸ ਮੌਕੇ ਹੀ ਇਸ ਚਿੱਠੀ ਦਾ ਪ੍ਰਸਤੁਤ ਕੀਤਾ ਜਾ ਰਿਹਾ ਉਤਾਰਾ ਕਰ ਲਿਆ ਗਿਆ ਸੀ। 

ਅੱਜ ਮਹਾਰਾਜ ਸਾਡੇ ਪਾਸ ਆ ਕੇ ਬਹੁਤ ਰੋਂਦੇ ਰਹੇ ਨੇ। ਆਖਣ ਲੱਗੇ ਸਾਨੂੰ ਬਿਛਨ ਸਿੰਘ ਅਤੇ ਗੁਲਾਬ ਸਿੰਘ ਡਰਾਂਦੇ ਨੇ। ਜੇ ਮਹਾਰਾਜ ਨੂੰ ਡਰ ਨਾਲ ਕੁਝ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ? ਉਨ੍ਹਾਂ ਨੂੰ ਆਖਿਆ ਨੇ, ਤੁਹਾਨੂੰ ਸਾਹਿਬ ਦਾ ਹੁਕਮ ਹੈ ਜੋ ਸ਼ਾਲਾ-ਮਾਰ ਬਾਗ ਵਿਚ ਉਤਰੋ, ਉਹ ਸੁਣਕੇ ਬਹੁਤ ਰੋਂਦੇ ਰਹੇ?

ਇਹ ਜਿਹੜੀਆਂ ਸਾਡੇ ਨਾਲ ਕਰਦੇ ਹੋ, ਕਿਸੇ ਰਜਵਾੜੇ ਵਿਚ ਨਹੀਂ ਹੋਈਆਂ। ਤੁਸੀਂ ਗੁੱਝੇ ਰਾਜ਼ ਕਿਉਂ ਸਾਂਭਦੇ ਹੋ, ਜ਼ਾਹਰ ਹੋ ਕੇ ਕਿਉਂ ਨਹੀਂ ਕਰਦੇ। ਨਾਲੇ ਵਿਚ ਦੋਸਤੀ ਦਾ ਹਰਫ ਰੱਖਦੇ ਹੋ, ਨਾਲੇ ਕੈਦ ਕਰਦੇ ਹੋ। ਮੇਰੀ ਅਦਾਲਤ ਕਰੋ, ਨਹੀਂ ਤਾਂ ਨੰਦਨ ਫਰਿਆਦ ਕਰਾਂਗੀ। ਤਿੰਨੰ ਚਹੁੰ ਨਮਕ ਹਰਾਮਾਂ ਨੂੰ ਰੱਖ ਲਓ, ਹੋਰ ਸਾਰੀ ਪੰਜਾਬ ਨੂੰ ਕਤਲ ਕਰ ਦਿਓ, ਇਨ੍ਹਾਂ ਦੇ ਆਖੇ ਲੱਗਕੇ ਤੇ।

ਮੋਹਰ 
ਅਕਾਲ ਸਹਾਇ
ਦਸਖਤ (ਬੀਬੀ ਜਿੰਦ ਕੌਰ)’’

ਕਿਹੜਾ ਪੰਜਾਬੀ ਹੈ, ਜਿਹੜਾ ਇਸ ਦਰਦ ਭਰੀ ਚਿੱਠੀ ਨੂੰ ਪੜ੍ਹਕੇ, ਕੰਬ ਨਹੀਂ ਜਾਏਗਾ? ਖਾਸ ਕਰਕੇ ਜਦੋਂ ਮਹਾਰਾਣੀ ਜਿੰਦਾਂ ਆਪਣੀ ਬੇਬਸੀ ਦੀ ਹਾਲਤ ਵਿਚ ਲੰਡਨ ਦੇ ਬਾਦਸ਼ਾਹ ਸਾਹਮਣੇ ਫਰਿਆਦ ਕਰਨ ਦਾ ਜ਼ਿਕਰ ਕਰਦੀ ਹੈ- ਤਾਂ ਇਸ ‘ਫਰਿਆਦ’ ਵਾਲੇ ਅੱਖਰ  ਨੂੰ ਪੜ੍ਹਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ। ਹਾਲਾਤ ਬਦਲਦਿਆਂ ਕੁਛ ਦੇਰ ਨਹੀਂ ਲੱਗਦੀ। ਪੰਜਾਬ ਦੀ ਮਹਾਰਾਣੀ ਕੈਦ ਵਿਚ ਪਈ, ਫਰਿਆਦ ਕਰਨ ਵਾਸੇਤੇ ਮਜ਼ਬੂਰ ਹੋ ਰਹੀ ਹੈ।

