ਪੰਜਾਬ ਸਰਕਾਰ ਦੀ ਪੰਜ ਦਿਨਾਂ ਦੀ ਚੁੱਪੀ, ਦੋਸ਼ੀ ਸਾਬਤ ਕਰਨ ਲਈ ਕਾਫ਼ੀ : ਗੁਰਪ੍ਰੀਤ ਸਿੰਘ ਮਲੂਕਾ

Thursday, Jun 02, 2022 - 06:09 PM (IST)

ਪੰਜਾਬ ਸਰਕਾਰ ਦੀ ਪੰਜ ਦਿਨਾਂ ਦੀ ਚੁੱਪੀ, ਦੋਸ਼ੀ ਸਾਬਤ ਕਰਨ ਲਈ ਕਾਫ਼ੀ : ਗੁਰਪ੍ਰੀਤ ਸਿੰਘ ਮਲੂਕਾ

ਭਗਤਾ ਭਾਈ ( ਢਿੱਲੋਂ ): ਮਾਂ ਬੋਲੀ ਦਾ ਸੇਵਾਦਾਰ ਅਤੇ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਂ ਉੱਚਾ ਕਰਨ ਵਾਲੇ ਗਾਇਕ ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਅਤੇ ਉਸ ਦੀ ਸਮੁੱਚੀ ਟੀਮ ਵੱਲੋਂ ਪੰਜ ਦਿਨ ਦੀ ਲਗਾਤਾਰ ਚੁੱਪ ਸਰਕਾਰ ਨੂੰ ਦੋਸ਼ੀ ਸਾਬਤ ਕਰਨ ਲਈ ਕਾਫ਼ੀ ਹੈ। ਸੂਬਾ ਸਰਕਾਰ 'ਤੇ ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਕੀਤੀ ਪ੍ਰੈੱਸ ਵਾਰਤਾ ਤੇ ਸਵਾਲ ਚੁੱਕਦਿਆਂ ਲਗਾਏ। ਮਲੂਕਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜ ਦਿਨਾਂ ਦੀ ਚੁੱਪੀ ਤੋਂ ਬਾਅਦ ਸਰਕਾਰ ਦੇ ਬੁਲਾਰੇ ਨੇ ਸੂਬੇ ਦੇ ਲੋਕਾਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹਰ ਵਾਰ ਪ੍ਰੈੱਸ ਕਾਨਫਰੈਂਸ ਦੌਰਾਨ ਸਿਰਫ਼ ਅਕਾਲੀ ਦਲ ਦੇ ਕਾਰਜਕਾਲ 'ਤੇ ਹੀ ਸਵਾਲ ਚੁੱਕ ਕੇ ਬਰੀ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿੱਧੂ ਮੂਸੇਵਾਲੇ ਦੇ ਸਮਰਥਕ ਅਤੇ ਪੂਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਵੱਲੋਂ ਲਗਾਤਾਰ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ । 

