ਏ. ਐੱਸ. ਆਈ. ਦੀ ਅਪੀਲ, ''ਵਿਆਹ ਤੋਂ ਪਹਿਲਾਂ ਕਰਵਾਓ ਲੜਕਾ-ਲੜਕੀ ਦਾ ਡੋਪ ਟੈਸਟ''

07/12/2018 6:51:13 PM

ਕਪੂਰਥਲਾ— ਪੰਜਾਬ 'ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਪੁਲਸ ਮੁਲਾਜ਼ਮ ਗੁਰਬਚਨ ਸਿੰਘ ਬੰਗੜ ਨੇ ਸਾਰੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਧੀਆਂ-ਪੁੱਤਰਾਂ ਦੀਆਂ ਕੁੰਡਲੀਆਂ ਮਿਲਵਾਉਣ ਦੇ ਨਾਲ-ਨਾਲ ਨਸ਼ੇ ਦਾ ਡੋਪ ਟੈਸਟ ਵੀ ਜ਼ਰੂਰ ਕਰਵਾਇਆ ਜਾਵੇ। ਇਹ ਸਭ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਸ਼ਾ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਹਰ ਦਿਨ ਨਸ਼ਿਆਂ ਕਾਰਨ ਪੰਜਾਬ 'ਚ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਹਰ ਮੁਲਾਜ਼ਮ ਦਾ ਡੋਪ ਟੈਸਟ ਕਰਵਾ ਕੇ ਪੰਜਾਬ ਦੇ ਸਿਸਟਮ 'ਚ ਸੁਧਾਰ ਲੈ ਕੇ ਆਉਣਾ ਚਾਹੁੰਦੀ ਹੈ, ਅਜਿਹੇ 'ਚ ਸਭ ਮਾਂ-ਬਾਪ ਬੱਚਿਆਂ ਦੇ ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਡੋਪ ਟੈਸਟ ਕਰਵਾਉਣਾ ਨਾ ਭੁੱਲਣ ਕਿਉਂਕਿ ਟੈਸਟ 'ਚ ਜੇਕਰ ਕੋਈ ਲੜਕਾ-ਲੜਕੀ ਨਸ਼ੇ ਦਾ ਪਾਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਸਕਦੀ ਹੈ। 
ਜ਼ਿਕਰਯੋਗ ਹੈ ਕਿ ਏ. ਐੱਸ. ਆਈ. ਗੁਰਬਚਨ ਸਿੰਘ ਆਪਣੀ ਡਿਊਟੀ ਦੌਰਾਨ ਲੋਕਾਂ ਨੂੰ ਵਾਤਾਵਰਣ, ਟ੍ਰੈਫਿਕ ਨਿਯਮਾਂ ਅਤੇ ਨਸ਼ੇ ਤੋਂ ਰੋਕਣ ਲਈ ਪ੍ਰੇਰਿਤ ਕਰ ਰਹੇ ਹਨ। ਹੁਣ ਤੱਕ ਉਹ 13 ਸਾਲਾਂ 'ਚ 1 ਲੱਖ ਬੂਟੇ ਲਗਾ ਚੁੱਕੇ ਹਨ। ਸੰਸਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਉਨ੍ਹਾਂ ਦੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕੀਤੀ ਸੀ। ਸਮਾਜ 'ਚ ਹਰ ਵਰਗ ਜਾਗਰੂਕ ਹੋਵੇ, ਇਸ ਦੇ ਲਈ ਉਹ ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਉਰਦੂ 'ਚ 1 ਲੱਖ ਤੋਂ ਵਧ ਪੰਫਲੇਟ ਪੂਰੇ ਪੰਜਾਬ 'ਚ ਵੰਡ ਕੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਜਾਗਰੂਕ ਕਰ ਚੁੱਕੇ ਹਨ। 30 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਆਪਣੇ ਬੱਚਿਆਂ ਅਤੇ ਕਿਸੇ ਵੀ ਮੈਂਬਰ ਦੇ ਜਨਮਦਿਨ, ਵਿਆਹ ਦੀ ਵਰ੍ਹੇਗੰਢ 'ਤੇ ਬੂਟੇ ਲਗਾਉਣ ਲਈ ਪੱਤਰ ਵੀ ਲਿਖ ਚੁੱਕੇ ਹਨ। ਬੰਗੜ ਨੂੰ ਸਟੇਟ ਐਵਾਰਡ ਵੀ ਮਿਲ ਚੁੱਕੇ ਹਨ।


Related News