ਪੰਜਾਬ ਦੀਆਂ ਸਰਕਾਰੀ ਬੱਸਾਂ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ

Wednesday, Jan 08, 2025 - 08:49 AM (IST)

ਪੰਜਾਬ ਦੀਆਂ ਸਰਕਾਰੀ ਬੱਸਾਂ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ

ਜਲੰਧਰ (ਪੁਨੀਤ)– ਪੰਜਾਬ ਵਿਚ ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ ਲਈ ਰਾਹਤ ਭਰੀ ਖ਼ਬਰ ਹੈ। ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਬੱਸਾਂ ਦਾ ਚੱਕਾ ਜਾਮ ਕਰ ਕੇ ਹੜਤਾਲ ’ਤੇ ਗਏ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀਆਂ ਵੱਲੋਂ 3 ਦਿਨਾ ਹੜਤਾਲ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ ਤੇ ਅੱਜ ਤੋਂ ਸਰਕਾਰੀ ਬੱਸਾਂ ਆਮ ਵਾਂਗ ਚੱਲਣਗੀਆਂ। ਇਸ ਹੜਤਾਲ ਕਾਰਨ 2 ਦਿਨਾਂ ਵਿਚ ਲੱਖਾਂ ਯਾਤਰੀ ਪ੍ਰੇਸ਼ਾਨ ਰਹੇ ਅਤੇ ਵਿਭਾਗ ਨੂੰ 5 ਕਰੋੜ ਤੋਂ ਜ਼ਿਆਦਾ ਦਾ ਵਿੱਤੀ ਕੁਲੈਕਸ਼ਨ ਲਾਸ ਉਠਾਉਣਾ ਪਿਆ। ਦੇਰ ਸ਼ਾਮ ਹੜਤਾਲ ਵਾਪਸ ਲੈ ਲਈ ਗਈ, ਜਿਸ ਕਾਰਨ ਅੱਜ ਤੋਂ ਸਰਕਾਰੀ ਬੱਸਾਂ ਦੀ ਰੁਟੀਨ ਵਾਂਗ ਆਵਾਜਾਈ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ

ਇਹ ਪਹਿਲੀ ਵਾਰ ਹੈ ਜਦੋਂ ਮੁੱਖ ਮੰਤਰੀ ਦਫਤਰ ਤੋਂ ਮੀਟਿੰਗ ਦਾ ਸੱਦਾ ਆਇਆ ਹੈ। ਮੁੱਖ ਸਕੱਤਰ ਦੇ ਪੱਤਰ ਨੰਬਰ 2025/1 ਰਾਹੀਂ ਯੂਨੀਅਨ ਨੂੰ 15 ਜਨਵਰੀ ਨੂੰ ਚੰਡੀਗੜ੍ਹ ਵਿਚ ਬੁਲਾਇਆ ਗਿਆ ਹੈ। ਪੱਤਰ ਆਉਣ ਕਾਰਨ ਹੜਤਾਲ ਨੂੰ ਰੱਦ ਕਰ ਦਿੱਤਾ ਗਿਆ ਹੈ। ਯੂਨੀਅਨ ਨੂੰ ਮੰਗਾਂ ਪੂਰੀਆਂ ਹੋਣ ਦੀ ਉਮੀਦ ਜਾਗੀ ਹੈ।