ਇਕ ਪਾਸੇ ਤਾਂ ਮਾਂ ਕੈਦ ਵਿਚ ਕੜਪ ਰਹੀ ਸੀ ਅਤੇ ਦੂਸਰੇ ਪਾਸੇ ਨੌਂ ਸਾਲਾਂ ਦੀ ਉਮਰ ਦੇ ਮਾਸੂਮ ਬੱਚੇ, ਮਹਾਰਾਜਾ ਦਲੀਪ ਸਿੰਘ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ।

2. ਕਿਤਨੀ ਦਰਦਨਾਕ ਘਟਨਾ ਹੈ। ਸ਼ੇਰੇ ਪੰਜਾਬ ਦੀ ਮਹਾਰਾਣੀ ਜਿੰਦਾ ਨੂੰ ਆਪਣੇ ਗਹਿਣੇ ਵੇਚਕੇ ਗੁਜ਼ਾਰਾ ਕਰਨਾ ਪਿਆ। ਉਸ ਵਿਚਾਰੀ ਨੂੰ ਜੇਲ ਵਿਚ ਪੀਣ ਜੋਗਾ ਪਾਣੀ ਜਾਂ ਰੱਜਵੀ ਰੋਟੀ ਵੀ ਨਹੀਂ ਮਿਲਦੀ ਸੀ। ਇਸ ਚਿੱਠੀ ਦੇ ਅੱਖਰ ਹੂ-ਬ-ਹੂ ਮਹਾਰਾਣੀ ਜਿੰਦਾ ਦੇ ਹੱਥਾਂ ਨਾਲ ਲਿਖੇ ਹੋਏ ਹਨ। ਸਾਹਿਤਕ ਪੱਖੋਂ ਵੀ ਇਹ ਚਿੱਠੀ ਪੁਰਾਤਨ ਪੰਜਾਬੀ ਦਾ ਇਕ ਕੀਮਤੀ ਨਮੂਨਾ ਹੈ।
3. ਮੰਗਲਾ- ਮਹਾਰਾਣੀ ਜਿੰਦਾ ਦੀ ਇਤਬਾਰ ਯੋਗ ਅਤੇ ਖੈਰਖਾਹ ਨੌਕਰਾਣੀ ਸੀ। 


19 ਅਗਸਤ 1847 ਈਸਵੀ ਨੂੰ ਮਹਾਰਾਣੀ ਜਿੰਦ ਕੌਰ ਨੂੰ ਸੁੰਮਣ ਬੁਰਜ ਤੋਂ ਬਦਲ ਕੇ, ਫੌਜੀ ਪਹਿਰੇ ਹੇਠਾਂ, ਸ਼ੇਖੂਪੂਰੇ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ।

ਏਥੇ ਆ ਕੇ ਮਹਾਰਾਣੀ ਸਾਹਿਬਾ ਨੂੰ ਆਪਣੇ ਦਿਲ ਦੇ ਟੁਕੜੇ ਅਤੇ ਅੱਖਾਂ ਦੇ ਚਾਨਣ, ਸੋਹਣੇ ਦਲੀਪ ਦੀ ਯਾਦ ਸਤਾਉਣ ਲੱਗੀ। ਪੁੱਤਰ ਦੇ ਵਿਛੋੜੇ ਵਿਚ ਵਿਲਕ ਰਹੀ ਮਹਾਰਾਣੀ ਨੇ ਰੈਜ਼ੀਡੈਂਟ ਜਾਨ ਲਾਰੰਸ ਨੂੰ ਹੇਠਲੀ ਚਿੱਠੀ ਲਿਖੀ ਸੀ।

