NRIs ਵੀ ਪੰਜਾਬੀ ਨੇ, ਸਰਕਾਰ ਉਨ੍ਹਾਂ ਦਾ ਰੱਖੇ ਧਿਆਨ: ਮਨਜੀਤ ਸਿੰਘ

Monday, Mar 30, 2020 - 06:06 PM (IST)

NRIs ਵੀ ਪੰਜਾਬੀ ਨੇ, ਸਰਕਾਰ ਉਨ੍ਹਾਂ ਦਾ ਰੱਖੇ ਧਿਆਨ: ਮਨਜੀਤ ਸਿੰਘ

ਹੁਸ਼ਿਆਰਪੁਰ (ਘੁੰਮਣ)— ਐੱਨ. ਆਰ. ਆਈਜ਼. ਪੰਜਾਬੀ ਹਨ ਅਤੇ ਹਮੇਸ਼ਾਂ ਪੰਜਾਬ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਅੱਜ ਸਾਨੂੰ ਉਨ੍ਹਾਂ ਦੀ ਅਹਿਮੀਅਤ ਸਮਝਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਜੀਤ ਸਿੰਘ ਦਸੂਹਾ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂ. ਐੱਸ. ਏ. ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਕ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ 'ਤੇ ਪਹੁੰਚ ਕੇ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਅਤੇ ਆਪਣੇ ਦੇਸ਼ ਅਤੇ ਪੰਜਾਬ ਨੂੰ ਖੁਸ਼ਹਾਲ ਬਨਾਉਣ 'ਚ ਬਣਦਾ ਯੋਗਦਾਨ ਪਾਉਣ ਵਾਲੇ ਐੱਨ. ਆਰ. ਆਈਜ਼. ਨੇ ਹਰ ਔਖੇ ਸਮੇਂ ਸਾਥ ਦਿੱਤਾ ਹੈ। 

ਦਸੂਹਾ ਨੇ ਕਿਹਾ ਕਿ ਸਰਕਾਰ ਸੂਬੇ ਦੀ ਤਰੱਕੀ ਲਈ ਐੱਨ. ਆਰ. ਆਈਜ਼ ਨੂੰ ਪੰਜਾਬ 'ਚ ਪੈਸਾ ਲਗਾਉਣ ਲਈ ਪ੍ਰੇਰਦੀ ਆਈ ਹੈ ਕਿ ਉਹ ਇਥੇ ਆ ਕੇ ਇੰਡਸਟਰੀਆਂ ਲਗਾਉਣ 'ਤੇ ਆਪਣੇ ਕਾਰੋਬਾਰ ਕਰਨ। ਅੱਜ ਦੁਨੀਆਂ ਵਿਚ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਫੈਲਣ ਕਾਰਨ ਜੋ ਵਿਅਕਤੀ ਜਹਾਜਾਂ ਜਾਂ ਏਅਰਪੋਰਟਾਂ 'ਤੇ ਇਸ ਬਿਮਾਰੀ ਦੀ ਲਪੇਟ ਵਿਚ ਆ ਗਏ ਹਨ, ਉਸ 'ਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਹਰ ਵਿਅਕਤੀ ਆਪਣੇ-ਆਪ ਨੂੰ ਹਮੇਸ਼ਾਂ ਤੰਦਰੁਸਤ ਰੱਖਣਾ ਚਾਹੁੰਦਾ ਹੈ। 

ਉਨ੍ਹਾਂ ਕਿਹਾ ਕਿ ਐੱਨ. ਆਰ. ਆਈਜ਼. ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਟ੍ਰੈਵਲ ਕਰਕੇ ਆਏ ਵਿਅਕਤੀਆਂ ਨੂੰ ਆਪਣੀਆਂ ਜਾਣਕਾਰੀਆਂ ਦੇਣ ਲਈ ਕਿਹਾ ਗਿਆ ਹੈ ਜੋ ਦੇਸ਼ ਤੇ ਸਮਾਜ ਦੇ ਹਿੱਤ 'ਚ ਚੰਗਾ ਫੈਸਲਾ ਹੈ ਅਤੇ ਜਿਸ ਲਈ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਵੱਲੋਂ ਪੰਚਾਇਤਾਂ, ਕਾਰਪੋਰੇਸ਼ਨਾਂ, ਨਗਰ ਕੌਂਸਲਾਂ, ਸਿਹਤ ਵਿਭਾਗ ਤੇ ਪੁਲਸ ਵਿਭਾਗ ਨੂੰ ਜਾਣਕਾਰੀਆਂ ਦਿੱਤੀਆਂ ਵੀ ਜਾ ਰਹੀਆਂ ਹਨ। ਫਿਰ ਵੀ ਵਾਰ-ਵਾਰ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੇ ਜਾਣ ਨਾਲ ਕਿਤੇ ਨਾ ਕਿਤੇ ਉਨ੍ਹਾਂ ਨੂੰ ਹੀਣਭਾਵਨਾ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਨਾਲ ਆਪਣੇ ਦੇਸ਼ 'ਚ ਹੀ ਬੇਗਾਨਿਆਂ ਦੀ ਤਰ੍ਹਾਂ ਵਿਵਹਾਰ ਕੀਤਾ ਜਾ ਰਿਹਾ ਹੈ। ਜਦਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। 

ਮਨਜੀਤ ਦਸੂਹਾ ਨੇ ਕਿਹਾ ਕਿ ਕੁਝ ਜ਼ਿੰਮੇਂਵਾਰ ਵਿਅਕਤੀ ਐੱਨ. ਆਰ. ਆਈਜ਼. ਪ੍ਰਤੀ ਗਲਤ ਸੋਚ ਰੱਖ ਰਹੇ ਹਨ ਜੋ ਕਿ ਠੀਕ ਨਹੀਂ ਹੈ। ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵੱਡੇ ਪੱਧਰ 'ਤੇ ਵਿਦੇਸ਼ਾਂ 'ਚ ਬੈਠੇ ਹਨ, ਜਿਨ੍ਹਾਂ ਕਰਕੇ ਹੀ ਸਾਡੇ ਇਥੇ ਪ੍ਰਾਪਰਟੀ ਦੇ ਰੇਟ ਵੱਡੇ ਪੱਧਰ 'ਤੇ ਵਧੇ ਸਨ ਅਤੇ ਉਹ ਹਮੇਸ਼ਾਂ ਆਪਣੇ ਪਿੱਛੇ ਬੈਠੇ ਭੈਣ-ਭਰਾਵਾਂ, ਪਿੰਡਾਂ ਆਦਿ ਦੀ ਤਰੱਕੀ 'ਚ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ 'ਚ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਜੰਗ ਲੜਨੀ ਚਾਹੀਦੀ ਹੈ ਨਾ ਕਿ ਇਸ ਸਬੰਧ 'ਚ ਕੋਈ ਸਿਆਸਤ ਕਰਨੀ ਚਾਹੀਦੀ ਹੈ।


author

shivani attri

Content Editor

Related News