ਸਰਹਾਲੀ ਥਾਣੇ ’ਤੇ ਰਾਕੇਟ ਲਾਂਚਰ ਹਮਲਾ, ਸੁਖਬੀਰ ਬਾਦਲ ਦੇ ਨਿਸ਼ਾਨੇ ’ਤੇ ਪੰਜਾਬ ਸਰਕਾਰ
Saturday, Dec 10, 2022 - 06:27 PM (IST)
ਚੰਡੀਗੜ੍ਹ : ਤਰਨਤਾਰਨ ਦੇ ਸਰਹਾਲੀ ਥਾਣੇ ’ਤੇ ਹੋਏ ਰਾਕੇਟ ਲਾਂਚਰ ਹਮਲੇ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਵਿਚ 6 ਮਹੀਨਿਆਂ ਦੌਰਾਨ ਪੁਲਸ ਦੀ ਇਮਾਰਤ ’ਤੇ ਰਾਕੇਟ ਲਾਂਚਰ ਨਾਲ ਇਹ ਦੂਜਾ ਹਮਲਾ ਹੋਇਆ ਹੈ। ਇਹ ਸਾਰਾ ਕੁਝ ਅਮਨ-ਕਾਨੂੰਨ ਨੂੰ ਕਾਇਮ ਰੱਖਣ ਵਿਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਫਲਤਾ ਅਤੇ ਨਲਾਇਕੀ ਅਤੇ ਨਾਰਕੋ-ਅੱਤਵਾਦ ਨੂੰ ਮੁੜ ਸਿਰ ਚੁੱਕਣ ਦੇਣ ਦੀ ਖੁੱਲ੍ਹ ਦਾ ਨਤੀਜਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਫ਼ੈਲਦੀ ਜਾ ਰਹੀ ਅਰਾਜਕਤਾ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ ’ਤੇ ਹੋਏ ਲਾਂਚਰ ਰਾਕੇਟ ਹਮਲੇ ’ਤੇ ਡੀ. ਜੀ. ਪੀ. ਦਾ ਵੱਡਾ ਖ਼ੁਲਾਸਾ
ਕੀ ਕਿਹਾ ਸੀ ਡੀ. ਜੀ. ਪੀ. ਨੇ
ਤਰਨਤਾਰਨ ਦੇ ਸਰਹਾਲੀ ਪੁਲਸ ਥਾਣੇ ’ਤੇ ਬੀਤੀ ਰਾਤ ਹੋਏ ਆਰ. ਪੀ. ਜੀ. ਅਟੈਕ ਨੂੰ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਪਾਕਿਸਤਾਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਮੌਕੇ ’ਤੇ ਪਹੁੰਚੇ ਡੀ. ਜੀ. ਪੀ. ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਜੀ. ਪੀ. ਨੇ ਕਿਹਾ ਕਿ ਇਹ ਹਮਲਾ ਸ਼ੁੱਕਰਵਾਰ ਰਾਤ ਲਗਭਗ 11.22 ਵਜੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ਲਈ ਹਥਿਆਰ ਪਾਕਿਸਤਾਨ ਵਾਲੇ ਪਸਿਓਂ ਭੇਜੇ ਗਏ ਸਨ। ਪੁਲਸ ਨੇ ਯੂ. ਏ. ਪੀ. ਏ. ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪ੍ਰੋਗਰਾਮ ਰੱਦ ਹੋਇਆ ਤਾਂ ਆਰਕੈਸਟਰਾ ਵਾਲੀ ਕੁੜੀ ਨੇ ਅੱਧੀ ਰਾਤ ਨੂੰ ਬੁੱਕ ਕੀਤੀ ਟੈਕਸੀ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼
ਡੀ. ਜੀ. ਪੀ. ਨੇ ਕਿਹਾ ਕਿ ਸਾਡੇ ਵਲੋਂ ਟੈਕਨੀਕਲੀ ਅਤੇ ਫਾਰੈਂਸੀਕਲੀ ਜਾਂਚ ਕੀਤੀ ਜਾ ਰਹੀ ਹੈ। ਲਾਂਚਰ ਰੋਡ ਤੋਂ ਰਿਕਵਰ ਕਰ ਲਿਆ ਗਿਆ ਹੈ, ਇਸ ਤੋਂ ਇਲਾਵਾ ਪੁਲਸ ਵਲੋਂ ਹੋਰ ਵੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਪੁਲਸ ਨੇ ਪਿਛਲੇ ਇਕ ਮਹੀਨੇ ਦੌਰਾਨ ਹੀ ਵੱਡੇ ਪੱਧਰ ’ਤੇ ਹਥਿਆਰਾਂ ਦੀ ਰਿਕਵਰੀ ਕੀਤੀ ਹੈ। ਜਿਸ ਤੋਂ ਇੰਝ ਲੱਗ ਰਿਹਾ ਹੈ ਕਿ ਪਾਕਿਸਤਾਨ ਬੌਖਲਾ ਗਿਆ ਹੈ, ਇਸ ਲਈ ਹੀ ਦੁਸ਼ਮਣ ਦੇਸ਼ ਵਲੋਂ ਕੋਝੀਆ ਕਾਰਵਾਈਆਂ ਤਹਿਤ ਰਾਤ ਸਮੇਂ ਕਾਇਰਾਨਾ ਢੰਗ ਨਾਲ ਅਜਿਹੇ ਹਮਲੇ ਕੀਤਾ ਜਾ ਰਹੇ ਹਨ। ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ, ਜੇਕਰ ਇਸ ਕਾਂਡ ਦੇ ਤਾਰ ਵਿਦੇਸ਼ਾਂ ਨਾਲ ਵੀ ਜੁੜੇ ਹੋਏ, ਉਨ੍ਹਾਂ ਨੂੰ ਵੀ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੇ ਜਾਣ ਵਾਲੇ 5-5 ਮਰਲੇ ਦੇ ਪਲਾਟਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।