ਪੰਜਾਬ: ਡਾਕਟਰਾਂ ਦੀ ਚੱਲਦੀ ਮੀਟਿੰਗ ਦੌਰਾਨ ਸਰਕਾਰੀ ਮਹਿਲਾ ਅਫ਼ਸਰ ਦੇ ਵੱਜੀ ਗੋਲ਼ੀ!
Tuesday, Sep 15, 2026 - 08:27 PM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ): ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਦੇ ਕਸਬਾ ਬਹਿਰਾਮਪੁਰ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਵਿਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਡਾਕਟਰਾਂ ਦੀ ਮੀਟਿੰਗ ਦੌਰਾਨ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਮਾਮਲੇ ਵਿੱਚ ਬਹਿਰਾਮਪੁਰ ਪੁਲਿਸ ਵੱਲੋਂ ਇੱਕ ਹੈਲਥ ਅਫਸਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਕਰੀਬ ਸਵੇਰੇ ਕਰੀਬ 11 ਵਜੇ ਪ੍ਰਾਇਮਰੀ ਹੈਲਥ ਸੈਂਟਰ ਬਹਿਰਾਮਪੁਰ ਵਿਖੇ ਡਾਕਟਰਾਂ ਦੀ ਇਕ ਮੀਟਿੰਗ ਚੱਲ ਰਹੀ ਸੀ। ਇਸ ਦੌਰਾਨ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਪੁਲਸ ਵੱਲੋਂ ਜਾਂਚ ਕੀਤੀ ਗਈ ਤਾਂ ਇਕ ਮਹਿਲਾ ਕਰਮਚਾਰੀ ਜੋ ਕਿ ਬਤੌਰ ਹੈਲਥ ਅਫ਼ਸਰ ਲੱਗੀ ਹੋਈ ਹੈ, ਜਿਸਦੇ ਇਹ ਗੋਲੀ ਲੱਗਣ ਕਾਰਨ ਉਹ ਜਖਮੀ ਹੋ ਗਈ ਹੈ ਜਿਸ ਨੂੰ ਤੁਰੰਤ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਹੈ।
ਉੱਧਰ, ਥਾਣਾ ਬਹਿਰਾਮਪੁਰ ਵਿਖੇ ਹੈਲਥ ਅਫ਼ਸਰ ਦੀਪਕ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹੈਲਥ ਅਫਸਰ ਪ੍ਰਾਇਮਰੀ ਹੈਲਥ ਸੈਂਟਰ ਗਾਹਲੜੀ ਵਿਖੇ ਕਮਿਊਨਿਟੀ ਹੈਲਥ ਅਫਸਰ ਵਜੋਂ ਤਾਇਨਾਤ ਦੱਸੇ ਗਿਆ ਹੈ, ਉਸ ਕੋਲੋਂ ਆਪਣੀ ਲਾਇਸੰਸੀ ਰਿਵਾਲਵਰ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਦਾ ਕਹਿਣਾ ਹੈ ਕਿ ਉਕਤ ਹਥਿਆਰ ਨਾਲ ਗੋਲ਼ੀ ਚਲਾਈ ਗਈ, ਜਾਂ ਫਿਰ ਅਚਾਨਕ ਚਲੀ ਹੈ, ਇਹ ਜਾਂਚ ਦਾ ਵਿਸ਼ਾ ਹੈ, ਪਰ ਪੁਲਸ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
