ਦੇਸ਼ ’ਚ ਹਥਿਆਰਾਂ ਦੀ ਦੂਜੀ ਸਭ ਤੋਂ ਵੱਡੀ ਮੰਡੀ ਹੈ ਪੰਜਾਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ’ਤੇ ਨਜ਼ਰ

Wednesday, May 25, 2022 - 11:55 AM (IST)

ਜਲੰਧਰ (ਨਰਿੰਦਰ ਮੋਹਨ)– ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿੱਖਾਂ ਵੱਲੋਂ ਆਧੁਨਿਕ ਹਥਿਆਰ ਰੱਖਣ ਦੀ ਅਪੀਲ ਨੂੰ ਲੈ ਕੇ ਵਾਦ-ਵਿਵਾਦ ਬਰਕਰਾਰ ਹੈ, ਜੋ ਇਕ ਵੱਖਰਾ ਮੁੱਦਾ ਹੈ ਪਰ ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਵਿਚ ਲਾਇਸੈਂਸੀ ਹਥਿਆਰ ਰੱਖਣ ਵਾਲਿਆਂ ਦੀ ਇਕ ਵਾਰ ਫਿਰ ਚਰਚਾ ਹੋ ਰਹੀ ਹੈ। ਪੰਜਾਬ ਵਿਚ ਇਸ ਵੇਲੇ ਲਗਭਗ 5 ਲੱਖ ਲਾਇਸੈਂਸੀ ਹਥਿਆਰ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਪੰਜਾਬ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਸ ਕੋਲ ਹਥਿਆਰਾਂ ਦੀ ਗਿਣਤੀ ਸਵਾ ਲੱਖ ਤੋਂ ਕੁਝ ਜ਼ਿਆਦਾ ਹੈ। ਉਂਝ ਵੀ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੇਸ਼ ਵਿਚ ਦੂਜੇ ਨੰਬਰ ’ਤੇ ਹੈ ਜਿੱਥੇ ਲੋਕਾਂ ਕੋਲ ਸਭ ਤੋਂ ਜ਼ਿਆਦਾ ਹਥਿਆਰ ਹਨ ਅਤੇ ਉਹ ਵੀ ਆਧੁਨਿਕ। ਵਰਣਨਯੋਗ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਕ ਦਿਨ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਤਲਵਾਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਦੀ ਸਿਖਲਾਈ ਲੈਣ ਅਤੇ ਆਧੁਨਿਕ ਲਾਇਸੈਂਸੀ ਹਥਿਆਰ ਰੱਖਣ ਕਿਉਂਕਿ ਦੇਸ਼ ਦਾ ਅਤੇ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਦੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਜਪਾ ਨੇਤਾਵਾਂ ਨੇ ਆਲੋਚਨਾ ਕੀਤੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ’ਚ ਮੂਕ ਨਜ਼ਰ ਆਇਆ।

ਇਹ ਵੀ ਪੜ੍ਹੋ:  ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ ਸਰਪ੍ਰਸਤੀ, ਇੰਝ ਖੁੱਲ੍ਹਾ ਭੇਤ

