ਜਲਦ ਹੀ ਸੋਲਰ ਉੂਰਜਾ ਨਾਲ ਜਗਮਗਾਉਣ ਲੱਗੇਗਾ ਮਹਾਨਗਰ

08/31/2017 4:12:21 AM

ਲੁਧਿਆਣਾ(ਸਲੂਜਾ)-ਸੋਲਰ ਊਰਜਾ ਦਾ ਕ੍ਰਿਸ਼ਮਾ ਜਲਦ ਹੀ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ 'ਚ ਦੇਖਣ ਨੂੰ ਮਿਲੇਗਾ, ਕਿਉਂਕਿ ਪੰਜਾਬ ਸਰਕਾਰ ਦੀ ਨੈੱਟ ਮੀਟਰਿੰਗ ਪਾਲਿਸੀ ਦੇ ਪ੍ਰਤੀ ਲੋਕਾਂ ਦਾ ਰੁਝਾਨ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਸਥਾਨਕ ਨਗਰ ਦੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਤੋਂ ਇਲਾਵਾ ਉਦਯੋਗਪਤੀਆਂ ਅਤੇ ਲੋਕਾਂ ਵੱਲੋਂ ਆਪਣੇ ਘਰਾਂ ਦੀਆਂ ਛੱਤਾਂ 'ਤੇ ਸੋਲਰ ਪਾਵਰ ਪਲਾਂਟ ਲਗਵਾਏ ਜਾ ਰਹੇ ਹਨ। ਇਹ ਜਾਣਕਾਰੀ ਅੱਜ ਇਥੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲੇ ਅਤੇ ਪੇਡਾ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਦਿੰਦੇ ਹੋਏ ਦੱਸਿਆ ਕਿ ਹਰ ਵਰਗ ਦੇ ਲੋਕਾਂ ਨੂੰ ਸੋਲਰ ਊੁਰਜਾ ਦੇ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸਭ ਤੋਂ ਪਹਿਲਾਂ ਸਰਕਾਰੀ ਸੰਸਥਾਵਾਂ ਵਿਚ ਹੀ ਸੋਲਰ ਪਾਵਰ ਪਲਾਂਟਾਂ ਨੂੰ ਲਾਇਆ ਜਾ ਰਿਹਾ ਹੈ।
ਸੀ. ਬੀ. ਐੱਸ. ਈ. ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਕੇਂਦਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕੇ ਇਹ ਐਲਾਨ ਕੀਤਾ ਗਿਆ ਹੈ ਕਿ ਉਸ ਦੇ ਅਧੀਨ ਆਉਂਦੇ ਸਾਰੇ ਸਕੂਲਾਂ 'ਚ ਸੋਲਰ ਉੂਰਜਾ ਪ੍ਰੋਜੈਕਟ ਲਾਏ ਜਾਣਗੇ, ਜਦੋਂਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਤਾਂ ਪਹਿਲਾਂ ਹੀ ਜ਼ਿਲਾ ਲੁਧਿਆਣਾ ਵਿਚ ਚੱਲ ਰਹੇ ਆਂਗਣਵਾੜੀ ਕੇਂਦਰਾਂ 'ਚ ਸੋਲਰ ਪੱਖੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਫਾਲਤੂ ਪੈਦਾ ਹੋਈ ਬਿਜਲੀ ਨੂੰ ਵੇਚ ਵੀ ਸਕਣਗੇ
ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਗੱਲ ਇਹ ਵੀ ਸਾਫ ਕੀਤੀ ਗਈ ਹੈ ਕਿ ਨੈੱਟ ਮੀਟਰਿੰਗ ਨੀਤੀ ਦੇ ਤਹਿਤ ਜੇਕਰ ਕੋਈ ਵਿਅਕਤੀ ਜਾਂ ਕੋਈ ਸੰਸਥਾ ਆਪਣੀ ਲੋੜ ਤੋਂ ਜ਼ਿਆਦਾ ਬਿਜਲੀ ਪੈਦਾ ਕਰਦਾ ਹੈ ਤਾਂ ਉਹ ਬਿਜਲੀ ਸਰਕਾਰ ਨੂੰ ਦੇ ਕੇ ਆਪਣੇ ਬਿਜਲੀ ਬਿੱਲ ਵਿਚ ਕਟੌਤੀ ਕਰਵਾ ਸਕਦਾ ਹੈ।
ਸੋਲਰ ਸਿਸਟਮ 'ਤੇ ਮਿਲੇਗੀ ਸਬਸਿਡੀ
