ਪੰਜਾਬ ''ਚ Highway ਹੋਇਆ ਜਾਮ, ਵਾਹਨਾਂ ਸਣੇ ਫਸ ਗਏ ਲੋਕ

Friday, Jan 03, 2025 - 01:42 PM (IST)

ਪੰਜਾਬ ''ਚ Highway ਹੋਇਆ ਜਾਮ, ਵਾਹਨਾਂ ਸਣੇ ਫਸ ਗਏ ਲੋਕ

ਮਾਛੀਵਾੜਾ ਸਾਹਿਬ (ਟੱਕਰ) : ਰੋਪੜ ਤੋਂ ਲੈ ਕੇ ਨੀਲੋਂ ਤੱਕ ਵਗਦੀ ਸਰਹਿੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ 'ਚ ਕਿਸਾਨ ਜੱਥੇਬੰਦੀਆਂ ਅਤੇ ਲੋਕਾਂ ਵਲੋਂ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਗੜ੍ਹੀ ਪੁਲ ’ਤੇ ਚੱਕਾ ਜਾਮ ਕਰ ਦਿੱਤਾ ਗਿਆ। ਇਸ ਕਾਰਨ ਖੰਨਾ ਤੋਂ ਜੰਮੂ ਅਤੇ ਰੋਪੜ ਤੋਂ ਲੁਧਿਆਣਾ ਸੜਕੀ ਆਵਾਜਾਈ ਠੱਪ ਰਹੀ। ਕਿਸਾਨ ਜੱਥੇਬੰਦੀਆਂ ਸਵੇਰੇ 11 ਵਜੇ ਗੜ੍ਹੀ ਪੁਲ ’ਤੇ ਧਰਨਾ ਲਗਾ ਕੇ ਬੈਠ ਗਈਆਂ ਅਤੇ ਭਾਰੀ ਗਿਣਤੀ ’ਚ ਲੋਕ ਵੀ ਸਮਰਥਨ ਵਿਚ ਆਏ। ਲੋਕਾਂ ਨੇ ਕਿਹਾ ਕਿ ਸਰਹਿੰਦ ਨਹਿਰ ਪੱਕੀ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਡਿੱਗ ਜਾਵੇਗਾ, ਜਿਸ ਨਾਲ ਸਾਡੀਆਂ ਫ਼ਸਲਾਂ ਪ੍ਰਭਾਵਿਤ ਹੋਣਗੀਆਂ। ਪ੍ਰਸਾਸ਼ਨ ਨੂੰ ਅੱਜ ਪਤਾ ਸੀ ਕਿ ਕਿਸਾਨ ਜੱਥੇਬੰਦੀਆਂ ਨੇ ਧਰਨਾ ਲਗਾਉਣਾ ਹੈ, ਜਿਸ ’ਤੇ ਅੱਜ ਉੱਚ ਅਧਿਕਾਰੀ ਜਿਸ 'ਚ ਵਧੀਕ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ. ਸਮਰਾਲਾ ਰਜਨੀਸ਼ ਅਰੋੜਾ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਠੰਡ ਦੌਰਾਨ ਵੱਡੇ ਖ਼ਤਰੇ ਦੀ ਘੰਟੀ! ਬੇਹੱਦ ਸਾਵਧਾਨ ਰਹਿਣ ਦੀ ਲੋੜ

ਉਨ੍ਹਾਂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਨਹਿਰ 'ਚ ਪਾਣੀ ਦੀ ਸਮਰੱਥਾ ਵਧਾਉਣ ਲਈ ਇਸ ਨੂੰ ਚੌੜਾ ਅਤੇ ਕੁੱਝ ਥਾਵਾਂ ’ਤੇ ਪੱਕਾ ਕੀਤਾ ਜਾ ਰਿਹਾ ਹੈ। ਇਸ ਨਾਲ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਕਿਸਾਨ ਜੱਥੇਬੰਦੀਆਂ ਤੇ ਲੋਕ ਇਸ ਗੱਲ ’ਤੇ ਅੜੇ ਰਹੇ ਕਿ ਨਹਿਰ ਨੂੰ ਪੱਕਾ ਕਰਨ ਦਾ ਜੋ ਕੰਮ ਹੈ, ਉਹ ਰੁਕਵਾਇਆ ਜਾਵੇ, ਉਸ ਤੋਂ ਬਾਅਦ ਹੀ ਉਹ ਧਰਨਾ ਖੋਲ੍ਹਣਗੇ। ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਜੋ ਮਸ਼ੀਨਾਂ ਨਹਿਰ ਨੂੰ ਚੌੜਾ ਕਰਨ ਦਾ ਕੰਮ ਕਰ ਰਹੀਆਂ ਸਨ, ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਸ਼ਾਮ ਨੂੰ 3.30 ਵਜੇ ਮੀਟਿੰਗ ਦਾ ਸੱਦਾ ਦਿੱਤਾ ਗਿਆ। ਕਿਸਾਨਾਂ ਵਲੋਂ ਫਿਲਹਾਲ ਸੜਕ ਦਾ ਜਾਮ ਖੋਲ੍ਹ ਦਿੱਤਾ ਗਿਆ ਹੈ ਅਤੇ ਗੜ੍ਹੀ ਪੁਲ ਸੜਕ ਕਿਨਾਰੇ ਰੋਸ ਪ੍ਰਦਰਸ਼ਨ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 4 ਤੋਂ 6 ਜਨਵਰੀ ਨੂੰ ਲੈ ਕੇ ਹੋ ਗਈ ਭਵਿੱਖਬਾਣੀ, ਇਨ੍ਹਾਂ ਇਲਾਕਿਆਂ ਲਈ ਚਿਤਾਵਨੀ

