ਪੰਜਾਬ 'ਚ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਤੇ ਸ਼ਰਧਾਲੂਆਂ ਦੇ ਟੈਂਪੂ ਟ੍ਰੈਵਲਰ ਵਿਚਾਲੇ ਟੱਕਰ

Thursday, Jun 04, 2026 - 12:59 PM (IST)

ਪੰਜਾਬ 'ਚ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਤੇ ਸ਼ਰਧਾਲੂਆਂ ਦੇ ਟੈਂਪੂ ਟ੍ਰੈਵਲਰ ਵਿਚਾਲੇ ਟੱਕਰ

ਡੇਰਾਬੱਸੀ (ਗੁਰਜੀਤ ਈਸਾਪੁਰ): ਅੱਜ ਸਵੇਰੇ ਡੇਰਾਬੱਸੀ-ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸ਼ਰਧਾਲੂਆਂ ਨਾਲ ਭਰੀ ਇਕ ਟੈਂਪੂ ਟ੍ਰੈਵਲਰ ਨੂੰ ਹਰਿਆਣਾ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਤਿੰਨ ਮਹਿਲਾਵਾਂ ਸਮੇਤ ਕਈ ਯਾਤਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

PunjabKesari

ਜਾਣਕਾਰੀ ਅਨੁਸਾਰ ਸਵੇਰੇ ਕਰੀਬ 8:30 ਵਜੇ ਧਾਰਮਿਕ ਯਾਤਰਾ 'ਤੇ ਨਿਕਲੇ ਸ਼ਰਧਾਲੂਆਂ ਨਾਲ ਭਰੀ ਇਕ ਟੈਂਪੂ ਟ੍ਰੈਵਲਰ ਭੂਸ਼ਣ ਫੈਕਟਰੀ ਕੱਟ ਤੋਂ ਯੂ-ਟਰਨ ਲੈ ਰਹੀ ਸੀ। ਇਸੇ ਦੌਰਾਨ ਅੰਬਾਲਾ ਵੱਲੋਂ ਆ ਰਹੀਆਂ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਆਪਸ ਵਿਚ ਓਵਰਟੇਕ ਕਰ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਹਰਿਆਣਾ ਰੋਡਵੇਜ਼ ਦੀ ਬੱਸ ਨੇ ਟੈਂਪੂ ਟ੍ਰੈਵਲਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟੈਂਪੂ ਟ੍ਰੈਵਲਰ ਪਲਟ ਗਿਆ ਅਤੇ ਬੁਰੀ ਤਰ੍ਹਾਂ ਨੁਕਸਾਨੀਆ ਗਿਆ । ਹਾਦਸੇ ਵਿਚ ਟੈਂਪੂ ਟ੍ਰੈਵਲਰ ਅਤੇ ਬੱਸ ਵਿਚ ਸਵਾਰ ਕਈ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਤਿੰਨ ਮਹਿਲਾਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

PunjabKesari

ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਚਿਹਾੜਾ ਮਚ ਗਿਆ। ਰਾਹਗੀਰਾਂ ਅਤੇ ਡੇਰਾਬੱਸੀ ਟ੍ਰੈਫਿਕ ਪੁਲਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਦੇ ਹੋਏ ਜ਼ਖ਼ਮੀਆਂ ਨੂੰ ਵਾਹਨਾਂ ਵਿਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਹਾਦਸਿਆਂ ਦਾ ਮੋੜ ਬਣਿਆ ਭੂਸ਼ਣ ਕੱਟ

ਡੇਰਾਬੱਸੀ-ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ ਭੂਸ਼ਣ ਫੈਕਟਰੀ ਨੇੜੇ ਬਣਿਆ ਕੱਟ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਲਗਾਤਾਰ ਹਾਦਸਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵਿਅਸਤ ਹਾਈਵੇਅ 'ਤੇ ਨਾ ਤਾਂ ਕੋਈ ਲਾਈਟ ਹੈ ਅਤੇ ਨਾ ਹੀ ਇੱਥੇ ਕੋਈ ਟ੍ਰੈਫਿਕ ਪੁਲਸ ਕਰਮੀ ਤਾਇਨਾਤ ਕੀਤਾ ਗਿਆ ਹੈ। ਨਤੀਜੇ ਵਜੋਂ ਪੰਜ ਦਿਨਾਂ ਅੰਦਰ ਹੀ ਦੋ ਗੰਭੀਰ ਹਾਦਸੇ ਵਾਪਰ ਗਏ ਹਨ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਭੂਸ਼ਣ ਫੈਕਟਰੀ ਕੱਟ ਹਾਦਸਿਆਂ ਦਾ "ਬਲੈਕ ਸਪਾਟ" ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ ਪੰਜ ਦਿਨ ਪਹਿਲਾਂ ਵੀ ਇਸੇ ਥਾਂ ਦੇਰ ਰਾਤ ਇਕ ਗੰਭੀਰ ਹਾਦਸਾ ਵਾਪਰਿਆ ਸੀ। ਲੋਕਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਪ੍ਰਸ਼ਾਸਨ ਤੋਂ ਤੁਰੰਤ ਸੁਰੱਖਿਆ ਉਪਾਅ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।


author

Anmol Tagra

Content Editor

Related News