ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰਨਾ ਬੰਦ ਕਰੇ : ''ਆਪ''
Tuesday, Oct 10, 2017 - 09:52 AM (IST)
ਜਲੰਧਰ (ਬੁਲੰਦ) — ਪੰਜਾਬ 'ਚ ਲਗਾਤਾਰ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਪੰਜਾਬ ਸਰਕਾਰ ਵਲੋਂ ਕੋਈ ਪੁਖਤਾ ਕਦਮ ਨਾ ਚੁੱਕੇ ਜਾਣ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੀ ਜ਼ਿਲਾ ਇਕਾਈ ਵਲੋਂ ਡੀ. ਸੀ. ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਡੀ. ਸੀ. ਨੂੰ ਮੰਗ-ਪੱਤਰ ਸੌਂਪਿਆ ਗਿਆ।
ਇਸ ਦੌਰਾਨ ਡੀ. ਸੀ. ਦਫਤਰ 'ਚ ਜਾਣ ਨੂੰ ਲੈ ਕੇ 'ਆਪ' ਵਰਕਰਾਂ ਤੇ ਪੁਲਸ ਵਾਲਿਆਂ 'ਚ ਧੱਕਾ-ਮੁੱਕੀ ਵੀ ਹੋਈ। ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਪਾਰਟੀ ਦੇ ਆਗੂ ਐੱਚ. ਐੱਸ. ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੇ ਸ਼ਾਸਨ 'ਚ 300 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਜੋ ਕਿ ਸ਼ਰਮਨਾਕ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਰੇ ਲੋਕਾਂ ਦਾ ਪੇਟ ਭਰਣ ਲਈ ਕੰਮ ਕਰਦਾ ਹੈ ਪਰ ਉਸ ਨੂੰ ਕਰਜ਼ੇ ਦੀ ਮਾਰ ਤੋਂ ਬਚਾਉਣ ਦੇ ਲਈ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਤਾਨਾਸ਼ਾਹੀਪੂਰਣ ਹੁਕਮ ਦੇ ਕੇ ਬਹੁਤ ਤੰਗ ਕਰ ਰਹੀ ਹੈ। ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਹੁਕਮ ਦਿੱਤੇ ਗਏ ਹਨ, ਉਸ ਦੀ ਸਾਰ-ਸੰਭਾਲ ਦੇ ਹੁਕਮ ਦਿੱਤੇ ਗਏ ਹਨ ਪਰ ਇਸ ਦੇ ਲਈ ਕੋਈ ਮੁਆਵਜ਼ਾ ਜਾਂ ਖਰਚ ਨਹੀਂ ਦਿੱਤਾ ਗਿਆ। ਕਰਜ਼ ਦੀ ਮਾਰ ਝੇਲ ਰਿਹਾ ਕਿਸਾਨ ਕਿਵੇਂ ਹੋਰ ਖਰਚਾ ਕਰਕੇ ਫਸਲਾਂ ਦੀ ਸੰਭਾਲ ਕਰ ਸਕਦਾ ਹੈ। ਮਜਬੂਰਨ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਤੇ ਉਨ੍ਹਾਂ ਦਾ ਪੁਖਤਾ ਹੱਲ ਕਰੇ।
