ਪੰਜਾਬ ਲਈ ਖ਼ਤਰੇ ਦੀ ਘੰਟੀ, ਕੇਂਦਰ ਦੇ ਢਿੱਲੇ ਰਵੱਈਏ ਕਾਰਣ ਪੈਦਾ ਹੋ ਰਿਹੈ ਵੱਡਾ ਸੰਕਟ

Thursday, Aug 29, 2024 - 02:56 PM (IST)

ਪੰਜਾਬ ਲਈ ਖ਼ਤਰੇ ਦੀ ਘੰਟੀ, ਕੇਂਦਰ ਦੇ ਢਿੱਲੇ ਰਵੱਈਏ ਕਾਰਣ ਪੈਦਾ ਹੋ ਰਿਹੈ ਵੱਡਾ ਸੰਕਟ

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਡੀ. ਏ. ਪੀ. ਖਾਦ ਦੇਣ ’ਚ ਢਿੱਲ-ਮੱਠ ਦੇ ਰਵੱਈਏ ਕਾਰਣ ਇਸ ਵਾਰ ਹਾੜ੍ਹੀ ਦੇ ਸੀਜ਼ਨ 'ਚ ਡੀ. ਏ. ਪੀ. ਖਾਦ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰੀ ਖਾਦ ਮੰਤਰੀ ਜੇਪੀ ਨੱਢਾ ਕੋਲ ਖਾਦ ਦੀ ਕਮੀ ਦਾ ਮਾਮਲਾ ਚੁੱਕਿਆ ਹੈ। ਮੁੱਖ ਮੰਤਰੀ ਨੇ ਨੱਢਾ ਨੂੰ ਫੋਨ ਕਰ ਕੇ ਡੀ. ਏ. ਪੀ. ਖਾਦ ਦੀ ਸਪਲਾਈ ਕਰਨ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਖਾਦ ਦੀ ਸਪਲਾਈ ਲੈਣ ਲਈ ਖੇਤੀ ਮਹਿਕਮੇ ਦੀ ਇਕ ਟੀਮ ਦਿੱਲੀ ਵੀ ਭੇਜ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਨੂੰ ਹਾੜ੍ਹੀ ਦੇ ਸੀਜ਼ਨ ਲਈ 5.50 ਲੱਖ ਮੀਟਰਕ ਟਨ ਡੀ. ਏ. ਪੀ. ਖਾਦ ਦੀ ਲੋੜ ਹੈ। ਇਸ ’ਚੋਂ ਕਰੀਬ ਇਕ ਲੱਖ ਟਨ ਡੀ. ਏ. ਪੀ. ਦੀ ਜ਼ਰੂਰਤ ਤਾਂ ਤਕਰੀਬਨ 55,000 ਹੈਕਟੇਅਰ ਆਲੂਆਂ ਦੀ ਬਿਜਾਂਦ ਲਈ ਹੁੰਦੀ ਹੈ। ਪੰਜਾਬ ਕੋਲ ਇਸ ਵੇਲੇ ਸਿਰਫ਼ 85,000 ਮੀਟਰਕ ਟਨ ਡੀ. ਏ. ਪੀ. ਖਾਦ ਹੈ। ਕੇਂਦਰ ਸਰਕਾਰ ਨੇ ਅਗਸਤ ਮਹੀਨੇ ਲਈ 1.10 ਲੱਖ ਮੀਟਰਕ ਟਨ ਡੀਏਪੀ ਖਾਦ ਦਿੱਤੀ ਸੀ ਪ੍ਰੰਤੂ ਅਗਸਤ ’ਚ ਸਿਰਫ਼ 27,000 ਮੀਟਰਕ ਟਨ ਖਾਦ ਦੀ ਸਪਲਾਈ ਦਿੱਤੀ ਗਈ ਹੈ। ਹਾਲਾਂਕਿ, ਪੰਜਾਬ ਸਰਕਾਰ ਨੇ ਅਗਸਤ ਮਹੀਨੇ ਲਈ 1.50 ਲੱਖ ਮੀਟਰਕ ਟਨ ਦੀ ਮੰਗ ਕੀਤੀ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਗੈਂਗਵਾਰ, ਟਾਈਮ ਪਾ ਕੇ ਆਹਮੋ-ਸਾਹਮਣੇ ਹੋਏ ਨੌਜਵਾਨ, ਗੋਲੀਆਂ ਦੀ ਠਾਹ-ਠਾਹ ਸੁਣ ਕੰਬੇ ਲੋਕ

