ਹਾਈਕੋਰਟ ਦਾ ਵੱਡਾ ਫੈਸਲਾ, ਵਿਆਹੁਤਾ ਧੀ ਵੀ ਤਰਸ ਦੇ ਆਧਾਰ 'ਤੇ ਨੌਕਰੀ ਦੀ ਹੱਕਦਾਰ

07/19/2020 6:38:08 PM

ਚੰਡੀਗੜ੍ਹ— ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੇਟੇ ਅਤੇ ਬੇਟੀ ਵਿਚਕਾਰ ਭੇਦਭਾਵ ਦੀ ਇਕ ਹੋਰ ਕੰਧ ਨੂੰ ਹਟਾਉਂਦੇ ਹੋਏ ਮਹੱਤਵਪੂਰਨ ਫੈਸਲਾ ਕੀਤਾ ਹੈ। ਕੋਰਟ ਨੇ ਕਿਹਾ ਹੈ ਕਿ ਰੋਜ਼ੀ-ਰੋਟੀ ਦਾ ਸਾਧਨ ਨਾ ਹੋਣ 'ਤੇ ਵਿਆਹੁਤਾ ਧੀ ਵੀ ਆਪਣੇ ਪਿਤਾ ਦੇ ਸਥਾਨ 'ਤੇ ਤਰਸ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਦੀ ਹੱਕਦਾਰ ਹੈ। ਪੰਜਾਬ ਪੁਲਸ 'ਚ ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਅਮਰਜੀਤ ਕੌਰ ਨੂੰ ਨਿਰਭਰ ਨਾ ਮੰਨੇ ਜਾਣ ਵਾਲੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕੋਰਟ 'ਚ ਇਹ ਫੈਸਲਾ ਦਿੱਤਾ ਹੈ। ਜਸਟਿਸ ਆਰਗਿਸਟਨ ਜਾਰਜ ਮਸੀਹ ਨੇ ਸਰਕਾਰ ਨੂੰ 2001 'ਚ ਨੀਤੀ 'ਚ ਸੋਧ ਦਾ ਹੁਕਮ ਦਿੰਦੇ ਹੋਏ ਪਟੀਸ਼ਨ ਕਰਤਾ ਨੂੰ ਪਿਤਾ 'ਤੇ ਨਿਰਭਰ ਹੋਣ ਦਾ ਸਰਟੀਫਿਕੇਟ ਜਾਰੀ ਕਰਨ ਨੂੰ ਕਿਹਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਇਸ ਸਰਟੀਫਿਕੇਟ ਦੇ ਆਧਾਰ 'ਤੇ ਉਸ ਦੀ ਨੌਕਰੀ ਦੀ ਅਰਜੀ 'ਤੇ ਵਿਚਾਰ ਕੀਤਾ ਜਾਵੇ।

ਇਹ ਵੀ ਪਡ਼੍ਰੋ : 3 ਭੈਣਾਂ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ, ਮਤਰੇਈ ਮਾਂ ਨੇ ਵਾਲਾਂ ਤੋਂ ਫੜ ਘੜੀਸਦੇ ਹੋਏ ਕੱਢਿਆ ਘਰੋਂ ਬਾਹਰ

ਆਪਣੀ ਪਟੀਸ਼ਨ 'ਚ ਅਮਰਜੀਤ ਕੌਰ ਨੇ ਪੰਜਾਬ ਦੇ ਡੀ. ਜੀ. ਪੀ. ਦੇ 15 ਅਪ੍ਰੈਲ 2015 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਡੀ. ਜੀ. ਪੀ. ਨੇ ਵਿਆਹੁਤਾ ਬੇਟੀ ਨੂੰ ਪਿਤਾ 'ਤੇ ਨਿਰਭਰ ਮੰਨਣ ਤੋਂ ਇਨਕਾਰ ਕਰਦੇ ਹੋਏ ਉਸ ਨੂੰ ਤਸਰ ਦੇ ਆਧਾਰ 'ਤੇ ਕਲਰਕ ਜਾਂ ਕੰਪਿਊਟਰ ਆਪਰੇਟਰ ਦੇ ਅਹੁਦੇ 'ਤੇ ਨਿਯੁਕਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਸ਼ਮੀਰ ਸਿੰਘ ਦੀ ਅਕਤੂਬਰ 2008 'ਚ ਡਿਊਟੀ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੀ ਇਕਲੌਤੀ ਬੇਟੀ ਅਮਰਜੀਤ ਦਾ ਵਿਆਹ ਹੋਣ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਮਾਤਾ-ਪਿਤਾ ਦੇ ਘਰ ਹੀ ਰਹਿੰਦੀ ਸੀ। ਪਰਿਵਾਰ 'ਚ ਕਸ਼ਮੀਰ ਸਿੰਘ ਇਕੱਲੇ ਨੌਕਰੀ ਕਰਨ ਵਾਲੇ ਸਨ।

