ਪੰਜਾਬ ''ਚ ਤਿਓਹਾਰਾਂ ਦੇ ਮੱਦੇਨਜ਼ਰ DGP ਵੱਲੋਂ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼
Sunday, Oct 03, 2021 - 09:00 AM (IST)
ਚੰਡੀਗੜ੍ਹ (ਰਮਨਜੀਤ) : ਸਰਹੱਦੀ ਸੂਬੇ ਪੰਜਾਬ ’ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਪੁਲਸ (ਡੀ. ਜੀ. ਪੀ.) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਸ਼ਨੀਵਾਰ ਨੂੰ ਐੱਸ. ਏ. ਐੱਸ. ਨਗਰ ਵਿਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਡੀ. ਜੀ. ਪੀ. ਨੇ ਸੂਬੇ ਵਿਚ ਅੰਦਰੂਨੀ ਸੁਰੱਖਿਆ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ। ਇਸ ਦੌਰਾਨ ਏ. ਡੀ. ਜੀ. ਪੀ. ਵਰਿੰਦਰ ਕੁਮਾਰ, ਏ. ਡੀ. ਜੀ. ਪੀ. ਅੰਦਰੂਨੀ ਸੁਰੱਖਿਆ ਆਰ. ਐੱਨ. ਢੋਕੇ ਅਤੇ ਏ. ਡੀ.ਜੀ. ਪੀ. ਕਾਂਊਟਰ ਇੰਟੈਲੀਜੈਂਸ ਅਤੇ ਓ. ਸੀ. ਸੀ. ਯੂ. ਅਮਿਤ ਪ੍ਰਸਾਦ ਵੀ ਮੌਜੂਦ ਸਨ।
ਇਹ ਮੀਟਿੰਗ ਅਜਿਹੇ ਸਮੇਂ ਹੋਈ, ਜਦੋਂ ਸੂਬੇ ’ਚ ਗ੍ਰਨੇਡ ਅਤੇ ਆਰ. ਡੀ. ਐੱਕਸ. ਨਾਲ ਭਰੇ ਟਿਫ਼ਿਨ ਬਾਕਸਾਂ ਦੀ ਬਰਾਮਦਗੀ ਤੋਂ ਇਲਾਵਾ ਹੋਰ ਹਥਿਆਰਾਂ ਅਤੇ ਗੋਲਾ ਬਾਰੂਦ ਵੀ ਬਰਾਮਦ ਹੋ ਰਹੇ ਹਨ, ਜੋ ਕਿ ਦੇਸ਼ ਵਿਰੋਧੀ ਅਨਸਰਾਂ ਵੱਲੋਂ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਦਾ ਸੰਕੇਤ ਹੈ। ਅੰਦਰੂਨੀ ਸੁਰੱਖਿਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, ਡੀ. ਜੀ. ਪੀ. ਨੇ ਸੰਤੁਸ਼ਟੀ ਪ੍ਰਗਟਾਈ ਕਿ ਪੰਜਾਬ ਪੁਲਸ ਅੱਤਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਨਜਿੱਠਣ ਲਈ ਵੱਖੋ-ਵੱਖਰੇ ਢੰਗ ਅਖ਼ਤਿਆਰ ਕਰਕੇ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਇਸ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਰਾਹੁਲ-ਪ੍ਰਿਅੰਕਾ ਨੂੰ ਲੈ ਕੇ 'ਨਵਜੋਤ ਸਿੱਧੂ' ਦਾ ਵੱਡਾ ਬਿਆਨ, ਟਵੀਟ ਕਰਕੇ ਕਹੀ ਇਹ ਗੱਲ
ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਿਤੀ ਬਿਲਕੁਲ ਸ਼ਾਂਤੀਪੂਰਨ ਹੈ ਅਤੇ ਪੰਜਾਬ ਪੁਲਸ ਕਿਸੇ ਵੀ ਚੁਣੌਤੀ ਲਈ ਤਿਆਰ-ਬਰ-ਤਿਆਰ ਹੈ। ਡੀ. ਜੀ. ਪੀ. ਸਹੋਤਾ ਨੇ ਤਿਓਹਾਰਾਂ ਦੇ ਮੌਸਮ ਦੇ ਚੱਲਦਿਆਂ ਦੇਸ਼ ਵਿਰੋਧੀ ਅਨਸਰਾਂ ’ਤੇ ਚੌਕਸੀ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ, ਇੰਟੈਲੀਜੈਂਸ ਅਧਿਕਾਰੀਆਂ ਨੂੰ 24- ਘੰਟੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ’ਚ ਲੈਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਹਿੰਸਕ ਗਤੀਵਿਧੀਆਂ ’ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਤੁਰੰਤ ਫੌਜ਼ਦਾਰੀ ਕੇਸ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਹੈਲੀਕਾਪਟਰ ਬਣਿਆ ਪਹੇਲੀ, ਚੰਨੀ ਗਏ ਹੈਲੀਕਾਪਟਰ ਵਿਚ ਪਰਤੇ ਫਲਾਈਟ ਰਾਹੀਂ
ਡੀ. ਜੀ. ਪੀ. ਸਹੋਤਾ ਨੇ ਪੰਜਾਬ ਦੇ ਲੋਕਾਂ ਨੂੰ ਹਰ ਸਮੇਂ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਰੇਲਾਂ, ਬੱਸਾਂ ਜਾਂ ਰੈਸਟੋਰੈਂਟਾਂ ਸਮੇਤ ਕਿਤੇ ਵੀ ਕੋਈ ਸ਼ੱਕੀ ਜਾਂ ਲਾਵਾਰਿਸ ਵਸਤੂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਸ ਨੂੰ 112 ਜਾਂ 181 ਹੈਲਪਲਾਈਨ ਨੰਬਰ ’ਤੇ ਸੂਚਨਾ ਦਿੱਤੀ ਜਾਵੇ। ਇਸ ਦੌਰਾਨ, ਏ. ਡੀ. ਜੀ. ਪੀ. ਆਰ. ਐੱਨ. ਢੋਕੇ ਨੇ ਡੀ. ਜੀ.ਪੀ. ਨੂੰ ਹਾਲ ਹੀ ਵਿਚ ਸੂਬੇ ਵਿਚ ਹੋਈਆਂ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਤੋਂ ਵੀ ਜਾਣੂੰ ਕਰਵਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