ਦੇਸ਼ ਵਿਚ ਉੱਤਰ ਪ੍ਰਦੇਸ਼ ਅਜਿਹਾ ਸੂਬਾ ਹੈ ਜਿਸ ਕੋਲ 12 ਲੱਖ ਤੋਂ ਵੀ ਜ਼ਿਆਦਾ ਲਾਇਸੈਂਸੀ ਹਥਿਆਰ ਹਨ। ਦਿਲਚਸਪ ਗੱਲ ਇਹ ਹੈ ਕਿ ਭੂਗੋਲਿਕ ਤੌਰ ’ਤੇ ਉੱਤਰ ਪ੍ਰਦੇਸ਼ ਪੰਜਾਬ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਵੱਡਾ ਹੈ। ਇਸ ਮਾਮਲੇ ’ਚ ਪੰਜਾਬ ਦਾ ਨੰਬਰ ਦੂਜਾ ਹੈ, ਜਿੱਥੇ ਲਗਭਗ 5 ਲੱਖ ਲਾਇਸੈਂਸੀ ਹਥਿਆਰ ਹਨ। ਪਹਿਲਾਂ ਦੂਜਾ ਸਥਾਨ ਜੰਮੂ-ਕਸ਼ਮੀਰ ਦਾ ਸੀ, ਜਿਸ ਨੂੰ ਪੰਜਾਬ ਨੇ ਪਛਾੜ ਦਿੱਤਾ ਹੈ। ਇਸ ਸਾਲ ਫਰਵਰੀ ਵਿਚ ਹੋਰ ਸੂਬਿਆਂ ਦੇ ਨਾਲ ਹੀ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋਕਾਂ ਨੂੰ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਉਸ ਵੇਲੇ ਇਹ ਖ਼ੁਲਾਸਾ ਹੋਇਆ ਸੀ ਕਿ ਪੰਜਾਬ ਵਿਚ ਇੰਨੇ ਲਾਇਸੈਂਸੀ ਹਥਿਆਰ ਹਨ। ਇਹ ਗਿਣਤੀ ਸਿਰਫ਼ ਲਾਇਸੈਂਸੀ ਹਥਿਆਰਾਂ ਦੀ ਹੈ ਜਦੋਂਕਿ ਚੋਣਾਂ ਦੌਰਾਨ ਪੁਲਸ ਨੇ ਵੱਡੀ ਗਿਣਤੀ ’ਚ ਗ਼ੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਸਨ।

ਹਥਿਆਰਾਂ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਪੰਜਾਬ ਪੁਲਸ ਕੋਲ ਇੰਡੀਅਨ ਆਰਡੀਨੈਂਸ ਫੈਕਟਰੀ ਵਿਚ ਬਣੀਆਂ ਪਿਸਤੌਲਾਂ ਹਨ। ਪੰਜਾਬ ਵਿਚ ਅਜਿਹੇ ਲੋਕਾਂ ਦੀ ਗਿਣਤੀ ਵੀ ਕਾਫ਼ੀ ਹੈ, ਜਿਨ੍ਹਾਂ ਕੋਲ ਵਿਦੇਸ਼ਾਂ ਵਿਚ ਬਣੀ ਫੁਲੀ ਆਟੋਮੈਟਿਕ ਪਿਸਤੌਲ ਅਤੇ ਅਮਰੀਕਾ ਵਿਚ ਬਣੀ ਮੈਗਨਮ ਵਰਗੀ ਪਿਸਤੌਲ ਮੌਜੂਦ ਹੈ। ਇਹ ਪਿਸਤੌਲ ਇੰਨੀ ਜ਼ਬਰਦਸਤ ਹੈ ਕਿ ਦੂਰ ਤਕ ਤਾਂ ਮਾਰ ਕਰਦੀ ਹੀ ਹੈ, ਨਾਲ ਹੀ ਮਜ਼ਬੂਤ ਚੀਜ਼ਾਂ ਨੂੰ ਵੀ ਵਿੰਨ੍ਹ ਦਿੰਦੀ ਹੈ। ਹਥਿਆਰ ਰੱਖਣ ਦਾ ਸਭ ਤੋਂ ਜ਼ਿਆਦਾ ਸ਼ੌਕ ਪੰਜਾਬ ਦੇ ਮਾਲਵਾ ਖੇਤਰ ਦੇ ਲੋਕਾਂ ਨੂੰ ਹੈ। ਪੰਜਾਬ ਦੇ ਲੋਕ ਹਥਿਆਰਾਂ ਦਾ ਲਾਇਸੈਂਸ ਬਣਵਾਉਣ ਲਈ ਸਿਆਸਤਦਾਨਾਂ ਦੀ ਸਿਫ਼ਾਰਿਸ਼ ਦਾ ਵੀ ਸਹਾਰਾ ਲੈਂਦੇ ਹਨ। 10 ਸਾਲ ਪਹਿਲਾਂ ਫਿਰੋਜ਼ਪੁਰ ਵਿਚ ਜੋ ਅਸਲਾ ਲਾਇਸੈਂਸ ਕਾਂਡ ਦਾ ਪਰਦਾਫਾਸ਼ ਹੋਇਆ ਸੀ, ਉਸ ਵਿਚ ਵੀ ਇਹ ਗੱਲ ਸਪਸ਼ਟ ਹੋਈ ਸੀ ਕਿ ਮਾਲਵਾ ਖੇਤਰ ਦੇ ਲੋਕਾਂ ਦਾ ਕਰੇਜ਼ ਹਥਿਆਰ ਰੱਖਣ ਵੱਲ ਵਧਿਆ ਹੈ ਜਦੋਂਕਿ ਕਦੇ ਮਾਝਾ ਖੇਤਰ ਦਾ ਗੁਰਦਾਸਪੁਰ ਲਾਇਸੈਂਸੀ ਹਥਿਆਰ ਰੱਖਣ ’ਚ ਸਭ ਤੋਂ ਅੱਗੇ ਸੀ। ਹਥਿਆਰਾਂ ਵਿਚ ਜ਼ਿਆਦਾਤਰ ਨੌਜਵਾਨ 32 ਬੋਰ ਦਾ ਕਾਨਪੁਰੀ ਰਿਵਾਲਵਰ ਰੱਖਦੇ ਹਨ, ਜਿਸ ਦੀ ਕੀਮਤ 80 ਹਜ਼ਾਰ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ:  ਸਰਹੱਦੀ ਪਿੰਡਾਂ 'ਚ BSF ਦਾ ਸ਼ਲਾਘਾਯੋਗ ਉਪਰਾਲਾ, ਇੰਝ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ

ਲੋਕਾਂ ਨੇ ਹਥਿਆਰਾਂ ਦੀ ਵਰਤੋਂ ਸੂਬੇ ਜਾਂ ਰਾਸ਼ਟਰ ਦੇ ਹਿੱਤ ਵਿਚ ਕੀਤੀ ਹੋਵੇ ਜਾਂ ਫਿਰ ਸਮਾਜ ਦੇ ਹਿੱਤ ਵਿਚ, ਅਜਿਹੇ ਮਾਮਲੇ ਤਾਂ ਬੇਹੱਦ ਘੱਟ ਹਨ ਪਰ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਵਿਆਹ-ਸ਼ਾਦੀਆਂ ਵਿਚ ਅਤੇ ਖ਼ੁਸ਼ੀ ਦੇ ਮੌਕਿਆਂ ’ਤੇ ਫਾਇਰ ਦਾਗਣ ’ਚ ਹੋਈ ਹੈ, ਇਸ ਦੇ ਅਨੇਕਾਂ ਮਾਮਲੇ ਹਨ। ਪੰਜਾਬ ਦੇ ਪੇਂਡੂ ਖੇਤਰ ਵਿਚ ਜ਼ਮੀਨ ਜਾਂ ਸਿੰਚਾਈ ਪਾਣੀ ਦੇ ਵਿਵਾਦ ਨੂੰ ਲੈ ਕੇ ਹਥਿਆਰਾਂ ਦੀ ਵਰਤੋਂ ਦੇ ਮਾਮਲੇ ਵੀ ਬੇਸ਼ੁਮਾਰ ਹਨ, ਜਦੋਂਕਿ ਪੰਜਾਬੀ ਗਾਣਿਆਂ ਵਿਚ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਹਿੰਸਾ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ ਪਰ ਆਤਮ-ਰੱਖਿਆ ਵਿਚ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਘੱਟ ਹੀ ਵੇਖੀ ਗਈ ਹੈ। ਪਿਛਲੇ 2 ਮਹੀਨਿਆਂ ਤੋਂ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲੀਆਂ ਘਟਨਾਵਾਂ ਵੀ ਸਿੱਧੇ ਤੌਰ ’ਤੇ ਹਥਿਆਰਾਂ ਦੀ ਵਰਤੋਂ ਨਾਲ ਜੁਡ਼ੀਆਂ ਹਨ।

ਇਹ ਵੀ ਪੜ੍ਹੋ:  ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News