ਚਿੱਠੀ ਨੰਬਰ-2
‘ਸਤਿਗੁਰੂ ਪ੍ਰਸਾਦ’।।
ਲਿਖਤੁਮ ਬੀਬੀ ਸਾਹਿਬ ਜੀ- ਲਾਰਨ ਸਾਹਿਬ ਜੋਗ।।

ਅਸੀਂ ਰਾਜ਼ੀ ਖੁਸ਼ੀ ਸ਼ੇਖੂਪੁਰੇ ਆਨ ਪਹੁੰਚੇ। ਤੁਸਾਂ ਸਾਡਾ ਅਸਬਾਬ ਸਾਂਭਕੇ ਭੇਜਣਾ। ਹੋਰ, ਜੈਸੇ ਸੁੰਮਣ ਬੁਰਜ ਬੈਠੇ ਸਾਂ ਤੈਸੇ ਸ਼ੇਖੂਪੁਰੇ ਬੈਠੇ ਹਾਂ। ਦੋਵੇਂ ਥਾਂ ਸਾਨੂੰ ਇਕੋ ਜਿਹੇ ਹਨ। ਪਰ ਤੁਸਾਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਏ। ਅਯਾਣਾ, ਬਿਨਾ ਗੱਲ, ਮੇਰੀ ਪੁੱਤਰ ਮੇਰੇ ਨਾਲੋ ਵਿਛੋੜਿਆ। ਮੇਰਾ ਪੁੱਤਰ ਖੋਹ ਲਿਆ। ਦਸ ਮਹੀਨੇ ਢਿੱਡ ਵਿਚ ਰੱਖਿਆ ਏ। ਮੰਨ ਮੰਨ ਪਾਲਿਆ ਏ। ਮੈਨੂੰ ਅਤੇ ਕੈਦ ਰੱਖਦੇ ਪਰ ਮੇਰੇ ਆਦਮੀ ਕੱਢ ਦਿੰਦੇ, ਮੇਰੀਆਂ ਟਹਿਲਣਾਂ ਕੱਢ ਦਿੰਦੇ, ਜਿਸ ਤਰਵਾਂ ਵੀ ਤੁਹਾਡੀ ਮਰਜ਼ੀ ਚਾਹੁੰਦੀ, ਉਸ ਤਰਵਾਂ ਮੇਰੇ ਨਾਲ ਕਰਦੇ ਪਰ ਇਕ ਮੇਰੇ ਨਾਲ ਪੁੱਤ ਵਿਛੋੜਾ ਨਾ ਕਰਦੇ। ਵਾਸਤਾ ਈ ਆਪਣੇ ਰੱਬ ਦਾ, ਵਾਸਤਾ ਈ ਆਪਣੇ ਬਾਦਸ਼ਾਹ ਦਾ, ਜਿਸ ਦਾ ਨਮਕ ਖਾਂਦੇ ਓ। ਮੇਰਾ ਪੁੱਤਰ ਮੈਨੂੰ ਮਿਲੇ। ਇਹ ਦੁੱਖ ਮੈਥੋਂ ਸਹਿਆ ਨਹੀਂ ਜਾਂਦਾ। ਨਹੀਂ ਤਾਂ ਮੈਨੂੰ ਮਰਵਾ ਦਿੰਦੇ।

