ਪੰਜਾਬ ਸਿਹਤ ਸੰਭਾਲ ਖੇਤਰ ''ਚ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਨ ਵਾਲਾ ਪਹਿਲਾ ਸੂਬਾ

Saturday, Nov 23, 2019 - 12:02 AM (IST)

ਪੰਜਾਬ ਸਿਹਤ ਸੰਭਾਲ ਖੇਤਰ ''ਚ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਨ ਵਾਲਾ ਪਹਿਲਾ ਸੂਬਾ

ਮੋਹਾਲੀ,(ਨਿਆਮੀਆਂ): ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਹੜਾ ਸੀ-ਡੈੱਕ ਦੀ ਮਦਦ ਨਾਲ ਸਿਹਤ ਸੰਭਾਲ ਖੇਤਰ 'ਚ ਸੂਚਨਾ ਟੈਕਨਾਲੋਜੀ (ਆਈ. ਟੀ.) ਦੀ ਵਰਤੋਂ ਕਰ ਰਿਹਾ ਹੈ। ਇਹ ਖੁਲਾਸਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੈਂਟਰ ਫਾਰ ਡਿਵੈੱਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (ਸੀ-ਡੈੱਕ) ਮੋਹਾਲੀ 'ਚ ਨੈੱਟਵਰਕ ਤੇ ਕੰਪਿਊਟਿੰਗ ਤਕਨਾਲੋਜੀ 'ਚ ਭਵਿੱਖੀ ਰੁਝਾਨਾਂ ਬਾਰੇ ਕਰਵਾਈ ਜਾ ਰਹੀ ਦੋ ਦਿਨਾ ਦੂਜੀ ਕੌਮਾਂਤਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਡਿਜੀਟਲ ਪੰਜਾਬ ਵਿਜ਼ਨ ਉਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਕਾਨਫਰੰਸ ਨਵੇਂ ਰੁਝਾਨਾਂ ਤੇ ਤਕਨਾਲੋਜੀਆਂ ਬਾਰੇ ਹੈ।
ਇਸ ਕਾਨਫਰੰਸ ਵਿਚ ਕੌਮਾਂਤਰੀ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਰੇ ਖੇਤਰਾਂ ਵਿਚ ਸੂਚਨਾ ਟੈਕਨਾਲੋਜੀ ਦੀ ਵਰਤੋਂ ਦੇ ਸੂਬਾ ਸਰਕਾਰ ਦੇ ਏਜੰਡੇ ਨੂੰ ਲਾਗੂ ਕਰਨ ਦਾ ਸਿਹਰਾ ਸੀ-ਡੈੱਕ ਮੋਹਾਲੀ ਨੂੰ ਜਾਂਦਾ ਹੈ। ਸੂਬੇ ਦੇ 23 ਹਸਪਤਾਲਾਂ ਵਿਚ ਪਿਛਲੇ 15 ਸਾਲਾਂ ਤੋਂ ਸੀ-ਡੈੱਕ ਟੈਲੀਮੈਡੀਸਨਜ਼ ਦੀ ਵਰਤੋਂ ਹੋ ਰਹੀ ਹੈ। ਸਿਹਤ ਸੰਭਾਲ ਖੇਤਰ ਵਿਚ ਆਈ. ਟੀ. ਏਜੰਡਾ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਖੇਤਰ ਵਿਚ ਆਈ. ਟੀ. ਦੀ ਭੂਮਿਕਾ ਜਲਦੀ ਹੀ ਨਵੇਂ ਦਿਸਹੱਦੇ ਖੋਲ੍ਹੇਗੀ ਅਤੇ ਸੂਬੇ ਦੇ ਕਈ ਹਸਪਤਾਲਾਂ ਦੇ ਕੰਪਿਊਟਰੀਕਰਨ ਵਿਚ ਆਉਂਦੇ ਅੜਿੱਕੇ ਦੂਰ ਕਰ ਦਿੱਤੇ ਗਏ ਹਨ।

ਕਾਨਫਰੰਸ ਦੌਰਾਨ ਕਾਰਜਕਾਰੀ ਡਾਇਰੈਕਟਰ ਸੀ-ਡੈੱਕ ਡਾ. ਪੀ. ਕੇ. ਖੋਸਲਾ ਨੇ ਸੀ-ਡੈੱਕ ਦੀਆਂ ਰੋਬੋਟਿਕਸ, ਕੁਆਂਟਮ ਕੰਪਿਊਟਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਟੈਲੀਮੈਡੀਸਨ, ਕਮਰਸ਼ੀਅਲ ਡਰੋਨਜ਼ ਤੇ ਹੋਰ ਗਤੀਵਿਧੀਆਂ ਉਤੇ ਝਾਤ ਪਾਈ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡਾਇਰੈਕਟਰ ਏ. ਆਈ. ਸੀ. ਟੀ. ਈ. ਡਾਕਟਰ ਆਰ. ਕੇ. ਸੋਨੀ, ਥਾਪਰ ਯੂਨੀਵਰਸਿਟੀ ਤੋਂ ਪ੍ਰੋ. ਰਾਜੇਸ਼ ਖੰਨਾ ਅਤੇ ਪ੍ਰਿੰਸੀਪਲ ਜਨਰਲ ਚੇਅਰ ਸੀ-ਡੈੱਕ ਮੋਹਾਲੀ ਡਾ. ਸੰਜੇ ਸੂਦ ਤੇ ਹੋਰ ਹਾਜ਼ਰ ਸਨ।


Related News