ਲੱਗਭਗ 7500 ਕਰਮਚਾਰੀਆਂ ਦੇ ਐਤਵਾਰ ਰਾਤ 12 ਵਜੇ ਤੋਂ ਹੜਤਾਲ ’ਤੇ ਜਾਣ ਕਾਰਨ 2700 ਤੋਂ ਜ਼ਿਆਦਾ ਬੱਸਾਂ ਦਾ ਚੱਕਾ ਜਾਮ ਰਿਹਾ ਹੈ ਅਤੇ ਇਸ ਕਾਰਨ ਪਨਬੱਸ-ਪੀ. ਆਰ. ਟੀ. ਸੀ. ਦੀਆਂ ਬੱਸਾਂ ਪੂਰੀ ਤਰ੍ਹਾਂ ਬੰਦ ਰਹੀਆਂ। 3 ਦਿਨਾਂ ਦੀ ਹੜਤਾਲ ਕਾਰਨ ਕਰਮਚਾਰੀ ਘਰਾਂ ਨੂੰ ਵਾਪਸ ਵੀ ਨਹੀਂ ਗਏ ਅਤੇ ਰਾਤ ਨੂੰ ਡਿਪੂ ਵਿਚ ਹੀ ਰੁਕੇ ਰਹੇ। ਉਥੇ ਹੀ ਯੂਨੀਅਨ ਵੱਲੋਂ ਮੋਹਾਲੀ ਵਿਚ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਗਿਆ। ਜਲੰਧਰ ਵਿਚ ਸਿਰਫ ਕੁਝ ਸਰਕਾਰੀ ਡਰਾਈਵਰ ਹੋਣ ਕਾਰਨ ਰੋਡਵੇਜ਼ ਦੀਆਂ ਕੁਝ ਇਕ ਬੱਸਾਂ ਦੀ ਆਵਾਜਾਈ ਹੋ ਸਕੀ।

ਦਿਨ ਭਰ ਯੂਨੀਅਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਅਧਿਕਾਰੀ

ਮੰਗਲਵਾਰ ਸਵੇਰ ਤੋਂ ਰੋਡਵੇਜ਼ ਅਧਿਕਾਰੀ ਯੂਨੀਅਨ ਦੇ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਸ ਸਬੰਧੀ ਯੂਨੀਅਨ ਦੀ ਸੂਬਾ ਇਕਾਈ ਦੇ ਪ੍ਰਧਾਨ, ਜਨਰਲ ਸਕੱਤਰ, ਜਲੰਧਰ ਤੋਂ ਸੀਨੀਅਰ ਨੇਤਾਵਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਪਰ ਕਿਸੇ ਨੇ ਗੱਲ ਨਹੀਂ ਮੰਨੀ। ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਹਰ ਵਾਰ ਸਥਾਨਕ ਅਧਿਕਾਰੀਆਂ ਵੱਲੋਂ ਮੀਟਿੰਗ ਦੀ ਗੱਲ ਕਹੀ ਜਾਂਦੀ ਹੈ ਪਰ ਚੰਡੀਗੜ੍ਹ ਵਿਚ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੁੰਦੀ। ਇਸ ਤੋਂ ਬਾਅਦ ਮੁੱਖ ਮੰਤਰੀ ਦਫਤਰ ਤੋਂ ਮੀਟਿੰਗ ਸਬੰਧੀ ਪੱਤਰ ਜਾਰੀ ਕੀਤਾ ਗਿਆ ਅਤੇ ਕਰਮਚਾਰੀਆਂ ਨੇ ਹੜਤਾਲ ਫਿਲਹਾਲ ਰੱਦ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਦਾ ਬਦਲੇਗਾ ਸਮਾਂ? ਸਵੇਰੇ 10 ਵਜੇ ਤੋਂ ਸਕੂਲ ਖੋਲ੍ਹਣ ਦੀ ਮੰਗ

ਬਾਹਰੀ ਸੂਬਿਆਂ ਦੇ ਯਾਤਰੀਆਂ ਨੂੰ ਹੋਈ ਜ਼ਿਆਦਾ ਪ੍ਰੇਸ਼ਾਨੀ

ਪੰਜਾਬ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੋਈ। ਖਾਸ ਤੌਰ ’ਤੇ ਦਿੱਲੀ, ਹਿਮਾਚਲ ਆਦਿ ਦੀ ਆਵਾਜਾਈ ਬੰਦ ਹੋਣ ਕਾਰਨ ਕਈ ਯਾਤਰੀਆਂ ਨੂੰ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣਾ ਪਿਆ। ਜਿਨ੍ਹਾਂ ਲੋਕਾਂ ਨੇ ਬੱਸਾਂ ਰਾਹੀਂ ਬਾਹਰ ਟੂਰ ਆਦਿ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ, ਉਨ੍ਹਾਂ ਨੂੰ ਘੰਟਿਆਂ ਤਕ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਦੀ ਉਡੀਕ ਕਰਨੀ ਪਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News