ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 243 ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ

06/25/2020 3:02:08 AM

ਜਲੰਧਰ,(ਬਿਊਰੋ) : ਪੰਜਾਬ 'ਚ ਕੋਰੋਨਾ ਦੀ ਸ਼ੁਰੂਆਤ 'ਚ ਪੰਜਾਬ ਦੇ ਜਿਸ ਮਾਲਵਾ ਖੇਤਰ 'ਚ ਇਸ ਵਾਇਰਸ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਸਨ, ਉਥੇ ਹੀ ਹੁਣ ਹਾਲਾਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ। ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ 243 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 164 ਮਾਮਲੇ ਮਾਲਵਾ ਤੋਂ ਹਨ। ਮਾਲਵਾ 'ਚ ਸੰਗਰੂਰ 'ਚ ਬੁੱਧਵਾਰ ਨੂੰ ਕੋਰੋਨਾ ਨਾਲ 2 ਲੋਕਾਂ ਦੀ ਮੌਤ ਵੀ ਹੋ ਗਈ ਜਦਕਿ ਇਕ ਮਰੀਜ਼ ਨੇ ਅੰਮ੍ਰਿਤਸਰ ਅਤੇ ਇਕ ਮਰੀਜ਼ ਨੇ ਕਪੂਰਥਲਾ 'ਚ ਦਮ ਤੋੜ ਦਿੱਤਾ। ਮਾਲਵਾ 'ਚ ਸਭ ਤੋਂ ਜ਼ਿਆਦਾ 83 ਮਾਮਲੇ ਸੰਗਰੂਰ 'ਚੋਂ ਸਾਹਮਣੇ ਆਏ ਜਦਕਿ 33 ਮਾਮਲਿਆਂ ਦੇ ਨਾਲ ਮੁਕਤਸਰ ਦੂਜੇ ਅਤੇ 26 ਮਾਮਲਿਆਂ ਦੇ ਨਾਲ ਲੁਧਿਆਣਾ ਤੀਜੇ ਨੰਬਰ 'ਤੇ ਰਿਹਾ। ਇਸ ਦੇ ਇਲਾਵਾ ਮਾਲਵਾ 'ਚ ਹੀ ਬਠਿੰਡਾ 'ਚ 6, ਮੋਹਾਲੀ 'ਚ 5, ਫਿਰੋਜ਼ਪੁਰ 'ਚ 4, ਰੋਪੜ 'ਚ 3, ਫਰੀਦਕੋਟ 'ਚ 2 ਅਤੇ ਫਤਿਹਗੜ੍ਹ ਸਾਹਿਬ ਤੇ ਮੋਗਾ 'ਚ 1-1 ਮਾਮਲੇ ਸਾਹਮਣੇ ਆਏ ਹਨ।

ਉਧਰ ਦੋਆਬਾ 'ਚ ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਬੁੱਧਵਾਰ ਨੂੰ ਵੀ ਜਲੰਧਰ 'ਚ ਕੋਰੋਨਾ ਦੇ 46 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਦਕਿ ਕਪੂਰਥਲਾ 'ਚ 9, ਨਵਾਂਸ਼ਹਿਰ 'ਚ 1 ਅਤੇ ਹੁਸ਼ਿਆਰਪੁਰ 'ਚ 2 ਮਾਮਲੇ ਸਾਹਮਣੇ ਆਏ। ਮਾਝਾ ਦੇ ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 13 ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ ਗੁਰਦਾਸਪੁਰ 'ਚ ਸਿਰਫ 1 ਮਾਮਲਾ ਸਾਹਮਣੇ ਆਇਆ।

ਇਕ ਮਹੀਨੇ 'ਚ 1.94 ਲੱਖ ਟੈਸਟ, 73 ਮੌਤਾਂ
ਕੋਰੋਨਾ ਦੇ ਵੱਧਦੇ ਪ੍ਰਭਾਵ ਵਿਚਾਲੇ ਪੰਜਾਬ 'ਚ ਟੈਸਟ ਕਰਵਾਉਣ ਦੀ ਰਫਤਾਰ ਵੀ ਤੇਜ਼ ਹੋਈ ਹੈ। 24 ਮਈ ਤਕ ਪੰਜਾਬ 'ਚ 66142 ਟੈਸਟ ਹੋਏ ਸਨ ਜੋ 24 ਜੂਨ ਨੂੰ ਵੱਧ ਕੇ 260857 ਹੋ ਗਈ। ਇਸ ਲਿਹਾਜ ਨਾਲ ਪੰਜਾਬ 'ਚ ਪਿਛਲੇ ਇਕ ਮਹੀਨੇ 'ਚ 1.94 ਲੱਖ ਟੈਸਟ ਹੋਏ ਹਨ। 24 ਮਈ ਨੂੰ ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਸੀ ਜੋ ਹੁਣ ਵੱਧ ਕੇ 113 ਹੋ ਗਈ ਹੈ। ਇਸ ਲਿਹਾਜ ਤੋਂ ਪਿਛਲੇ ਇਕ ਮਹੀਨੇ 'ਚ 73 ਲੋਕਾਂ ਦੀ ਜਾਨ ਕੋਰੋਨਾ ਦੇ ਕਾਰਣ ਗਈ ਹੈ। ਇਸ ਦੌਰਾਨ ਪੰਜਾਬ 'ਚ ਕੋਰੋਨਾ ਨਾਲ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ। 24 ਮਈ ਨੂੰ 1898 ਮਰੀਜ਼ ਕੋਰੋਨਾ ਤੋਂ ਜਿੱਤ ਕੇ ਠੀਕ ਹੋਏ ਸਨ ਜੋ ਹੁਣ ਵੱਧ ਕੇ 3099 ਹੋ ਚੁਕੇ ਹਨ।
 


Deepak Kumar

Content Editor

Related News