ਪੰਜਾਬ ਖੇਤੀ ਲਈ ਕੇਂਦਰ ਤੋਂ ਮੰਗੇਗਾ ''ਵਿਸ਼ੇਸ ਪੈਕੇਜ''
Sunday, Feb 18, 2018 - 09:02 AM (IST)

ਚੰਡੀਗੜ੍ਹ : ਕੇਂਦਰੀ ਬਜਟ ਦਾ ਫੋਕਸ ਕਿਸਾਨੀ 'ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਮੰਗਣ ਦੀ ਤਿਆਰੀ ਕਰ ਲਈ ਹੈ। 22 ਫਵਰਰੀ ਨੂੰ ਦਿੱਲੀ 'ਚ ਹੋਣ ਵਾਲੀ 'ਨੀਤੀ ਕਮਿਸ਼ਨ' ਦੀ ਬੈਠਕ 'ਚ ਪੰਜਾਬ ਸਰਕਾਰ ਖੇਤੀ 'ਤੇ ਫੋਕਸ ਕਰਕੇ ਆਪਣੀ ਮੰਗ ਰੱਖੇਗੀ। ਹਾਲਾਂਕਿ ਇਸ ਤੋਂ ਪਹਿਲਾਂ ਖੇਤੀ ਅਤੇ ਕਿਸਾਨੀ 'ਤੇ ਹੀ 18 ਅਤੇ 19 ਫਰਵਰੀ ਨੂੰ 2 ਦਿਨਾਂ ਲਈ ਹੋਰ ਬੈਠਕ ਬੁਲਾਈ ਗਈ ਹੈ, ਜਿਸ 'ਚ ਸਾਰੇ ਸੂਬਿਆਂ ਤੋਂ ਖੇਤੀ ਮਾਹਰਾਂ ਅਤੇ ਖੇਤੀ ਅਰਥ ਸ਼ਾਸਤਰੀਆਂ ਨੂੰ ਬੁਲਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਹੋ ਜਾਵੇਗੀ। ਇਹ ਸਾਰੀ ਪ੍ਰਕਿਰਿਆ ਇਸੇ ਦਿਸ਼ਾ 'ਚ ਕੰਮ ਕਰਨ ਵਾਲੀ ਹੈ। ਕਈ ਜਾਣਕਾਰਾਂ ਦਾ ਕਹਿਣਾ ਹੈ ਕਿ 18 ਅਤੇ 19 ਫਰਵਰੀ ਦੀ ਬੈਠਕ 'ਚ ਸਿਰਫ ਉਨ੍ਹਾਂ ਮਾਹਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ, ਜੋ ਸਰਕਾਰ ਦੀ ਭਾਸ਼ਾ ਬੋਲਣਗੇ, ਨਾ ਕਿ ਕਿਸਾਨਾਂ ਦੀਆਂ ਅਸਲੀ ਸਮੱਸਿਆਵਾਂ ਨੂੰ ਪ੍ਰਧਾਨ ਮੰਤਰੀ ਸਾਹਮਣੇ ਰੱਖਣਗੇ।