ਪੁੱਤ ਮੇਰਾ ਬਹੁਤ ਅਯਾਣਾ ਏਂ, ਕੁਛ ਕਰਨ ਜੋਗਾ ਨਹੀਂ। ਮੈਂ ਬਾਦਸ਼ਾਹੀ ਛੋੜੀ, ਮੈਨੂੰ ਬਾਦਸ਼ਾਹੀ ਦੀ ਕੋਈ ਲੋੜ ਨਹੀਂ। ਮੈਂ ਅੱਗੇ ਵੀ ਕੋਈ ਉਜ਼ਰ ਨਹੀਂ ਕੀਤਾ, ਜੋ ਆਖੋਗੇ, ਸੋ ਮੰਨਾਂਗੀ। ਮੇਰੇ ਪੁੱਤਰ ਕੋਲ ਕੋਈ ਨਹੀਂ, ਭੈਣ ਭਾਈ ਕੋਈ ਨਹੀਂ, ਚਾਰਾ ਤਾਯਾ ਨਹੀਂ, ਬਾਪ ਉਸ ਦਾ ਨਹੀਂ। ਇਸ ਨੂੰ ਕੀਹਦੇ ਹਵਾਲੇ ਕੀਤਾ ਜੇ? ਮੇਰੇ ਨਾਲ ਐਡੇ ਜ਼ੁਲਮ ਹੋਏ ਨੇ। ਹੋਰ ਮੈਂ ਸ਼ੇਖੂਪੁਰੇ ਰਹਾਂਗੀ। ਮੈਂ ਲਾਹੌਰ ਨਹੀਂ ਜਾਵਾਂਗੀ। ਮੇਰੇ ਪੁੱਤਰ ਨੂੰ ਮੇਰੇ ਕੋਲ ਭੇਜ ਦਿਓ। ਮੈਂ ਓਨ੍ਹੀ ਦਿਨੀਂ ਤੁਸਾਂ ਪਾਸ ਆਊਂਗੀ, ਜਿਸ ਦਿਨ ਦਰਬਾਰ ਲਾਉਣੇ ਹੋਣਗੇ-ਉਸ ਨੂੰ ਉਸ ਦਿਨ ਮੈਂ ਭੇਜ ਦਿਆਂਗੀ। 

ਪੜ੍ਹੋ ਇਹ ਵੀ ਖਬਰ - ਪੰਜਾਬ ਖਿੜਕੀ 1 : ਲਹਿੰਦੇ ਪੰਜਾਬ ਦੀ ਸਿੱਖ ਵਿਰਾਸਤ (ਤਸਵੀਰਾਂ)

4. ਇਹ ਚਿੱਠੀ ਵੀ ਮਹਾਰਾਣੀ ਜਿੰਦਾਂ ਦੀ ਆਪਣੇ ਹੱਥਾਂ ਦੀ ਲਿਖਿਤ ਵਿਚ ਮੌਜੂਦ ਹੈ। ਚਿੱਠੀ ਦੀ ਬੋਲੀ ਤੋਂ ਪ੍ਰਤੱਖ ਮਾਲੂਮ ਦਿੰਦਾ ਹੈ ਕਿ ਸ਼ੇਰੇ-ਪੰਜਾਬ ਦੀ ਮਹਾਰਾਣੀ ਕਿਸ ਕਦਰ ਦੁਖੀ ਸੀ। ਇਹ ਚਿੱਠੀ ਡਾ.ਗੰਡਾ ਸਿੰਘ ਜੀ ਰਚਿਤ ਪੁਸਤਕ ‘ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ’ ਦੇ ਪੰਨਾ 149 ਉੱਤੇ ਛਪੀ ਹੋਈ ਹੈ।
5. ਕਿਤਨਾ ਡੂੰਘਾ ਦਰਦ ਹੈ, ਇਨ੍ਹਾਂ ਸਤਰਾਂ ਵਿਚ। ਬ੍ਰਿਹੁੰ ਕੁੱਠੀ ਮਾਂ ਦੀ ਦਸ਼ਾ ਕਿਤਨੀ ਤਰਸ ਯੋਗ ਹੈ। ਸੱਚ ਮੁੱਚ ਹੀ ਮਹਾਰਾਣੀ ਜਿੰਦਾਂ ਲਈ ਆਪਣੇ ਇੱਕੋ ਇਕ ਲਾਡਲੇ ਅਤੇ ਮੰਨਤਾਂ ਮੰਨ ਕੇ ਪਾਲੇ ਹੋਏ ਪੁੱਤਰ ਦਾ ਵਿਛੋੜਾ ਅਸਹਿ ਸੀ।

