ਪੰਜਾਬ ''ਚ ਮਾਈਨਿੰਗ ਦੇ ਮੁੱਦੇ ''ਤੇ ਗਰਮਾਈ ਸਿਆਸਤ ਵਿਚਾਲੇ ਕੈਬਨਿਟ ਮੰਤਰੀ ਜੌੜਾਮਾਜਰਾ ਦਾ ਵੱਡਾ ਬਿਆਨ

Monday, Jan 15, 2024 - 10:06 PM (IST)

ਪੰਜਾਬ ''ਚ ਮਾਈਨਿੰਗ ਦੇ ਮੁੱਦੇ ''ਤੇ ਗਰਮਾਈ ਸਿਆਸਤ ਵਿਚਾਲੇ ਕੈਬਨਿਟ ਮੰਤਰੀ ਜੌੜਾਮਾਜਰਾ ਦਾ ਵੱਡਾ ਬਿਆਨ

ਚੰਡੀਗੜ੍ਹ: ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਰੇਤ ਅਤੇ ਬਜਰੀ ਦੇਣ ਦੇ ਬਾਵਜੂਦ ਪਿਛਲੇ ਦੋ ਵਿੱਤੀ ਸਾਲਾਂ ਦੌਰਾਨ ਕੁੱਲ੍ਹ 472.50 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਗਿਆ ਹੈ। ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਵੱਖ-ਵੱਖ ਸਰੋਤਾਂ ਤੋਂ ਬੀਤੇ ਵਿੱਤੀ ਵਰ੍ਹੇ 2022-23 ਦੌਰਾਨ ਕੁੱਲ 247 ਕਰੋੜ ਰੁਪਏ ਜੁਟਾਏ ਅਤੇ ਮੌਜੂਦਾ ਵਿੱਤੀ ਵਰ੍ਹੇ 2023-24 ਦੌਰਾਨ 2 ਜਨਵਰੀ, 2024 ਤੱਕ 225.50 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਹਰਿਆਣਾ ਦੀ ਯੋਜਨਾ ਨਾਲ ਦੂਰ ਹੋਵੇਗੀ ਪੰਜਾਬ ਦੇ ਪਾਣੀ ਦੀ ਸਮੱਸਿਆ! ਪੂਰੇ ਦੇਸ਼ ਵਿਚ ਵਹੇਗੀ ਸਰਸਵਤੀ ਨਦੀ

ਮਾਲੀਆ ਇੱਕਤਰ ਕਰਨ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਜਨਤਕ ਰੇਤ ਖੱਡਾਂ (ਪੀ.ਐਮ.ਐਸ.) ਤੋਂ 13.5 ਕਰੋੜ ਰੁਪਏ, ਵਪਾਰਕ ਰੇਤ ਖੱਡਾਂ (ਸੀ.ਐਮ.ਐਸ.) ਤੋਂ 8.8 ਕਰੋੜ ਰੁਪਏ, ਅੰਤਰਰਾਜੀ ਖਣਨ ਗਤੀਵਿਧੀਆਂ ਤੋਂ 146.1 ਕਰੋੜ ਰੁਪਏ, ਭੱਠਾ ਮਾਲਕਾਂ ਦੇ ਲਾਇਸੈਂਸਾਂ ਤੋਂ 22.5 ਕਰੋੜ ਰੁਪਏ, ਘੱਟ ਸਮੇਂ ਦੀ ਮਿਆਦ ਦੇ ਪਰਮਿਟਾਂ ਤੋਂ 96.03 ਕਰੋੜ ਰੁਪਏ, ਨਿਯਮ 75 ਤਹਿਤ ਜੁਰਮਾਨੇ ਤੋਂ 7.92 ਕਰੋੜ ਰੁਪਏ, ਹੋਰ ਸਰੋਤਾਂ ਜਿਵੇਂ ਕਰੱਸ਼ਰ, ਰਜਿਸਟ੍ਰੇਸ਼ਨਾਂ, ਕਰੱਸ਼ਰ ਈ.ਐਮ.ਐਫ਼, ਡਿਮਾਂਡ ਨੋਟਿਸਾਂ ਤੇ ਵਾਹਨ ਪਰਮਿਟਾਂ ਆਦਿ ਤੋਂ 94.21 ਕਰੋੜ ਰੁਪਏ, ਡੀ-ਸਿਲਟਿੰਗ ਸਾਈਟਾਂ ਤੋਂ 30.86 ਕਰੋੜ ਰੁਪਏ ਅਤੇ ਬਾਕੀ ਬਲਾਕਾਂ ਤੋਂ 60 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਸਰਕਾਰਾਂ ਨੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਫ਼ੌਜੀ ਜਵਾਨ ਨੂੰ ਲਾਭ ਦੇਣ ਤੋਂ ਕੀਤੀ ਨਾਂਹ, ਹਾਈਕੋਰਟ ਪੁੱਜੀ ਮਾਂ

