ਐਤਕੀਂ ਕਿਸਾਨਾਂ ਦੇ ‘ਵਾਰੇ-ਨਿਆਰੇ’ ਕਰੇਗਾ ਬਾਸਮਤੀ
Monday, Jun 22, 2020 - 10:37 AM (IST)
ਮੋਗਾ (ਗੋਪੀ ਰਾਊੁਕੇ) : ਪੰਜਾਬ ਦੇ ਕਿਸਾਨਾਂ ਵਲੋਂ ਬੀਜਾਈ ਕੀਤੀ ਬਾਸਮਤੀ ਦਾ ਐਤਕੀਂ ਕਿਸਾਨਾਂ ਨੂੰ ਚੰਗਾ ਮੁੱਲ ਮਿਲਣ ਦੀ ਸੰਭਾਵਨਾ ਹੈ, ਕਿਉਂਕਿ ਬਾਸਮਤੀ ਉਤਪਾਦਕ ਫ਼ਸਲਾਂ 'ਚ ਪਾਬੰਦੀਸ਼ੁਦਾ ਉੱਲੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਦੇ ਚੰਗੇ ਨਤੀਜੇ ਪ੍ਰਾਪਤ ਹੋਣ ਨਾਲ ਦਰਾਮਦ ਮੁੜ ਸ਼ੁਰੂ ਹੋ ਗਈ ਹੈ। ਕਈ ਸਾਲ ਪਹਿਲਾਂ ਭਾਰਤ ਦੀ ਬਾਸਮਤੀ 'ਚ ਕੀਟਨਾਸ਼ਕਾਂ ਦੀ ਮਿਕਦਾਰ ਜ਼ਿਆਦਾ ਪਾਏ ਜਾਣ ਤੋਂ ਬਾਅਦ ਬਾਸਮਤੀ ਚੌਲ ਖਰੀਦਣ ਤੋਂ ਹੱਥ ਪਿੱਛੇ ਖਿੱਚ ਲਏ ਸਨ। ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਵਾਰ ਬਾਸਮਤੀ ਉਤਪਾਦਕਾਂ ਨੂੰ ਚੰਗਾ ਮੁਨਾਫ਼ਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਬੈਨ ਕੀਤੇ ਕੈਮੀਕਲਾਂ ਦੀ ਵਰਤੋਂ ਮੁਕੰਮਲ ਤੌਰ ’ਤੇ ਬੰਦ ਕਰਨ ਪ੍ਰਤੀ ਕਿਸਾਨਾਂ ਤੋਂ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਦੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਪਾਣੀਆਂ ’ਤੇ ਬਿਜਲੀ ਬੱਚਤ ਲਈ ਵੀ ਸ਼ੁੱਭ-ਸੰਕੇਤ ਹੈ। ਕੁੱਝ ਸਾਲ ਪਹਿਲਾਂ ਅਮਰੀਕਾ ਤੇ ਯੂਰਪੀ ਯੂਨੀਅਨ ਨੇ ਭਾਰਤ ਦੀ ਬਾਸਮਤੀ 'ਚ ਕੀਟਨਾਸ਼ਕਾਂ ਦੀ ਮਿਕਦਾਰ ਜ਼ਿਆਦਾ ਪਾਏ ਜਾਣ ਤੋਂ ਬਾਅਦ ਚੌਲ ਖਰੀਦਣ ਤੋਂ ਹੱਥ ਪਿੱਛੇ ਖਿੱਚ ਲਏ ਸਨ ਅਤੇ ਹੁਣ ਦਰਾਮਦ ਸ਼ੁਰੂ ਹੋਣ ਨਾਲ ਬਾਸਮਤੀ ਚੌਲ ਦੇ ਭਾਅ 'ਚ ਤੇਜ਼ੀ ਆਉਣ ਨਾਲ ਕਿਸਾਨਾਂ ਨੂੰ ਚੰਗਾਂ ਮੁੱਲ ਮਿਲਣ ਦੀ ਉਮੀਦ ਵੱਧ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੌਲ ਵਪਾਰੀ ਹੁਣ ਤੋਂ ਹੀ ਕਿਸਾਨਾਂ ਕੋਲੋਂ ਬਾਸਮਤੀ ਖਰੀਦਣ ਲਈ ਪਹੁੰਚ ਕਰਨ ਲੱਗ ਪਏ ਹਨ। ਇਸ ਨਾਲ ਪੰਜਾਬੀ ਕਿਸਾਨਾਂ ਦੀ ਪਤਲੀ ਹਾਲਤ ਸੁਧਰਨ ਲਈ ਵੱਡੀ ਮਦਦਗਾਰ ਸਾਬਤ ਹੋਵੇਗੀ। ਜ਼ਿਲ੍ਹਾ ਰਾਈਸ ਮਿਲਰਜ਼ ਐਸੋਸੀਏਸ਼ਨ ਆਗੂ ਪ੍ਰੇਮ ਸਿੰਗਲ ਨੇ ਕਿਹਾ ਕਿ ਯੂਰਪੀਨ ਦੇਸ਼ਾਂ ਵਲੋਂ ਬਰਾਮਦ ਸ਼ੁਰੂ ਹੋਣ ਨਾਲ ਵਪਾਰੀਆਂ ਨੂੰ ਕੁਝ ਰਾਹਤ ਮਿਲੀ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਬਾਸਮਤੀ ਪੂਸਾ 1121 ਈਰਾਨ ’ਚ ਕਾਫੀ ਪਸੰਦ ਕੀਤੀ ਜਾਂਦੀ ਹੈ ਅਤੇ ਇਹ ਮੁੱਖ ਦਰਾਮਦਕਾਰ ਦੇਸ਼ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਖੁਰਾਕ ਤੇ ਦਵਾਈਆਂ ਪ੍ਰਸ਼ਾਸਨ (ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਵੱਲੋਂ ਤੈਅ ਕੀਤੇ ਮਾਪਦੰਡਾਂ ’ਤੇ ਪੰਜਾਬੀਆਂ ਦੇ ਬਾਸਮਤੀ ਚੌਲ ਖਰੇ ਉੱਤਰਦੇ ਹਨ ਤਾਂ ਅਮਰੀਕਾ ਸਮੇਤ ਜਾਪਾਨ ਤੇ ਹੋਰ ਵੀ ਕਈ ਦੇਸ਼ ਦਰਾਮਦ ਸ਼ੁਰੂ ਕਰ ਸਕਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਅਤੇ ਰਾਜ ਪੁਰਸਕਾਰ ਜੇਤੂ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਕੀੜੇਮਾਰ ਜ਼ਹਿਰਾਂ ਨੂੰ ਸੰਕੋਚ ਕੇ ਵਰਤੋਂ ਕਰਨ ਦੇ ਬੈਨਰ ਬਣਾ ਕੇ ਡੀਲਰਾਂ ਦੀਆਂ ਦੁਕਾਨਾਂ ਤੋਂ ਇਲਾਵਾ ਸਹਿਕਾਰੀ ਸਭਾਵਾਂ ਅਤੇ ਸਾਂਝੀਆਂ ਥਾਵਾਂ ’ਤੇ ਲਾ ਕੇ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਤਾਂ ਜੋ ਕਿਸਾਨ ਆਪਣੀ ਬਾਸਮਤੀ ਦੀ ਫ਼ਸਲ ਤੋਂ ਚੋਖਾ ਮੁਨਾਫ਼ਾ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਦਰਾਮਦ ਸ਼ੁਰੂ ਹੋਣ ਨਾਲ ਭਾਰਤੀ ਆਰਥਿਕਤਾ ਨੂੰ ਚੰਗਾ ਹੁੰਗਾਰਾ ਮਿਲ ਸਕਦਾ ਹੈ, ਇਸ ਨਾਲ ਸੂਬੇ ਦੇ ਕਿਸਾਨ ਬਾਸਮਤੀ ਚੌਲ ਵੇਚ ਕੇ ਚੋਖੀ ਕਮਾਈ ਹੋਣ ਨਾਲ ਉਨ੍ਹਾਂ ਦੀ ਆਰਥਿਕਤਾ ਵੀ ਲੀਹ ’ਤੇ ਆ ਸਕਦੀ ਹੈ। ਅਗਾਂਹ ਵਧੂ ਕਿਸਾਨ ਸਵਰਨ ਸਿੰਘ ਅਤੇ ਪੰਡਿਤ ਸੋਮ ਨਾਥ ਪਿੰਡ ਰੋਡੇ ਨੇ ਕਿਹਾ ਕਿ ਦਰਾਮਦ ਸ਼ੁਰੂ ਹੋਣ ਨਾਲ ਕਿਸਾਨਾਂ ’ਚ ਬਾਸਮਤੀ ਬਿਜਾਈ ’ਚ ਦਿਲਚਸਪੀ ਵਧੀ ਹੈ। ਬਾਸਮਤੀ ਦੀ ਖਰੀਦ ਆੜ੍ਹਤੀਆਂ ਜ਼ਰੀਏ ਰਾਈਸ ਸ਼ੈਲਰ ਮਾਲਕ ਕਰਦੇ ਹਨ। ਇਸ ਵਾਰ ਬਾਸਮਤੀ ਉਤਪਾਦਕਾਂ ਨੂੰ ਆਪਣੀ ਫਸਲ ਦਾ ਚੰਗਾ ਮੁੱਲ ਮਿਲਣ ਦੀ ਉਮੀਦ ਵਧ ਗਈ ਹੈ।