ਡਿੱਗਦੇ ਪਾਰੇ ਨੇ ਹੌਜਰੀ ਉਦਯੋਗ ਦਾ ਇਕ ਹਫ਼ਤੇ ''ਚ ਕਲੀਅਰ ਕਰਵਾਇਆ ਸਾਰਾ ਸਟਾਕ

Friday, Jan 19, 2024 - 12:45 PM (IST)

ਡਿੱਗਦੇ ਪਾਰੇ ਨੇ ਹੌਜਰੀ ਉਦਯੋਗ ਦਾ ਇਕ ਹਫ਼ਤੇ ''ਚ ਕਲੀਅਰ ਕਰਵਾਇਆ ਸਾਰਾ ਸਟਾਕ

ਲੁਧਿਆਣਾ (ਧੀਮਾਨ) : ਉੱਤਰੀ ਭਾਰਤ 'ਚ 4 ਡਿਗਰੀ ਤੱਕ ਪੁੱਜੇ ਪਾਰੇ ਨੇ ਹੌਜਰੀ ਉਦਯੋਗ 'ਚ ਗਰਮੀ ਲਿਆ ਦਿੱਤੀ ਹੈ। ਜਿਸ ਮਾਲ ਦੀ 15 ਦਿਨ ਪਹਿਲਾਂ ਤੱਕ ਡੰਪ ਹੋਣ ਦੀ ਨੌਬਤ ਸੀ, ਉਹ ਹੁਣ ਰਿਟੇਲਰ ਵਲੋਂ ਦੁਬਾਰਾ ਆਪਣੀਆਂ ਦੁਕਾਨਾਂ 'ਤੇ ਵੇਚਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਇਕ ਹੀ ਹਫ਼ਤੇ 'ਚ ਰਿਟੇਲਰਾਂ ਨੇ ਵੀ ਆਪਣੇ ਕਾਊਂਟਰ ਖ਼ਾਲੀ ਕਰ ਦਿੱਤੇ ਹਨ। ਪਤਾ ਲੱਗਿਆ ਹੈ ਕਿ ਜੋ ਮੈਨੂਫੈਕਚਰਰ ਠੰਡ ਨਾ ਪੈਣ ਕਾਰਨ ਸੁਸਤੀ 'ਚ ਆ ਗਏ ਸਨ, ਉਨ੍ਹਾਂ 'ਚ ਹੁਣ ਇਕਦਮ ਜਾਨ ਆ ਗਈ ਹੈ।

ਕੁੱਝ ਮੈਨੂਫੈਕਚਰਰਾਂ ਨੇ ਤਾਂ ਦੁਬਾਰਾ ਤੋਂ ਉਤਪਾਦਨ ਕਰਕੇ ਮਾਲ ਨੂੰ ਆਪਣੇ ਰਿਟੇਲਰਾਂ ਤੱਕ ਪਹੁੰਚਾ ਦਿੱਤਾ ਹੈ ਪਰ ਮੁਨਾਫ਼ੇ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਵਾਰ ਕਾਫ਼ੀ ਘੱਟ ਦਿਖਾਈ ਦੇ ਰਿਹਾ ਹੈ। ਇਸ ਦੇ ਪਿੱਛੇ ਕਾਰਨ ਸਮੇਂ 'ਤੇ ਸਰਦੀ ਨਾ ਆਉਣਾ ਮੰਨਿਆ ਜਾ ਰਿਹਾ ਹੈ। ਮਾਲ ਡੰਪ ਨਾ ਹੋ ਜਾਵੇ, ਇਸ ਡਰ ਤੋਂ ਮੈਨੂਫੈਕਚਰਰਾਂ ਨੇ ਰਿਟੇਲਰਾਂ ਨੂੰ ਡਿਸਕਾਊਂਟ ਦੇ ਕੇ ਉਨ੍ਹਾਂ ਨੂੰ ਮਾਲ ਵੇਚਣ ਦੀ ਅਪੀਲ ਕੀਤੀ।

ਜਿਨ੍ਹਾਂ ਰਿਟੇਲਰਾਂ ਨੇ ਠੰਡ ਨਾ ਪੈਣ ਦਾ ਕਾਰਨ ਦੱਸਦੇ ਹੋਏ ਮਾਲ ਵਾਪਸ ਭੇਜਣਾ ਸ਼ੁਰੂ ਕੀਤਾ ਸੀ, ਉਨ੍ਹਾਂ ਨੂੰ ਵੀ ਮੈਨੂਫੈਕਚਰਰਾਂ ਨੇ ਡਿਸਕਾਊਂਟ ਦਿੱਤੇ ਤਾਂ ਜੋ ਮਾਲ ਦੁਬਾਰਾ ਉਨ੍ਹਾਂ ਤੱਕ ਨਾ ਪੁੱਜੇ ਅਤੇ ਮਾਲ ਨੂੰ ਡੰਪ ਹੋਣ ਤੋਂ ਬਚਾਇਆ ਜਾ ਸਕੇ। ਕਾਰੋਬਾਰੀ ਇਸ ਗੱਲ ਤੋਂ ਖ਼ੁਸ਼ ਹਨ ਕਿ ਮਾਲ ਡੰਪ ਨਹੀਂ ਹੋਇਆ ਪਰ ਉਹ ਪਰੇਸ਼ਾਨ ਵੀ ਕਾਫ਼ੀ ਹਨ ਕਿਉਂਕਿ ਜੋ ਕਮਾਈ ਉਹ ਇਸ ਸੀਜ਼ਨ 'ਚ ਕਰਨਾ ਚਾਹੁੰਦੇ ਸਨ, ਉਹ ਨਹੀਂ ਹੋ ਸਕੀ।
 


author

Babita

Content Editor

Related News