ਉਨ੍ਹਾਂ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਕਾਰਨ ਮੌਜੂਦਾ ਵਿੱਤੀ ਸਾਲ ਦੌਰਾਨ ਡੀ-ਸਿਲਟਿੰਗ ਸਾਈਟਾਂ ਤੋਂ ਹੋਣ ਵਾਲੀ ਆਮਦਨ ਨੂੰ ਬਾਹਰ ਰੱਖਿਆ ਗਿਆ ਹੈ ਜਿਸ ਕਾਰਨ ਮਾਈਨਿੰਗ ਵਿਭਾਗ ਵੱਲੋਂ ਡੀ-ਸਿਲਟਿੰਗ ਸਾਈਟਾਂ ਸਰੰਡਰ ਕਰਨ ਕਰਕੇ ਲਗਭਗ 450 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜੌੜਾਮਾਜਰਾ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ 2023-24 ਲਈ 307 ਕਰੋੜ ਰੁਪਏ ਅਤੇ ਅਗਲੇ ਵਿੱਤੀ ਵਰ੍ਹੇ 2024-25 ਲਈ 300 ਕਰੋੜ ਰੁਪਏ ਆਮਦਨ ਹੋਣ ਦਾ ਅਨੁਮਾਨ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਆਉਣਗੇ PM ਮੋਦੀ, ਅਮਿਤ ਸ਼ਾਹ, ਜੇ.ਪੀ. ਨੱਡਾ ਤੇ ਰਾਜਨਾਥ ਸਿੰਘ, ਇਸ ਤਾਰੀਖ਼ ਤੋਂ ਕਰਨਗੇ ਰੈਲੀਆਂ

ਮੀਡੀਆ ਦੇ ਇਕ ਹਿੱਸੇ ਵਿਚ ਆਈ ਰਿਪੋਰਟ ਨੂੰ ਬੇਬੁਨਿਆਦ, ਗੁੰਮਰਾਹਕੁੰਨ ਅਤੇ ਮਨਘੜਤ ਦੱਸਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਸਪੱਸ਼ਟ ਕੀਤਾ ਕਿ ਰਿਪੋਰਟ ਵਿਚ ਦਰਸਾਏ ਗਏ ਮਾਲੀਏ ਦੇ ਅੰਕੜੇ ਸਿਰਫ਼ ਜਨਤਕ ਰੇਤ ਖੱਡਾਂ ਅਤੇ ਵਪਾਰਕ ਰੇਤ ਖੱਡਾਂ ਤੋਂ ਹੋਣ ਵਾਲੇ ਮਾਲੀਏ ਨੂੰ ਦਰਸਾਉਂਦੇ ਹਨ ਅਤੇ ਇਸ ਵਿਚ ਹੋਰਨਾਂ ਪ੍ਰਮੁੱਖ ਸਰੋਤਾਂ ਤੋਂ ਹੋਣ ਵਾਲੇ ਮਾਲੀਏ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਕਰੜੇ ਹੱਥੀਂ ਨੱਥ ਪਾਈ ਗਈ ਹੈ ਅਤੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਰਿਕਾਰਡ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਕਿਫ਼ਾਇਤੀ ਦਰਾਂ 'ਤੇ ਰੇਤ-ਬਜਰੀ ਮੁਹੱਈਆ ਕਰਵਾ ਰਹੀ ਹੈ ਅਤੇ ਇਸ ਦੇ ਬਾਵਜੂਦ ਸਰਕਾਰ ਦੇ ਮਾਲੀਏ ਵਿਚ ਵਾਧਾ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News