ਪੰਜਾਬ ਨੂੰ ICMR ਤੋਂ ਕੋਵਿਡ-19 ਦੇ ਮਰੀਜ਼ਾਂ ’ਤੇ ਪਲਾਜ਼ਮਾ ਥੈਰੇਪੀ ਦੇ ਕਲੀਨੀਕਲ ਟ੍ਰਾਇਲ ਲਈ ਮਿਲੀ ਮਨਜ਼ੂਰੀ
Monday, May 04, 2020 - 02:06 AM (IST)
ਚੰਡੀਗੜ੍ਹ, (ਅਸ਼ਵਨੀ)- ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਤੋਂ ਕੋਵਿਡ-19 ਦੇ ਮਰੀਜ਼ਾਂ ’ਤੇ ਪਲਾਜ਼ਮਾ ਥੈਰੇਪੀ ਦੇ ਕਲੀਨੀਕਲ ਟ੍ਰਾਇਲ ਕਰਨ ਵਾਸਤੇ ਮਨਜ਼ੂਰੀ ਮਿਲ ਗਈ ਹੈ। ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਕੋਵਿਡ ਹੈਲਥ ਸੈਕਟਰ ਰਿਸਪਾਂਸ ਅਤੇ ਪ੍ਰੀਕਿਓਰਮੈਂਟ ਕਮੇਟੀ ਦੀ ਚੇਅਰਪਰਸਨ ਵਿਨੀ ਮਹਾਜਨ ਨੇ ਦੱਸਿਆ ਕਿ ਆਈ.ਸੀ.ਐੱਮ.ਆਰ., ਨਵੀਂ ਦਿੱਲੀ ਨੇ ਪਲਾਜ਼ਮਾ ਥੈਰੇਪੀ ਦੇ ਕਲੀਨੀਕਲ ਟ੍ਰਾਇਲ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੇ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ।
ਵਧੀਕ ਮੁੱਖ ਸਕੱਤਰ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ, ਫਰੀਦਕੋਟ ’ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਐਂਡ ਰਿਸਰਚ, ਅੰਮ੍ਰਿਤਸਰ, ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਅਤੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਲੁਧਿਆਣਾ ਨੇ ਪਲਾਜ਼ਮਾ ਥੈਰੇਪੀ ਦੇ ਕਲੀਨੀਕਲ ਟ੍ਰਾਇਲ ਲਈ ਭਾਈਵਾਲੀ ਕੀਤੀ ਹੈ। ਅੰਤਰ-ਸੰਸਥਾ ਤਾਲਮੇਲ ਪ੍ਰਮੁੱਖ ਜਾਂਚਕਰਤਾਵਾਂ ਵਲੋਂ ਕੀਤਾ ਜਾਵੇਗਾ, ਜੋ ਇਹ ਵੀ ਯਕੀਨੀ ਬਣਾਉਣਗੇ ਕਿ ਹਰੇਕ ਸੰਸਥਾ ’ਚ ਸਮੁੱਚਾ ਟ੍ਰਾਇਲ ਆਈ.ਸੀ.ਐੱਮ.ਆਰ. ਦੇ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਕੀਤਾ ਜਾਵੇ। ਵਿਨੀ ਮਹਾਜਨ ਨੇ ਦੱਸਿਆ ਕਿ ਡਾ. ਕੇ. ਕੇ. ਤਲਵਾੜ ਦੀ ਯੋਗ ਅਗਵਾਈ ਅਤੇ ਮੁਹਾਰਤ ਨਾਲ ਪ੍ਰਮੁੱਖ ਜਾਂਚਕਰਤਾਵਾਂ ਜਿਨ੍ਹਾਂ ’ਚ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ, ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਦੇ ਮੁਖੀ ਡਾ. ਏਕਾਜ ਜਿੰਦਲ, ਕਲੀਨੀਕਲ ਹੇਮਾਟੋਲੋਜੀ ਵਿਭਾਗ, ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਮੁਖੀ ਡਾ. ਐੱਮ. ਜੋਸਫ਼ ਜੌਨ ਸ਼ਾਮਲ ਹਨ, ਵਲੋਂ ਇਕ ਸਮਝੌਤੇ (ਐੱਮ.ਓ.ਯੂ.) ’ਤੇ ਹਸਤਾਖ਼ਰ ਕੀਤੇ ਗਏ ਹਨ।