ਪੰਜਾਬ ਨੂੰ 2020 ਤੱਕ 30 ਅਰਬ ਡਾਲਰ ਤੱਕ ਦੇ ਨਿਵੇਸ਼ ਦੀ ਉਮੀਦ
Tuesday, Mar 26, 2019 - 04:23 PM (IST)

ਸਿੰਗਾਪੁਰ — ਪੰਜਾਬ ਸਰਕਾਰ ਸੂਬੇ ਦੇ ਉਦਯੋਗੀਕਰਨ ਪ੍ਰੋਗਰਾਮ ਦੇ ਤਹਿਤ ਅਗਲੇ ਵਿੱਤ ਸਾਲ ਵਿਚ 30 ਅਰਬ ਡਾਲਰ ਦੇ ਨਿਵੇਸ਼ ਦੇ ਟੀਚਿਆਂ ਵੱਲ ਵਧ ਰਹੀ ਹੈ। ਸੂਬੇ ਨੇ ਹੁਣ ਤੱਕ 5.6 ਅਰਬ ਡਾਲਰ ਦੇ ਨਿਵੇਸ਼ ਦਾ ਟੀਚਾ ਹਾਸਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਨਿਵੇਸ਼ ਨਿਗਮ ਦੇ ਸਲਾਹਕਾਰ ਬੀ. ਐੱਸ. ਕੋਹਲੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ 10 ਅਰਬ ਡਾਲਰ ਦਾ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਇਸ ਦੇ ਨਾਲ ਉਨ੍ਹਾਂ ਨੇ 2020 ਦੇ ਨਿਵੇਸ਼ ਟੀਚਿਆਂ ਲਈ ਵੀ ਆਪਣੀ ਉਮੀਦ ਪ੍ਰਗਟਾਈ। ਉਨ੍ਹਾਂ ਨੇ ਕਿਹਾ, 'ਅਸੀਂ ਸਹਿਮਤੀ ਮੈਮੋਰੰਡਮ ਬਾਰੇ ਗੱਲ ਨਹੀਂ ਕਰਦੇ ਹਾਂ। ਇਕ ਸਰਕਾਰ ਹੋਣ ਦੇ ਨਾਤੇ ਅਸੀਂ ਸਿਰਫ ਉਨ੍ਹਾਂ ਪ੍ਰੋਜੈਕਟਾਂ ਦਾ ਐਲਾਨ ਕਰਦੇ ਹਾਂ ਜਿਨ੍ਹਾਂ ਲਈ ਸਮਝੌਤੇ 'ਤੇ ਦਸਤਖਤ ਕਰ ਲਏ ਗਏ ਹਨ ਅਤੇ ਨਿਵੇਸ਼ ਜ਼ਮੀਨ 'ਤੇ ਦਿਖਾਈ ਦੇ ਰਿਹਾ ਹੈ।' ਪਿਛਲੇ 23 ਮਹੀਨਿਆਂ ਵਿਚ 5.6 ਅਰਬ ਡਾਲਰ ਇਕੱਠੇ ਕਰ ਲਏ ਗਏ ਹਨ।
ਇਸ ਵਿਚ ਕਾਫੀ ਵੱਡਾ ਹਿੱਸਾ ਸੰਯੁਕਤ ਅਰਬ ਅਮੀਰਾਤ-ਪੰਜਾਬ ਸੰਮੇਲਨ ਦੇ ਨਤੀਜੇ ਵਜੋਂ ਪ੍ਰਾਪਤ ਹੋਇਆ ਹੈ। ਇਸ ਕਾਨਫਰੰਸ ਦਾ ਆਯੋਜਨ ਹਾਲ ਹੀ ਵਿਚ ਹੋਇਆ ਸੀ। ਅਮੀਰਾਤ ਦੀਆਂ 9 ਕੰਪਨੀਆਂ ਨੇ ਪੰਜਾਬ ਵਿਚ ਪ੍ਰਾਜੈਕਟਾਂ ਨੂੰ ਸਥਾਪਤ ਕਰਨ ਲਈ ਵਚਨਬੱਧਤਾ ਜ਼ਾਹਰ ਕੀਤੀ ਹੈ। ਇਨ੍ਹਾਂ ਵਿਚੋਂ ਡੀ.ਪੀ. ਵਰਲਡ, ਪਠਾਨਕੋਟ ਲੋਜਿਸਟਿਕ ਕੇਂਦਰ ਯੋਜਨਾ ਵਿਚ ਆ ਰਹੀ ਹੈ।
ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੂਜੇ ਸਿੰਗਾਪੁਰ-ਪੰਜਾਬ ਕਾਨਫਰੰਸ ਦਾ ਆਯੋਜਨ ਕਰਨ ਜਾ ਰਹੀ ਹੈ। ਪ੍ਰਾਜੈਕਟ ਦੀ ਪੇਸ਼ਕਾਰੀ ਦੇ ਨਾਲ-ਨਾਲ ਨਿਵੇਸ਼ਕਾਂ ਨਾਲ ਇਕ ਬੈਠਕ ਹੋਵੇਗੀ। ਇਹ ਕਾਨਫਰੰਸ ਇਸ ਸਾਲ ਜੂਨ ਵਿਚ ਹੋਣ ਦੀ ਉਮੀਦ ਹੈ।
ਇਸੇ ਸਾਲ ਤੀਜੀ ਜਰਮਨ-ਪੰਜਾਬ ਕਾਨਫਰੰਸ ਵੀ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਆਪਣੇ ਮਜ਼ਬੂਤ ਖੇਤੀਬਾੜੀ ਖੇਤਰ ਵਿਚ ਉਦਯੋਗਾਂ ਨੂੰ ਵੀ ਸ਼ਾਮਲ ਕਰਨ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਪੈਦਾ ਕੀਤੇ ਜਾ ਸਕਣ। ਕੋਹਲੀ ਨੇ ਕਿਹਾ ਕਿ ਅਸੀਂ ਦੂਜੇ ਭਾਰਤੀ ਸੂਬਿਆਂ ਨਾਲ ਮੁਕਾਬਲਾ ਨਹੀਂ ਕਰ ਰਹੇ ਅਸੀਂ ਦੂਜੇ ਖੇਤਰ ਦੀ ਦੌੜ ਵਿਚ ਹਾਂ।' ਉਨ੍ਹਾਂ ਨੇ ਇਸ ਸਬੰਧ ਵਿਚ ਇਕ ਦੇ ਨਾਲ ਇਕ ਬੈਠਕ ਅਤੇ ਆਹਮੋ-ਸਾਹਮਣੇ ਦੀ ਗੱਲਬਾਤ ਵਾਲੇ ਸੰਮੇਲਨ ਦਾ ਜ਼ਿਕਰ ਕੀਤਾ। ਇਸ ਵਿਚ ਕਿਸੇ ਇਕ ਦੇਸ਼ ਦੇ ਨਾਲ ਦੂਜੇ ਦੇਸ਼ ਦੇ ਨਿਵੇਸ਼ਕਾਂ ਦੀ ਗੱਲਬਾਤ ਕਰਵਾਈ ਜਾਂਦੀ ਹੈ।