ਨੈੱਟ ਮੀਟਰਿੰਗ ਨੀਤੀ ਤਹਿਤ ਸੋਲਰ ਪਾਵਰ ਸਿਸਟਮ ਲਗਵਾਉਣ 'ਤੇ ਪੰਜਾਬ ਸਰਕਾਰ ਵੱਲੋਂ ਪ੍ਰਤੀ ਕਿਲੋਵਾਟ 21 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਕ ਕਿਲੋਵਾਟ ਦਾ ਪਾਵਰ ਪਲਾਂਟ ਲਾਉਣ 'ਤੇ ਲਗਭਗ 70 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ।
ਕੀ ਹਨ ਸ਼ਰਤਾਂ 
ਡਿਪਟੀ ਕਮਿਸ਼ਨਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਨੀਤੀ ਤਹਿਤ ਕੋਈ ਵੀ ਆਪਣੇ ਮਨਜ਼ੂਰ ਬਿਜਲੀ ਲੋਡ ਦੇ 80 ਫੀਸਦੀ ਤੱਕ ਬਿਜਲੀ ਪੈਦਾ ਕਰਨ ਨੂੰ ਲੈ ਕੇ ਆਪਣੇ ਘਰ ਜਾਂ ਸੰਸਥਾ ਦੀ ਛੱਤ 'ਤੇ ਸੋਲਰ ਯੂਨਿਟ ਸਥਾਪਿਤ ਕਰ ਸਕਦਾ ਹੈ। ਇਸ ਯੋਜਨਾ ਤਹਿਤ 1 ਤੋਂ 500 ਕਿਲੋਵਾਟ ਦੀ ਸਮਰੱਥਾ ਦੇ ਸੋਲਰ ਪਾਵਰ ਪਲਾਂਟ ਯੂਨਿਟ ਲਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 1 ਕਿਲੋਵਾਟ ਸੋਲਰ ਪਾਵਰ ਪਲਾਂਟ ਨੂੰ ਲਾਉਣ ਲਈ ਛੱਤ 'ਤੇ 120 ਵਰਗ ਫੁੱਟ ਛਾਂ ਰਹਿਤ ਜਗ੍ਹਾ ਹੋਣੀ ਚਾਹੀਦੀ ਹੈ।
ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ
ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਸੈਮੀਨਾਰ ਅਤੇ ਪ੍ਰਦਰਸ਼ਨੀਆਂ ਲਾ ਕੇ ਲੋਕਾਂ ਨੂੰ ਇਸ ਗੱਲ ਦੇ ਲਈ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਸਕੂਲ, ਟਰੱਸਟ, ਹਸਪਤਾਲ ਜਾਂ ਕਿਸੇ ਹੋਰ ਸੰਸਥਾ ਵਿਚ ਸੋਲਰ ਪਲਾਂਟ ਲਾ ਕੇ ਆਪਣੀ ਬਿਜਲੀ ਦੀ ਪੂਰਤੀ ਕਰ ਸਕਦੇ ਹਨ ਅਤੇ ਪੈਦਾ ਹੋਈ ਬਿਜਲੀ ਨੂੰ ਕਿਸ ਤਰ੍ਹਾਂ ਪਾਵਰ ਗਿੱ੍ਰਡ ਨੂੰ ਭੇਜ ਕੇ ਆਪਣੇ ਬਿਜਲੀ ਬਿੱਲਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ। ਇਕ ਵਾਰ ਪਲਾਂਟ ਲਾਉਣ ਤੋਂ ਬਾਅਦ ਸਾਰੀ ਜ਼ਿੰਦਗੀ ਲਈ ਬਿਜਲੀ ਦਾ ਬਿੱਲ ਦਾ ਖਰਚ ਖਤਮ ਕੀਤਾ ਜਾ ਸਕਦਾ ਹੈ।
ਅਪਲਾਈ ਕਰਨ ਹਿੱਤ ਆਫਿਸ ਜਾਣ ਦੀ ਲੋੜ ਨਹੀਂ
ਪੰਜਾਬ ਸਰਕਾਰ ਦੀ ਇਸ ਸਕੀਮ ਤਹਿਤ ਸੋਲਰ ਪਾਵਰ ਪਲਾਂਟ ਸਥਾਪਿਤ ਕਰਵਾਉਣ ਨੂੰ ਲੈ ਕੇ ਤੁਹਾਨੂੰ ਕਿਸੇ ਦਫਤਰ ਵਿਚ ਜਾ ਕੇ ਅਪਲਾਈ ਕਰਨ ਦੀ ਲੋੜ ਨਹੀਂ। ਪੇਡਾ ਵੱਲੋਂ ਜ਼ਿਲਾ ਲੁਧਿਆਣਾ ਵਿਚ ਨੋਡਲ ਅਫਸਰ ਅਨੁਪਮ ਨੰਦਾ ਨੂੰ ਨਿਯੁਕਤ ਕੀਤਾ ਗਿਆ ਹੈ। ਤੁਸੀਂ ਉਨ੍ਹਾਂ ਨਾਲ 94631-40744 ਜਾਂ ਈਮੇਲ anupamnanda੨੦੦੩0yahoo.com 'ਤੇ ਵੀ ਸੰਪਰਕ ਕਰ ਸਕਦੇ ਹੋ।
ਐੱਮ. ਪੀ. ਅਤੇ ਵਿਧਾਇਕ ਨੇ ਵੀ ਕੀਤੀ ਅਪੀਲ
ਸਰਕਾਰੀ ਕਾਲਜ ਲੜਕੀਆਂ ਵਿਚ ਲੱਗੇ ਸੋਲਰ ਪਾਵਰ ਪ੍ਰੋਜੈਕਟ ਨੂੰ ਦੇਖਣ ਤੋਂ ਬਾਅਦ ਐੱਮ. ਪੀ. ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਸਕੀਮ ਨੂੰ ਅਪਣਾਉਣ ਲਈ ਅੱਗੇ ਆਉਣ।


Related News