ਪੰਜਾਬ ਸਰਕਾਰ ਦੇ ਕਦਮ ਨਾਲ ਗੰਨਾ ਕਿਸਾਨ ਹੋਏ ਖ਼ੁਸ਼ਹਾਲ, ਮਿਲ ਰਿਹਾ ਦੇਸ਼ 'ਚੋਂ ਸਭ ਤੋਂ ਵੱਧ ਭਾਅ
Saturday, Jan 11, 2025 - 04:47 PM (IST)
ਜਲੰਧਰ : ਸੂਬੇ ਭਰ ਦੇ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਲਈ ਜਿੱਥੇ ਪੰਜਾਬ ਸਰਕਾਰ ਸਬਸਿਡੀ ਵਾਲੀਆਂ ਸੀ. ਆਰ. ਐੱਮ. ਮਸ਼ੀਨਾਂ ਮੁਹੱਈਆ ਕਰਵਾ ਰਹੀ ਹੈ, ਉਥੇ ਹੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਗੰਨਾ ਉਤਪਾਦਕਾਂ ਨੂੰ ਵੱਡੀ ਰਾਹਤ ਦਿੰਦਿਆਂ ਗੰਨੇ ਦਾ ਭਾਅ 391 ਰੁਪਏ ਪ੍ਰਤੀ ਕੁਇੰਟਲ ਤੋਂ 10 ਰੁਪਏ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਹੁਣ ਪੂਰੇ ਭਾਰਤ 'ਚੋਂ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਸਭ ਤੋਂ ਵੱਧ ਰੇਟ ਮਿਲ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾ ਆਖਣਾ ਹੈ ਕਿ ਇਹ ਗੰਨਾ ਉਤਪਾਦਕ ਕਿਸਾਨਾਂ ਲਈ ਪੰਜਾਬ ਸਰਕਾਰ ਦਾ ਤੋਹਫ਼ਾ ਹੈ। ਗੰਨੇ ਦਾ ਭਾਅ 391 ਰੁਪਏ ਪ੍ਰਤੀ ਕੁਇੰਟਲ ਤੋਂ 10 ਰੁਪਏ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਹੁਣ ਪੂਰੇ ਭਾਰਤ 'ਚੋਂ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਸਭ ਤੋਂ ਵੱਧ ਰੇਟ ਮਿਲੇਗਾ। ਪੰਜਾਬ ਸਰਕਾਰ ਆਪਣੇ ਕਿਸਾਨਾਂ ਦੀ ਭਲਾਈ 'ਚ ਫ਼ੈਸਲੇ ਲੈਣ ਲਈ ਹਮੇਸ਼ਾ ਵਚਨਬੱਧ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਹਿਲੀਆਂ ਸਰਕਾਰਾਂ ਸਮੇਂ ਜਿੱਥੇ ਗੰਨਾ ਕਿਸਾਨਾਂ ਵਲੋਂ ਆਪਣੀ ਫਸਲ ਅਤੇ ਅਦਾਇਗੀ ਲਈ ਧਰਨੇ ਲਗਾਉਣੇ ਪੈਂਦੇ, ਹੁਣ ਅਜਿਹਾ ਨਹੀਂ ਹੈ। ਮਿੱਲਾਂ ਵਲੋਂ ਫਸਲ ਦੇ ਨਾਲ ਹੀ ਕਿਸਾਨਾਂ ਨੂੰ ਅਦਾਇਗੀ ਦਿੱਤੀ ਜਾ ਰਹੀ ਹੈ। ਇਸ ਨਾਲ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।