6 ਮਹੀਨਿਆਂ ਦੇ ਬਿਜਲੀ ਬਿੱਲ ਤੁਰੰਤ ਮੁਆਫ ਕਰੇ ਪੰਜਾਬ ਸਰਕਾਰ : ਸੁਖਬੀਰ
Thursday, May 20, 2021 - 09:40 PM (IST)
ਫਿਰੋਜ਼ਪੁਰ, (ਹਰਚਰਨ ਸਿੰਘ ਸਾਮਾ, ਬਿੱਟੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਘਰੇਲੂ ਤੇ ਉਦਯੋਗਿਕ ਦੋਵੇਂ ਖੇਤਰਾਂ ਦੇ 6 ਮਹੀਨਿਆਂ ਦੇ ਬਿਜਲੀ ਬਿੱਲ ਮੁਆਫ ਕਰ ਕੇ ਵਪਾਰ ਤੇ ਉਦਯੋਗ ਦੇ ਨਾਲ-ਨਾਲ ਗਰੀਬ ਤੇ ਮੱਧ ਵਰਗ ਦੇ ਸੂਬੇ 'ਚ ਲਗਾਤਾਰ ਚਲ ਰਹੇ ਲਾਕਡਾਊਨ ਕਾਰਨ ਉਭਰੇ ਆਰਥਿਕ ਸੰਕਟ ਨਾਲ ਨਜਿੱਠਣ ਵਾਸਤੇ ਮਦਦ ਕੀਤੀ ਜਾਵੇ ਅਤੇ ਉਹਨਾਂ ਨੇ ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਵਿੱਤੀ ਸਹਾਇਤਾ ਦੇਣ ਤੇ ਮੁਫਤ ਸਿੱਖਿਆ ਪ੍ਰਦਾਨ ਕੀਤੇ ਜਾਣ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ- ਪਿੰਡ ਜਗਤਪੁਰਾ ਵਿਖੇ ਰੇਡ ਕਰਨ ਗਈ ਪੁਲਸ ਟੀਮ ਤੇ ਪਿੰਡ ਵਾਲਿਆਂ 'ਚ ਝੜਪ, ਅੰਨ੍ਹੇਵਾਹ ਚੱਲੀਆਂ ਗੋਲੀਆਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹੇ ਦੇ ਪਿੰਡ ਬਜ਼ੀਦਪੁਰ ਵਿਖੇ ਗੁਰਦੁਆਰਾ ਜਾਮਨੀਵਾਲਾ ਵਿਖੇ ਆਕਸੀਜਨ ਕੰਸੈਂਟ੍ਰੇਟਰ ਨਾਲ ਲੈਸ 25 ਬੈਡਾਂ ਦੇ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਆਏ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਹ ਸੂਬੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਸਥਾਪਿਤ ਕੀਤਾ ਗਿਆ ਚੌਥਾ ਸੈਂਟਰ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ 6 ਮਹੀਨੇ ਦੇ ਬਿਜਲੀ ਬਿੱਲ ਮੁਆਫ ਕਰਨ ਦੇ ਨਾਲ-ਨਾਲ ਸਰਕਾਰ ਨੂੰ ਪਾਣੀ ਦੇ ਬਿੱਲਾਂ ਤੇ ਲੋਕਾਂ ਤੋਂ ਲਏ ਜਾ ਰਹੇ ਹੋਰ ਟੈਕਸਾਂ ਵਿਚ ਵੀ ਰਾਹਤ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕਾਂਗਰਸ 'ਚ ਮਚੀ ਤਰਥੱਲੀ ਦੇ ਬਾਵਜੂਦ ਕੈਪਟਨ ਖਾਮੋਸ਼, ਜਾਣੋ ਕਿਉਂ
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪਿੰਡਾਂ ਵਿਚ ਮਹਾਮਾਰੀ ਦੇ ਹਾਲਾਤ ਦੀ ਤੁਰੰਤ ਸਮੀਖਿਆ ਕਰਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਵਿਚ ਬੈਠੇ ਹਨ ਅਤੇ ਮਿਸ਼ਨ ਫਤਿਹ ਪ੍ਰੋਗਰਾਮ ਦੇ ਵੱਖ-ਵੱਖ ਰੂਪ ਐਲਾਨ ਰਹੇ ਹਨ ਪਰ ਇਹ ਪ੍ਰਕਿਰਿਆ ਸਿਰਫ ਲੋਕ ਸੰਪਰਕ ਦਾ ਕੰਮ ਬਣ ਕੇ ਰਹਿ ਗਈ ਹੈ ਤੇ ਜ਼ਮੀਨੀ ਹਾਲਾਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਅਸਲ ਸਥਿਤੀ ਇਹ ਹੈ ਕਿ ਪਟਿਆਲਾ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਦਰ 35 ਫੀਸਦੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਵਿਚ ਦੋ ਦਿਨ ਪਹਿਲਾਂ ਸਭ ਤੋਂ ਵੱਧ 34 ਮੌਤਾਂ ਹੋਈਆਂ ਹਨ। ਉਹਨਾਂ ਕਿਹਾ ਕਿ ਸਿਹਤ ਮੰਤਰੀ ਦੇ ਹਲਕੇ ਮੁਹਾਲੀ ਵਿਚ ਵੀ ਸਮਾਜ ਸੇਵੀ ਸੰਗਠਨ ਤੇ ਐਨ ਜੀ ਓਜ਼ ਸਰਕਾਰ ਦੀ ਥਾਂ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਫੀਲਡ ਵਿਚ ਨਿਤਰਣ ਦੀ ਜ਼ਰੂਰਤ ਹੈ ਤੇ ਰੋਜ਼ਾਨਾ ਸਮੀਖਿਆ ਮੀਟਿੰਗਾਂ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਵਿਚ 2.4 ਫੀਸਦੀ ਦੀ ਮੌਤ ਦਰ ਘਟਾਈ ਜਾ ਸਕੇ ਕਿਉਂਕਿ ਇਹ ਕੌਮੀ ਔਸਤ ਨਾਲੋਂ ਤੇ ਗੁਆਂਢੀ ਸੂਬੇ ਨਾਲੋਂ ਵੀ ਜ਼ਿਆਦਾ ਹੈ।