ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਵੰਡਣ ਦੀ ਯੋਜਨਾ ਦੇ ਨਵੇਂ ਐਲਾਨ ਨੇ ਪਾਇਆ ਭੜਥੂ

Saturday, Aug 27, 2022 - 02:26 PM (IST)

ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਵੰਡਣ ਦੀ ਯੋਜਨਾ ਦੇ ਨਵੇਂ ਐਲਾਨ ਨੇ ਪਾਇਆ ਭੜਥੂ

ਨਿਹਾਲ ਸਿੰਘ ਵਾਲਾ (ਬਾਵਾ) : ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਮੱਧਵਰਗੀ ਅਤੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਵੰਡ ਯੋਜਨਾ ਤਹਿਤ ਪਿੰਡਾਂ ਸ਼ਹਿਰਾਂ ਵਿਚ ਸਥਾਪਤ ਡਿਪੂਆਂ ਰਾਹੀਂ ਕਣਕ ਅਤੇ ਹੋਰ ਰਾਸ਼ਨ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਰਾਸ਼ਨ ਯੋਜਨਾ ਰਾਹੀਂ ਕਣਕ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਂਦੀ ਹੈ ਪਰ ਅਕਾਲੀ ਅਤੇ ਕਾਂਗਰਸ ਸਰਕਾਰ ਦੇ ਸਮੇਂ ’ਚ ਕਈ ਅਜਿਹੇ ਵਿਅਕਤੀਆਂ ਨੇ ਖੁਦ ਨੂੰ ਗਰੀਬ ਦਿਖਾ ਕੇ ਨੀਲੇ ਕਾਰਡ ਬਣਾਏ, ਜੋ ਕਿ ਸਰਦੇ ਪੁੱਜਦੇ ਘਰਾਂ ਦੇ ਹਨ ਅਤੇ ਅਜਿਹੇ ਵਿਅਕਤੀ ਲੋੜਵੰਦ ਪਰਿਵਾਰਾਂ ਦੇ ਹਿੱਸੇ ਦਾ ਰਾਸ਼ਨ ਹੜੱਪ ਰਹੇ ਹਨ। ਪਰ ਜਦੋਂ ਹੁਣ ਨਵੀਂ ਹੋਂਦ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਇਕ ਗੱਡੀ ਰਾਹੀਂ ਘਰ-ਘਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਜੋ ਗਰੀਬ ਪਰਿਵਾਰਾਂ ਦੇ ਹਿੱਸੇ ਦਾ ਰਾਸ਼ਨ ਅਮੀਰ ਵਿਅਕਤੀ ਜਾਂ ਵੱਡੀਆਂ ਕੋਠੀਆਂ ਵਾਲਾ ਵਿਅਕਤੀ ਰਾਸ਼ਨ ਕਾਰਡ ਬਣਾ ਕੇ ਖਾਵੇਗਾ, ਉਸ ਦੀ ਫੋਟੋ ਖਿੱਚ ਕੇ ਪਾਈ ਜਾਵੇਗੀ। 

ਬੀਤੇ ਦਿਨੀਂ ਆਪਣੇ ਭਾਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਕੁਝ ਲੋਕਾਂ ਦੇ ਘਰੇ 5911 ਟਰੈਕਟਰ ਖੜ੍ਹੇ ਹਨ ਪਰ ਉਹ ਵੀ ਰਾਸ਼ਨ ਕਾਰਡ ਬਣਾ ਕੇ ਗਰੀਬਾਂ ਦੇ ਹਿੱਸੇ ਦਾ ਰਾਸ਼ਨ ਖਾ ਰਹੇ ਹਨ। ਇਸ ਤਰ੍ਹਾਂ ਦੇ ਸਾਰੇ ਵਿਅਕਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਘਰ-ਘਰ ਰਾਸ਼ਨ ਦੇਣ ਦੀ ਯੋਜਨਾ ਪੰਜਾਬ ਸਰਕਾਰ ਇਕ ਅਕਤੂਬਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰ ਦੀ ਲੋੜਵੰਦਾਂ ਨੂੰ ਰਾਸ਼ਨ ਵੰਡ ਯੋਜਨਾ ਦਾ ਲਾਹਾ ਅਮੀਰ ਲੋਕਾਂ ਵੱਲੋਂ ਲੈਣ ਦੇ ਮਸਲੇ ’ਤੇ ਵਿਅੰਗ ਕਰਦੀਆਂ ਸੋਸ਼ਲ ਮੀਡੀਆ ’ਤੇ ਰੋਜ਼ਾਨਾ ਵੀਡੀਓ ਵਾਇਰਲ ਹੋ ਰਹੀਆਂ ਹਨ। ਲੋੜਵੰਦਾਂ ਦੇ ਹਿੱਸੇ ਦਾ ਰਾਸ਼ਨ ਅਮੀਰ ਕੋਠੀਆਂ ਕਾਰਾਂ ਦੇ ਮਾਲਕ ਲੋਕ ਖਾ ਰਹੇ। ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਵੰਡ ਯੋਜਨਾ ’ਤੇ ਨਾਲ ਫੋਟੋ ਖਿੱਚਣ ਦੇ ਮਸਲੇ ਨੇ ਅਮੀਰ ਘਰਾਣਿਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਆਪਣੀ ਇੱਜ਼ਤ ਬਚਾਉਣ ਲਈ ਅਮੀਰ ਲੋਕ ਅੰਦਰਖਾਤੇ ਆਪਣੇ ਰਾਸ਼ਨ ਕਾਰਡ ਕਟਵਾਉਣ ਲਈ ਰਾਸ਼ਨ ਡਿਪੂਆਂ ਵਾਲਿਆਂ ਕੋਲ ਤਰਲੋਮੱਛੀ ਹੁੰਦੇ ਵੇਖੇ ਜਾ ਸਕਦੇ ਹਨ।


author

Gurminder Singh

Content Editor

Related News