ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਲੈ ਕੇ ਜਾਖੜ ਨੇ ਘੇਰੇ ਅਕਾਲੀ
Thursday, Mar 04, 2021 - 06:15 PM (IST)
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਪਿਛਲੀ ਸਰਕਾਰ ਵਲੋਂ ਅਨਾਜ ਖਰੀਦ ਮਾਮਲੇ ਦੇ ਬਕਾਇਆ ਕੇਸ ਦੇ ਨਬੇੜੇ ਲਈ 31000 ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜ੍ਹਾਉਣ ਨੂੰ ਪੰਜਾਬ ਦੇ ਭਵਿੱਖ ਨਾਲ ਕੀਤੀ ਵੱਡੀ ਗੱਦਾਰੀ ਕਰਾਰ ਦਿੰਦਿਆਂ ਆਖਿਆ ਹੈ ਕਿ ਅਸਲ ਵਿਚ ਕੇਂਦਰ ਸਰਕਾਰ ਤਾਂ ਸਿਰਫ 13000 ਕਰੋੜ ਰੁਪਏ ਵਿਚ ਹੀ ਇਸ ਕੇਸ ਦਾ ਨਬੇੜਾ ਕਰਨ ਨੂੰ ਨੂੰ ਤਿਆਰ ਸੀ।
ਇਹ ਵੀ ਪੜ੍ਹੋ ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ
ਅੱਜ ਇੱਥੇ ਭਾਰਤ ਸਰਕਾਰ ਦੀ ਇਕ ਰਿਪੋਰਟ ਦੀ ਕਾਪੀ ਮੀਡੀਆ ਨਾਲ ਸਾਂਝੀ ਕਰਦਿਆਂ ਜਾਖੜ ਨੇ ਤਤਕਾਲੀ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਉਨ੍ਹਾਂ ਨੂੰ ਸਾਹਮਣੇ ਆ ਕੇ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਲਈ ਵੰਗਾਰਿਆ ਅਤੇ ਕਿਹਾ ਕਿ ਉਹ ਕਿਹੜੇ ਕਾਰਨ ਸਨ, ਜਿਨ੍ਹਾਂ ਕਾਰਨ ਉਨ੍ਹਾਂ ਪੰਜਾਬ ਦਾ ਭਵਿੱਖ ਹੀ ਦਾਅ ’ਤੇ ਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਹੀ ਸਮਾਂ ਹੈ, ਜਦ ਢੀਂਡਸਾ ਆਪਣੇ ਕੀਤੇ ਪਾਪ ਨੂੰ ਧੋਹ ਸਕਦੇ ਹਨ ਅਤੇ ਉਨ੍ਹਾਂ ਤਾਕਤਾਂ ਨੂੰ ਜਨਤਕ ਕਰ ਸਕਦੇ ਹਨ, ਜਿਨ੍ਹਾਂ ਨੇ ਕੇਂਦਰ ਸਰਕਾਰ ਵਲੋਂ 13000 ਕਰੋੜ ਵਿਚ ਕੇਸ ਦਾ ਨਿਪਟਾਰਾ ਕਰਨ ਦੀ ਸਹਿਮਤੀ ਦੇ ਬਾਵਜੂਦ ਪੰਜਾਬ ਸਿਰ 31000 ਕਰੋੜ ਦਾ ਕਰਜ਼ਾ ਚੜ੍ਹਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਰਿਪੋਰਟ ਬੜੀ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਤਾਂ ਚਾਹੁੰਦੀ ਸੀ ਕਿ ਪੰਜਾਬ ਸਿਰਫ 13000 ਦਾ ਬੋਝ ਚੁੱਕੇ, ਜਦਕਿ ਅਕਾਲੀ ਦਲ ਇਸ ਵਿਸ਼ੇ ’ਤੇ ਹੋਰ ਹੀ ਝੂਠ ਬੋਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤੀ ਘੋਟਾਲੇ ਵਿਚ ਤਤਕਾਲੀ ਵਿੱਤ ਮੰਤਰੀ ਢੀਂਡਸਾ ਸ਼ਾਮਲ ਸਨ ਅਤੇ ਅਕਾਲੀ-ਭਾਜਪਾ ਦੇ ਆਗੂਆਂ ਨੂੰ ਪੰਜਾਬੀ ਇਸ ਘੋਟਾਲੇ ਲਈ ਕਦੇ ਮੁਆਫ ਨਹੀਂ ਕਰਨਗੇ। ਇਸ ਰਿਪੋਰਟ ਤੋਂ ਸਪੱਸ਼ਟ ਹੈ ਕਿ ਅਕਾਲੀ ਦਲ ਨੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਆਪਣੇ ਸਿਆਸੀ ਹਿੱਤ ਸਾਧਣ ਲਈ ਸੂਬੇ ਦੀ ਵਿੱਤੀ ਸਥਿਰਤਾ ਨੂੰ ਹੀ ਗਹਿਣੇ ਪਾ ਦਿੱਤਾ।
ਇਹ ਵੀ ਪੜ੍ਹੋ ਬਠਿੰਡਾ ਦੇ ਗੱਭਰੂਆਂ ਨੇ ਢਾਈ ਲੱਖ 'ਚ ਤਿਆਰ ਕੀਤਾ ‘ਪੰਜਾਬ ਦਾ ਰਾਫੇਲ’,ਹਰ ਪਾਸੇ ਹੋ ਰਹੀ ਚਰਚਾ
ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸੀਤਾਰਮਨ ਨੂੰ ਪੱਤਰ ਲਿਖ ਕੇ ਇਸ ਸਬੰਧੀ ਸਾਰੇ ਤੱਖ ਉਜਾਗਰ ਕਰਨ ਲਈ ਕਹਿਣਗੇ। ਉਨ੍ਹਾਂ ਇਹ ਵੀ ਐਲਾਣ ਕੀਤਾ ਕਿ 8 ਮਾਰਚ ਨੂੰ ਯੂਥ ਕਾਂਗਰਸ ਵਲੋਂ ਭਾਜਪਾ ਦੇ ਸੀਨਿਅਰ ਆਗੂਆਂ ਨਿਸ਼ੰਕ ਗੌਤਮ, ਤਰੁਣ ਚੁੱਘ ਅਤੇ ਸ਼ਵੇਤ ਮਲਿਕ ਨੂੰ ਇਸ ਰਿਪੋਰਟ ਦੀਆਂ ਕਾਪੀਆਂ ਦੇਣਗੇ ਤਾਂ ਜੋ ਉਹ ਆਪਣਾ ਪੱਖ ਇਸ ਬਾਰੇ ਰੱਖ ਸਕਣ ਕਿਉਂਕਿ ਪਿਛਲੀ ਸਰਕਾਰ ਵਿਚ ਉਹ ਵੀ ਬਰਾਬਰ ਦੇ ਭਾਈਵਾਲ ਸਨ।