ਕਿਸਾਨ ਆਗੂਆਂ ਨੇ ਦੱਸਿਆ ਕਿ ਜੇਕਰ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਦੁਬਾਰਾ ਚੱਕਾ ਜਾਮ ਕੀਤਾ ਜਾਵੇਗਾ ਪਰ ਉਹ ਨਹਿਰ ਨੂੰ ਕਿਸੇ ਵੀ ਹਾਲਤ 'ਚ ਪੱਕਾ ਨਹੀਂ ਹੋਣ ਦੇਣਗੇ। ਦੂਜੇ ਪਾਸੇ ਐੱਸ. ਡੀ. ਐੱਮ. ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਕਿਸਾਨ ਜੱਥੇਬੰਦੀਆਂ ਨੂੰ ਸਮਝਾਇਆ ਜਾਵੇਗਾ ਕਿ ਨਹਿਰ ਪੱਕਾ ਹੋਣ ਦਾ ਕੋਈ ਨੁਕਸਾਨ ਨਹੀਂ। ਸਾਨੂੰ ਪੂਰੀ ਆਸ ਹੈ ਕਿ ਇਸ ਸਮੱਸਿਆ ਦਾ ਹੱਲ ਨਿਕਲ ਆਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਜਦੋਂ ਤੱਕ ਕੋਈ ਸਿੱਟਾ ਨਹੀਂ ਨਿਕਲਦਾ, ਉਦੋਂ ਤੱਕ ਨਹਿਰ ਪੱਕੀ ਕਰਨ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਅੱਜ ਧਰਨੇ ’ਚ ਪਰਮਜੀਤ ਸਿੰਘ ਢਿੱਲੋਂ, ਹਰਜਤਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਭੱਟੀਆਂ, ਹਰਦੀਪ ਸਿੰਘ ਗਿਆਸਪੁਰਾ, ਮਨਜੀਤ ਸਿੰਘ ਢੀਂਡਸਾ ਵੀ ਮੌਜੂਦ ਸਨ।
ਸੜਕ ਜਾਮ ਕਾਰਨ ਲੋਕ ਹੋਏ ਪਰੇਸ਼ਾਨ, ਕਿਸਾਨ ਜੱਥੇਬੰਦੀਆਂ ਨੇ ਮੰਗੀ ਮੁਆਫ਼ੀ
ਅੱਜ ਕਿਸਾਨਾਂ ਵਲੋਂ ਖੰਨਾ-ਜੰਮੂ ਅਤੇ ਰੋਪੜ-ਲੁਧਿਆਣਾ ਮਾਰਗ ’ਤੇ ਚੱਕਾ ਜਾਮ ਕਰਨ 'ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਰ-ਦੁਰਾਡੇ ਤੋਂ ਆਏ ਲੋਕ ਆਪਣੇ ਵਾਹਨਾਂ ਸਮੇਤ ਫਸੇ ਦਿਖਾਈ ਦਿੱਤੇ। ਬੇਸ਼ੱਕ ਪੁਲਸ ਨੇ ਬਦਲਵੇਂ ਪ੍ਰਬੰਧ ਕੀਤੇ ਹੋਏ ਸਨ ਪਰ ਲੋਕਾਂ ਨੂੰ ਇਸ ਸਬੰਧੀ ਵੱਡੀ ਪਰੇਸ਼ਾਨੀ ਆਈ। ਕਿਸਾਨ ਜੱਥੇਬੰਦੀਆਂ ਨੇ ਸੜਕ ਜਾਮ ਕਾਰਨ ਆਈ ਪਰੇਸ਼ਾਨੀ ’ਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਇਹ ਸਾਡੀਆਂ ਫ਼ਸਲਾਂ ਤੇ ਨਸਲਾਂ ਦਾ ਸਵਾਲ ਹੈ। ਜੇਕਰ ਇਹ ਨਹਿਰ ਪੱਕੀ ਹੋ ਜਾਂਦੀ ਹੈ ਤਾਂ ਇਸ ਦਾ ਖਾਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News