ਇਹ ਵੀ ਪੜ੍ਹੋ- ਪੰਜਾਬ ਪੁਲਸ ਕਾਂਸਟੇਬਲ ਭਰਤੀ ਲਈ ਚੁਣੀਆਂ ਉਮੀਦਵਾਰ ਕੁੜੀਆਂ ਦਾ ਸਬਰ ਦਾ ਬੰਨ੍ਹ ਟੁੱਟਾ, ਟੈਂਕੀ 'ਤੇ ਚੜ੍ਹ ਕੀਤਾ ਪ੍ਰਦਰਸ਼ਨ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਕਰੀਬਨ ਇਕ ਹਫ਼ਤਾ ਪਹਿਲਾਂ ਫੜੇ ਗਏ ਸ਼ੂਟਰ ਸ਼ਾਹਰੁਖ ਸ਼ਰੀਫ਼ ਉਮਰ ਅਤੇ ਯੂਸੁਫ ਖ਼ਾਨ ਵੱਲੋਂ ਦਿੱਲੀ ਪੁਲਸ ਅੱਗੇ ਸਿੱਧੂ ਮੂਸੇਵਾਲਾ ਨੂੰ ਕਤਲ ਕੀਤੇ ਜਾਣ ਬਾਰੇ ਬਣਾਈ ਜਾ ਰਹੀ ਯੋਜਨਾ ਬਾਰੇ ਕਬੂਲਨਾਮਾ ਕੀਤਾ ਸੀ। ਉਨ੍ਹਾਂ ਵੱਲੋਂ ਵਾਰਦਾਤ ਵਿਚ ਵੱਡੇ ਹਥਿਆਰਾਂ ਦੀ ਵਰਤੋਂ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਸੀ। ਦਿੱਲੀ ਪੁਲਸ ਵੱਲੋਂ ਸਾਰੀ ਜਾਣਕਾਰੀ ਪੰਜਾਬ ਪੁਲਸ ਨਾਲ ਸਾਂਝੀ ਕੀਤੀ ਗਈ ਸੀ। ਸਿੱਧੂ ਮੂਸੇਵਾਲਾ ਦੀ ਜਾਨ ਨੂੰ ਵੱਡਾ ਖ਼ਤਰਾ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਨਾ ਸਿਰਫ਼ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਬਲਕਿ ਨਿਯਮਾਂ ਦੇ ਉਲਟ ਇਸ ਸਬੰਧੀ ਸਾਰੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਵੀ ਜਾਰੀ ਕਰ ਦਿੱਤੀ। ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਨੂੰ ਵੀ ਵੱਡੀ ਪ੍ਰਾਪਤੀ ਦੱਸਣ ਅਤੇ ਵਾਹ ਵਾਹੀ ਖੱਟਣ ਦੇ ਚੱਕਰ ਵਿੱਚ ਮੂਸੇਵਾਲਾ ਨੂੰ ਆਪਣੀ ਜਾਨ ਗੁਆਉਣੀ ਪਈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੈਬਨਿਟ ਵਜ਼ੀਰ ਵਿਧਾਇਕ ਤੇ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੇ ਵੀ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਲੋੜ ਨਹੀਂ ਸਮਝੀ ਅਤੇ ਨਾ ਹੀ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਮਨ ਕਾਨੂੰਨ ਦੀ ਸਥਿਤੀ ਬਾਰੇ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨਾ 'ਤੇ ਸੂਬੇ ਦੇ ਲੋਕਾਂ ਵਿਚ ਫੈਲੀ ਅਸੁਰੱਖਿਆ ਦੀ ਭਾਵਨਾ ਨੂੰ ਖ਼ਤਮ ਕਰਨਾ ਉਸ ਸਮੇਂ ਮੁੱਖ ਮੰਤਰੀ ਦਾ ਪਹਿਲਾ ਫ਼ਰਜ਼ ਸੀ। ਲੋਕਾਂ ਵਿਚ ਫੈਲੇ ਰੋਸ ਕਾਰਨ ਹੀ ਸਰਕਾਰ ਨੇ ਚੁੱਪ ਧਾਰ ਲਈ ਸੀ। ਸਰਕਾਰ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਨ੍ਹਾਂ ਦੀ ਗਲ਼ਤੀ ਕਾਰਨ ਹੀ ਮੂਸੇਵਾਲਾ ਨੂੰ ਜਾਨ ਗੁਆਉਣੀ ਪਈ ਹੈ। 

ਇਹ ਵੀ ਪੜ੍ਹੋ- 'ਸੰਗਰੂਰ ਜ਼ਿਮਨੀ ਚੋਣ 'ਚ ਕਿਸੇ ਬੰਦੀ ਸਿੰਘ ਜਾਂ ਪਰਿਵਾਰਕ ਮੈਂਬਰ ਨੂੰ ਬਣਾਇਆ ਜਾਵੇ ਪੰਥ ਦਾ ਸਾਂਝਾ ਉਮੀਦਵਾਰ'

ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਿੱਧੂ ਮਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰਨ ਦੇ ਚਲਦਿਆਂ ਮਾਫ਼ੀ ਮੰਗਣੀ ਚਾਹੀਦੀ ਹੈ। 'ਆਪ' ਸਰਕਾਰ ਨੂੰ ਲੋਕਾਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦਾ ਸਪੱਸ਼ਟ ਜਵਾਬ ਦੇਣਾ ਪਵੇਗਾ। ਅਕਾਲੀ ਦਲ 'ਤੇ ਸਵਾਲ ਚੁੱਕ ਕੇ 'ਆਪ' ਲੋਕ ਕਚਹਿਰੀ ਵਿੱਚੋਂ ਬਰੀ ਨਹੀਂ ਹੋ ਸਕਦੀ। ਮਲੂਕਾ ਨੇ ਦੋਸ਼ ਲਗਾਏ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਦਿਨ ਸੂਬੇ ਵਿਚ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਦੀ ਅਸਾਮੀ ਖਾਲੀ ਪਈ ਸੀ। ਸਰਕਾਰ ਇਸ ਮਸਲੇ ਨੂੰ ਹਾਲੇ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ ਅਤੇ ਕੁਝ ਬੇਕਸੂਰ ਸ਼ੱਕੀ ਲੋਕਾਂ ਤੇ ਕਾਰਵਾਈ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਸਰਕਾਰ ਦੀ ਸਾਰੀ ਕਾਰਵਾਈ ਸਿਰਫ਼ ਪੁਲਸ ਅਧਿਕਾਰੀਆਂ ਦੇ ਵਿਭਾਗ ਬਦਲਣ ਤੱਕ ਹੀ ਸੀਮਤ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News