ਹੋਰ ਮੇਰੇ ਨਾਲ ਬਹੁਤ ਸੀ ਹੋਈ ਹੈ ਅਤੇ ਮੇਰੇ ਪੁੱਤਰ ਨਾਲ ਭੀ ਬਹੁਤ ਸੀ, ਹੋਈ ਹੈ ਅਤੇ ਲੋਕਾਂ ਦਾ ਕਿਹਾ ਬੀ ਮੰਨ ਲਿਆ। ਹੁਣ ਬੱਸ ਕਰੋ, ਬਹੁਤ ਹੋਈ ਹੈਗੀ। ਦਸਖਤ (ਬੀਬੀ ਜਿੰਦ ਕੌਰ)

ਇਨ੍ਹਾਂ ਉਪਰੋਕਤ ਹੂ-ਬ-ਹੂ ਦਰਜ ਕੀਤੀਆਂ ਗਈਆਂ ਦੋ ਦਰਦਨਾਕ ਇਤਿਹਾਸਕ ਚਿੱਠੀਆਂ ਨੂੰ ਪੜ੍ਹਕੇ ਕੌਣ ਹੈ, ਜਿਸ ਦਾ ਦਿਲ ਨਾ ਪਸੀਜਦਾ ਹੋਵੇ। ਇਕ ਵੇਰੀ ਤਾਂ ਹੰਝੂਆਂ ਦੀ ਝੜੀ ਲੱਗ ਜਾਂਦੀ ਹੈ, ਕਲੇਜਾ ਬਾਹਰ ਨੂੰ ਆਉਂਦਾ ਹੈ। ਅੰਗ੍ਰੇਜ਼ਾਂ ਨੇ ਕਿਤਨੀਆਂ ਜ਼ਿਆਦਾ ਵਧੀਕੀਆਂ ਕੀਤੀਆਂ। ਮਹਾਰਾਣੀ ਜਿੰਦ ਕੌਰ ਨੂੰ ਆਪਣੇ ਅੰਤਲੇ ਦਿਨਾਂ ਵਿਚ ਬੇਅੰਤ ਤੱਸੀਹੇ ਝੰਲਣੇ ਪਏ। ਵੇਖਣ ਵਾਲੀ ਗੱਲ ਇਹ ਹੈ ਕਿ ਅੰਗਰੇਜ਼ਾਂ ਦੀ ਨੀਤੀ ਕਿਸ ਕਦਰ ਜ਼ਾਲਮਾਨਾ ਅਤੇ ਕਠੋਰ ਸੀ। ਲਾਹੌਰ ਦੇ ਸ਼ਾਹੀ ਦਰਬਾਰ ਨੂੰ ਖਤਮ ਕਰਨ ਲਈ, ਅੰਗਰੇਜ਼ਾਂ ਨੇ ਅਣਗਿਣਤ ਕਮੀਣਗੀਆਂ ਕੀਤੀਆਂ। ਅਣਮਨੁੱਖੀ ਵਿਵਹਾਰ ਕੀਤੇ।

ਇਹ ਦੋਨੋ ਚਿੱਠੀਆਂ ਅੰਗਰੇਜ਼ਾਂ ਦੇ ਜ਼ੁਲਮਾਂ ਦੀ ਮੂੰਹ ਬੋਲਦੀ ਤਸਵੀਰ ਹੈ। 


rajwinder kaur

Content Editor

Related News