ਤਿਉਹਾਰਾਂ ਦੇ ਮੌਕੇ 'ਤੇ ਪੰਜਾਬ ਪੁਲਸ ਨੇ ਕੱਸੀ ਤਿਆਰੀ, DGP ਵੱਲੋਂ ਜਾਰੀ ਕੀਤੇ ਗਏ ਸਖ਼ਤ ਹੁਕਮ

Sunday, Oct 02, 2022 - 09:29 AM (IST)

ਜਲੰਧਰ (ਧਵਨ) : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ਸਮੇਤ ਸਾਰੇ ਜ਼ਿਲ੍ਹਿਆਂ ’ਚ ਵਿਸ਼ੇਸ਼ ਚੌਕਸੀ ਰੱਖਣ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਡੀ. ਜੀ. ਪੀ. ਨੇ ਸਾਰੇ ਪੁਲਸ ਕਮਿਸ਼ਨਰਾਂ, ਸਾਰੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼. ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਤਿਉਹਾਰੀ ਸੀਜ਼ਨ ’ਚ ਆਪਣੇ-ਆਪਣੇ ਖੇਤਰਾਂ ’ਚ ਬਹੁਤ ਜ਼ਿਆਦਾ ਚੌਕਸ ਰਹਿਣ ਲਈ ਕਿਹਾ ਹੈ। 5 ਅਕਤੂਬਰ ਨੂੰ ਦੁਸਹਿਰਾ ਆ ਰਿਹਾ ਹੈ ਅਤੇ ਉਸ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਆਉਣਾ ਹੈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਖਰੜ ਨੈਸ਼ਨਲ ਹਾਈਵੇਅ ਕੀਤਾ ਜਾਮ, ਕਈ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ (ਤਸਵੀਰਾਂ)

ਇਸ ਲਈ ਬਜ਼ਾਰਾਂ ’ਚ ਜ਼ਿਆਦਾ ਭੀੜ ਰਹੇਗੀ, ਜਿਸ ਨੂੰ ਦੇਖਦੇ ਹੋਏ ਡੀ. ਜੀ. ਪੀ. ਨੇ ਪੁਲਸ ਅਧਿਕਾਰੀਆਂ ਨੂੰ ਲਗਾਤਾਰ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਚੈਕਿੰਗ ਮੁਹਿੰਮ ਚਲਾਉਣ ਅਤੇ ਪੁਲਸ ਅਧਿਕਾਰੀਆਂ ਨੂੰ ਫੀਲਡ ’ਚ ਚੈਕਿੰਗ ਲਈ ਭੇਜਣ ਲਈ ਕਿਹਾ ਹੈ। ਡੀ. ਜੀ. ਪੀ. ਨੇ ਆਪਣੇ ਨਿਰਦੇਸ਼ਾਂ ’ਚ ਕਿਹਾ ਹੈ ਕਿ ਹਰ ਸਾਲ ਵਾਂਗ ਇਸ ਵਾਰ ਵੀ ਪੂਰੀ ਚੌਕਸੀ ਸਰਹੱਦੀ ਜ਼ਿਲ੍ਹਿਆਂ ’ਚ ਵਰਤਣੀ ਹੋਵੇਗੀ ਕਿਉਂਕਿ ਸਰਹੱਦ ਪਾਰ ਤੋਂ ਭਾਰਤੀ ਖੇਤਰ ’ਚ ਗੜਬੜ ਕਰਵਾਉਣ ਦੀਆਂ ਕੋਸ਼ਿਸ਼ਾਂ ਦੁਸ਼ਮਣ ਦੇਸ਼ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਦੀਵਾਲੀ 'ਤੇ ਪਟਾਕੇ ਚਲਾਉਣ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ

ਇਸ ਲਈ ਇਸ ਵਾਰ ਵੀ ਸਰਹੱਦੀ ਜ਼ਿਲ੍ਹਿਆਂ ਦੀ ਕਮਾਂਡ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ ਨੂੰ ਬਹੁਤ ਜ਼ਿਆਦਾ ਚੌਕਸ ਰਹਿਣਾ ਪਵੇਗਾ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਸੂਬੇ ਦੀ ਅਮਨ-ਸ਼ਾਂਤੀ ਨਾਲ ਖਿਲਵਾੜ ਨਾ ਕਰ ਸਕੇ। ਡੀ. ਜੀ. ਪੀ. ਗੌਰਵ ਯਾਦਵ ਨੇ ਹੋਰ ਵੱਡੇ ਮਹਾਨਗਰਾਂ ਦੇ ਪੁਲਸ ਕਮਿਸ਼ਨਰਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰਾਂ ’ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਰਹਿਣ। ਡੀ. ਜੀ. ਪੀ. ਵੱਲੋਂ ਦਿੱਤੇ ਗਏ ਨਵੇਂ ਨਿਰਦੇਸ਼ਾਂ ਨੂੰ ਦੇਖਦੇ ਹੋਏ ਹੁਣ ਅਗਲੇ ਹਫ਼ਤੇ ਤੋਂ ਸਾਰੇ ਸੀਨੀਅਰ ਪੁਲਸ ਅਧਿਕਾਰੀ ਵੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫੀਲਡ ’ਚ ਨਜ਼ਰ ਆਉਣਗੇ ਅਤੇ ਨਾਲ ਹੀ ਵੱਡੇ ਮਹਾਨਗਰਾਂ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਵੀ ਪੁਲਸ ਅਧਿਕਾਰੀਆਂ ਵੱਲੋਂ ਵਿੱਢੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News