ਦੱਸਣਯੋਗ ਹੈ ਕਿ ਪੰਜਾਬ ਵਿਚ 15 ਸਤੰਬਰ ਤੋਂ ਆਲੂਆਂ ਦੀ ਬਿਜਾਈ ਅਤੇ ਉਸ ਮਗਰੋਂ ਅਕਤੂਬਰ ਦੇ ਅਖੀਰਲੇ ਹਫ਼ਤੇ ਕਣਕ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਗੁਆਂਢੀ ਸੂਬੇ ਹਰਿਆਣਾ ਵਿਚ ਕਣਕ ਦੀ ਬਿਜਾਈ ਲੇਟ ਹੁੰਦੀ ਹੈ ਅਤੇ ਬਾਕੀ ਸੂਬਿਆਂ ਵਿਚ ਨਵੰਬਰ ਮਹੀਨੇ ’ਚ ਬਿਜਾਈ ਹੁੰਦੀ ਹੈ। ਡੀ. ਏ. ਪੀ. ਖਾਦ ਦੇ ਸੰਕਟ ਦੀ ਸੰਭਾਵਨਾ ਦਾ ਕਾਰਨ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀ ਖਾਦ ਸਬਸਿਡੀ ਨੀਤੀ ਜਾਰੀ ਨਾ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ। ਖਾਦ ਦੇ ਕੌਮਾਂਤਰੀ ਬਾਜ਼ਾਰ ਵਿਚ ਭਾਅ ਵੱਧ ਹਨ। ਪਹਿਲਾਂ ਜਿਹੜੀ ਡੀ. ਏ. ਪੀ. ਖਾਦ 510 ਡਾਲਰ ਪ੍ਰਤੀ ਟਨ ਸੀ, ਉਸ ਦਾ ਭਾਅ ਅੱਜ 610 ਡਾਲਰ ਪ੍ਰਤੀ ਟਨ ਨੂੰ ਪਾਰ ਕਰ ਗਿਆ ਹੈ। ਖਾਦ ਕੰਪਨੀਆਂ ਵੱਲੋਂ ਬਾਹਰੋਂ ਖਾਦ ਨਹੀਂ ਮੰਗਵਾਈ ਜਾ ਰਹੀ ਹੈ ਕਿਉਂਕਿ ਕੇਂਦਰ ਨੇ ਅਜੇ ਤੱਕ ਖਾਦ ਸਬਸਿਡੀ ਨੀਤੀ ਜਾਰੀ ਨਹੀਂ ਕੀਤੀ ਹੈ। ਕੰਪਨੀਆਂ ਦਾ ਆਖਣਾ ਹੈ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਨੀਤੀ ਜਾਰੀ ਹੋਣ ਤੋਂ ਪਹਿਲਾਂ ਹੀ ਖਾਦ ਬਾਹਰੋਂ ਮੰਗਵਾ ਲਈ ਸੀ ਜਿਸ ਕਰ ਕੇ ਉਨ੍ਹਾਂ ਨੂੰ ਭਾਰੀ ਘਾਟਾ ਝੱਲਣਾ ਪਿਆ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਕਰੀ ਮਾਲਕ ਨੂੰ ਗੋਲ਼ੀ ਮਾਰਨ ਵਾਲਿਆਂ ਦਾ ਐਨਕਾਊਂਟਰ

ਦੂਜੇ ਪਾਸੇ ਖੇਤੀ ਵਿਭਾਗ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਵਾਰ ਸੂਬੇ ਦੇ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਂਦ ਹੋਣ ਦਾ ਅਨੁਮਾਨ ਹੈ ਅਤੇ ਪੰਜਾਬ ਨੂੰ 5.50 ਲੱਖ ਮੀਟਰਕ ਟਨ ਡੀਏਪੀ ਖਾਦ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਕ ਲੱਖ ਮੀਟਰਕ ਟਨ ਖਾਦ ਦਾ ਭੰਡਾਰ ਪਿਆ ਹੈ ਜਦਕਿ ਬਾਕੀ ਕੁੱਝ ਰੈਕ ਆਉਂਦੇ ਦਿਨਾਂ ਵਿਚ ਲੱਗ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਕਰੀ ਮਾਲਕ ਨੂੰ ਗੋਲ਼ੀ ਮਾਰਨ ਵਾਲਿਆਂ ਦਾ ਐਨਕਾਊਂਟਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News