ਪੰਜਾਬ ਦੇ ਸਰਕਾਰੀ ਸਕੂਲਾਂ ’ਚ 1.51 ਲੱਖ ਵਿਦਿਆਰਥੀਆਂ ਦਾ ਵਾਧਾ

Monday, May 03, 2021 - 12:49 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਵੱਲੋਂ ਪਿਛਲੇ ਕੁੱਝ ਸਾਲਾਂ ਦੌਰਾਨ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਬਦੌਲਤ ਨਵੇਂ ਸ਼ੈਸ਼ਨ ’ਚ 1.51 ਲੱਖ ਵਿਦਿਆਰਥੀਆਂ ਦਾ ਵਾਧਾ ਦਰਜ ਕੀਤਾ ਗਿਆ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ’ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਹਫ਼ਤਾਵਾਰੀ ਮੀਟਿੰਗ ’ਚ ਨਵੇਂ ਦਾਖ਼ਲਿਆਂ ਸਬੰਧੀ ਵਿਸਥਾਰ ’ਚ ਵਿਚਾਰ ਚਰਚਾ ਕੀਤੀ ਗਈ।

ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਦੇ ਸਰਕਾਰੀ ਸਕੂਲਾਂ ’ਚ ਨਵੇਂ ਸ਼ੈਸ਼ਨ ਦੇ ਪਹਿਲੇ ਮਹੀਨੇ (ਅਪ੍ਰੈਲ 2021) ਤੱਕ ਸਰਕਾਰੀ ਸਕੂਲਾਂ ’ਚ 2827920 ਵਿਦਿਆਰਥੀ ਦਾਖ਼ਲ ਹੋ ਚੁੱਕੇ ਹਨ, ਜਦੋਂ ਕਿ ਪਿਛਲੇ ਸ਼ੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ 2676900 ਸੀ। ਇਸ ਤਰ੍ਹਾਂ ਐੱਲ. ਕੇ. ਜੀ. ਤੋਂ ਲੈ ਕੇ 12ਵੀਂ ਜਮਾਤ ਤੱਕ ਪਿਛਲੇ ਸੈਸ਼ਨ ਨਾਲੋਂ 151020 ਵਿਦਿਆਰਥੀ ਵੱਧ ਦਾਖ਼ਲ ਹੋ ਚੁੱਕੇ ਹਨ। ਵਿਭਾਗ ਦੇ ਸਰਕਾਰੀ ਸੈਕੰਡਰੀ ਸਕੂਲਾਂ ‘ਚ ਪਿਛਲੇ ਸਾਲ 1400379 ਵਿਦਿਆਰਥੀ ਦਾਖ਼ਲ ਸਨ ਅਤੇ ਇਸ ਵਾਰ 1486701 ਬੱਚੇ ਦਾਖ਼ਲ ਹੋ ਚੁੱਕੇ ਹਨ।

ਇਸ ਤਰ੍ਹਾਂ ਸੈਕੰਡਰੀ ਵਿੰਗ ’ਚ ਵਿਦਿਆਰਥੀਆਂ ਦਾ ਵਾਧਾ 6.16 ਫ਼ੀਸਦੀ ਹੋ ਚੁੱਕਿਆ ਹੈ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪਿਛਲੇ ਸੈਸ਼ਨ ’ਚ 948785 ਬੱਚੇ ਪੜ੍ਹਦੇ ਸਨ ਅਤੇ ਇਸ ਵਾਰ 1004400 ਵਿਦਿਆਰਥੀ ਦਾਖ਼ਲ ਹੋ ਚੁੱਕੇ ਹਨ। ਇਸ ਤਰ੍ਹਾਂ ਪ੍ਰਾਇਮਰੀ ਵਿੰਗ ’ਚ 5.86 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪ੍ਰੀ-ਪ੍ਰਾਇਮਰੀ ਜਮਾਤਾਂ ’ਚ ਪਿਛਲੇ ਸ਼ੈਸ਼ਨ ‘ਚ 327736 ਬੱਚੇ ਸਨ ਅਤੇ ਇਸ ਵਾਰ 2.77 ਫ਼ੀਸਦੀ ਵਾਧੇ ਨਾਲ 336819 ਬੱਚੇ ਦਾਖ਼ਲ ਹੋ ਚੁੱਕੇ ਹਨ। ਸਮੁੱਚੇ ਰੂਪ ’ਚ ਜੇਕਰ ਨਜ਼ਰ ਮਾਰੀ ਜਾਵੇ ਤਾਂ ਲੁਧਿਆਣਾ ਜ਼ਿਲਾ 8.83 ਫ਼ੀਸਦੀ ਵਾਧੇ ਨਾਲ ਪਹਿਲੇ, ਮੋਹਾਲੀ 8.11 ਫ਼ੀਸਦੀ ਵਾਧੇ ਨਾਲ ਦੂਸਰੇ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਾ 7.45 ਫ਼ੀਸਦੀ ਵਾਧੇ ਨਾਲ ਤੀਸਰੇ ਸਥਾਨ ’ਤੇ ਚੱਲ ਰਿਹਾ ਹੈ।

ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਲਗਾਤਾਰ ਦੂਸਰੇ ਸਾਲ ਹੋਏ ਵੱਡੇ ਵਾਧੇ ਸਬੰਧੀ ਸਟੇਟ ਇੰਨਰੋਲਮੈਂਟ ਬੂਸਟਰ ਟੀਮ ਦੇ ਕੋਆਰਡੀਨੇਟਰ-ਕਮ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਸਤਿੰਦਰਬੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਹਰ ਪੱਖੋਂ ਉੱਚਾ ਚੁੱਕਣ ਦੀ ਬਦੌਲਤ ਹੀ ਇਨ੍ਹਾਂ ਸਕੂਲਾਂ ’ਚ ਵਿਦਿਆਰਥੀਆਂ ਦਾ ਵੱਡਾ ਵਾਧਾ ਹੋ ਰਿਹਾ ਹੈ। ਹਰ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਨੂੰ ਤਰਜ਼ੀਹ ਦੇਣ ਲੱਗੇ ਹਨ।


Babita

Content Editor

Related News