ਕਿਸਾਨਾਂ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Wednesday, Dec 27, 2017 - 07:35 AM (IST)

ਕਿਸਾਨਾਂ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਵੈਰੋਵਾਲ, (ਗਿੱਲ)- ਪੰਜਾਬ ਸਰਕਾਰ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੀਤੇ ਸੋਮਵਾਰ ਨੂੰ ਤਹਿਸੀਲ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਗਗੜੇਵਾਲ ਦਰਿਆ ਬਿਆਸ ਦੇ ਏਰੀਏ 'ਚ ਘੜਿਆਲ ਛੱਡਣ ਦਾ ਆਰੰਭ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ ਕੀਤਾ ਗਿਆ ਸੀ। ਸੂਬਾ ਸਰਕਾਰ ਅਤੇ ਸਬੰਧਤ ਵਿਭਾਗ ਵੱਲੋਂ ਵੱਖ-ਵੱਖ ਦਰਿਆਵਾਂ 'ਚ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੀ ਗਿਣਤੀ 'ਚ ਘੜਿਆਲ ਛੱਡਣ ਦੀ ਯੋਜਨਾ ਨੂੰ ਉਲੀਕਿਆ ਗਿਆ ਹੈ। ਸਰਕਾਰ ਦੇ ਇਸ ਫੈਸਲੇ ਦੇ ਕੁੱਝ ਘੰਟਿਆਂ ਬਾਅਦ ਹੀ ਦਰਿਆ ਬਿਆਸ ਦੇ ਨਾਲ ਲੱਗਦੇ ਪਿੰਡ ਜਲਾਲਾਬਾਦ ਵਿਖੇ ਇਲਾਕੇ ਦੇ ਕਿਸਾਨਾਂ ਵੱਲੋਂ ਇਕ ਵਿਸ਼ਾਲ ਇਕੱਠ ਜ਼ੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਸੂਬੇ ਦੀ ਕੈਪਟਨ ਸਰਕਾਰ ਅਤੇ ਸਬੰਧਤ ਮਹਿਕਮੇ ਦਾ ਪੁਤਲਾ ਫੂਕਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਸਬੰਧਤ ਮਹਿਕਮੇ ਨੇ ਇਹ ਘੜਿਆਲ ਚੋਰੀ ਛੁਪੇ ਦਰਿਆ 'ਚ ਛੱਡ ਕੇ ਇਲਾਕੇ ਦੇ ਲੋਕਾਂ ਨਾਲ ਧੋਖੇਬਾਜ਼ੀ ਕੀਤੀ ਹੈ। ਮੌਜੂਦਾ ਸਮੇਂ ਅੰਦਰ ਦਰਿਆ ਦੇ ਰਕਬੇ ਅਧੀਨ ਕਿਸਾਨਾਂ ਦੀ ਵੱਡੀ ਪੱਧਰ 'ਤੇ ਮਾਲਕੀ ਜ਼ਮੀਨ ਵੀ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੂਬਾ ਸਰਕਾਰ ਨੇ ਇਸ ਦਰਿਆ ਵਿਚ ਘੜਿਆਲ ਛੱਡਣੇ ਹਨ ਤਾਂ ਪਹਿਲਾਂ ਬਾਜ਼ਾਰੀ ਰੇਟ 'ਤੇ ਕਿਸਾਨਾਂ ਕੋਲੋਂ ਜ਼ਮੀਨ ਖਰੀਦੇ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨ ਜਥੇਬੰਦੀ ਸੂਬਾ ਸਰਕਾਰ ਅਤੇ ਵਣ ਵਿਭਾਗ ਨੂੰ ਇਸ ਦਰਿਆ 'ਚ ਘੜਿਆਲ ਨਹੀਂ ਛੱਡਣ ਦੇਵੇਗੀ ਕਿਉਂਕਿ ਜੋ ਕਿਸਾਨ ਨਿੱਤ ਦਰਿਆ ਪਾਰ ਕਰ ਕੇ ਆਪਣੀਆਂ ਜ਼ਮੀਨਾਂ ਵਿਚ ਖੇਤੀ ਕਰਦੇ ਹਨ, ਘੜਿਆਲ ਛੱਡਣ ਨਾਲ ਸਹਿਮ ਗਏ ਹਨ। 
ਉਨ੍ਹਾਂ ਕਿਹਾ ਕਿ ਸਰਕਾਰ ਇਹ ਘੜਿਆਲ ਛੱਢਣ ਦਾ ਫੈਸਲੇ ਨੂੰ ਬਦਲ ਲਵੇ ਨਹੀਂ ਤਾਂ ਜਥੇਬੰਦੀ ਵੱਲੋਂ ਸਰਕਾਰ ਤੇ ਸਬੰਧਤ ਮਹਿਕਮੇ ਖਿਲਾਫ ਪੰਜਾਬ ਪੱਧਰ 'ਤੇ ਇਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਿਰਫ ਪੰਜਾਬ ਸਰਕਾਰ ਤੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਮੀਡੀਆ ਇੰਚਾਰਜ ਇਕਬਾਲ ਸਿੰਘ ਵੜਿੰਗ, ਮਨਜੀਤ ਸਿੰਘ ਵੜਿੰਗ, ਗੁਰਦੀਪ ਸਿੰਘ ਪੁਰੇਵਾਲ, ਸਤਨਾਮ ਸਿੰਘ, ਸੰਪੂਰਨ ਸਿੰਘ, ਬਲਕਾਰ ਸਿੰਘ, ਇਕਬਾਲ ਸਿੰਘ, ਰੂਪ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਅਕਾਸ਼ਦੀਪ ਸਿੰਘ, ਬਾਪੂ ਪ੍ਰੀਤਮ ਸਿੰਘ, ਰਾਜ ਕੁਮਾਰ, ਕਾਬਲ ਸਿੰਘ, ਕਸ਼ਮੀਰ ਸਿੰਘ ਤੇ ਰੇਸ਼ਮ ਸਿੰਘ ਆਦਿ ਕਿਸਾਨ ਮੌਜੂਦ ਸਨ।


Related News