ਵਿਆਹੁਤਾ ਪੁੱਤਰੀ ਨਾਲ ਭੇਦਭਾਵ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ
ਜਸਟਿਸ ਮਸੀਹ ਨੇ ਕਿਹਾ ਕਿ ਜੈ ਨਾਰਇਣ ਜਾਖੜ ਦੇ ਕੇਸ 'ਚ ਹਾਈਕੋਰਟ ਨੇ ਹੀ ਆਪਣੇ ਫੈਸਲੇ 'ਚ ਸਪਸ਼ਟੀ ਕੀਤਾ ਸੀ ਕਿ 2001 'ਚ ਨੀਤੀ 'ਚ ਵਿਆਹੁਤਾ ਪੁੱਤਰ ਦੇ ਕੋਲ ਜਾ ਕੇ ਰੋਜ਼ਗਾਰ ਨਾ ਹੋਣ 'ਤੇ ਉਸ ਨੂੰ ਨਿਰਭਰ ਮੰਨਿਆ ਗਿਆ ਹੈ ਪਰ ਵਿਆਹੁਤਾ ਪੁੱਤਰੀ ਨੂੰ ਪਤੀ 'ਤੇ ਨਿਰਭਰ ਮੰਨਿਆ ਜਾਂਦਾ ਹੈ। ਜੇਕਰ ਵਿਆਹੁਤਾ ਪੁੱਤਰ ਜਾਂ ਪੁੱਤਰੀ ਦੋਹਾਂ ਦੇ ਕੋਲ ਹੀ ਸੁਤੰਤਰ ਰੋਜ਼ਗਾਰ ਨਾ ਹੋਣ ਤਾਂ ਉਹ ਇਕ ਹੀ ਪੱਧਰ 'ਤੇ ਆ ਜਾਂਦੇ ਹਨ। ਅਜਿਹੇ 'ਚ ਵਿਆਹੁਤਾ ਪੁੱਤਰੀ ਨਾਲ ਭੇਦਭਾਵ ਸੰਵਿਧਾਨ ਦੇ ਐਕਟ 14 ਦੀ ਉਲੰਘਣਾ ਕਰਨੀ ਹੋਵੇਗੀ, ਜੋ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰੀ ਦਿੰਦਾ ਹੈ।

ਜਸਟਿਸ ਨੇ ਕਿਹਾ ਕਿ ਪੁੱਤਰ ਨੂੰ ਨਿਰਭਰ ਮੰਨਦੇ ਹੋਏ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਉਸ ਦੀ ਪਤਨੀ ਦੇ ਕੋਲ ਰੋਜ਼ਗਾਰ ਹੈ ਜਾਂ ਨਹੀਂ ਪਰ ਪੁੱਤਰੀ ਨੂੰ ਪਤੀ ਦੇ ਰੋਜ਼ਗਾਰ ਦੇ ਆਧਾਰ 'ਤੇ ਇਹ ਮਾਨਤਾ ਨਹੀਂ ਦਿੱਤੀ ਜਾਂਦੀ। ਕੋਰਟ ਨੇ ਕਿਹਾ ਕਿ ਜੂਨ 2005 'ਚ ਹਿੰਦੂ ਉਤਰਾਧਿਕਾਰ ਐਕਟ 1956 'ਚ ਕੀਤੇ ਗਏ ਸੋਧ ਤੋਂ ਬਾਅਦ ਬੇਟੀਆਂ ਨੂੰ ਵੀ ਪਿਤਾ ਦੀ ਜਾਇਦਾਦ 'ਚ ਬਰਾਬਰ ਦਾ ਹੱਕਦਾਰ ਮੰਨਿਆ ਜਾਂਦਾ ਹੈ। ਅਜਿਹੇ 'ਚ ਉਨ੍ਹਾਂ ਨਾਲ ਭੇਦਭਾਵ ਕਿਵੇਂ ਕੀਤਾ ਜਾ ਸਕਦਾ ਹੈ।


shivani attri

Content Editor

Related News