ਜਲੰਧਰ 'ਚ ਕਾਂਗਰਸ ਦਾ ਹੱਲਾ ਬੋਲ, ਰਾਜਾ ਵੜਿੰਗ ਦੀ ਅਗਵਾਈ 'ਚ ਘੇਰਿਆ ਈ. ਡੀ. ਦਫ਼ਤਰ
Monday, Jun 13, 2022 - 06:22 PM (IST)
ਜਲੰਧਰ (ਵੈੱਬ ਡੈਸਕ, ਸੋਨੂੰ, ਚੋਪੜਾ,ਰਾਹੁਲ ਕਾਲਾ)— ਈ. ਡੀ. ਦਫ਼ਤਰ ਵੱਲੋਂ ਰਾਹੁਲ ਗਾਂਧੀ ਨੂੰ ਨੈਸ਼ਨਲ ਹੈਰਾਲਡ ਮਾਮਲੇ ’ਚ ਸੰਮੰਨ ਭੇਜੇ ਜਾਣ ਦੇ ਵਿਰੋਧ ’ਚ ਕਾਂਗਰਸੀ ਆਗੂਆਂ ਵੱਲੋਂ ਜਲੰਧਰ ਵਿਖੇ ਈ. ਡੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ’ਚ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਲਾਡੀ ਸ਼ੇਰੋਵਾਲੀਆ ਅਤੇ ਮੇਅਰ ਜਗਦੀਸ਼ ਰਾਜ ਰਾਜਾ ਪਹੁੰਚੇ ਹਨ। ਧਰਨੇ ਦੀ ਅਗਵਾਈ ਕਰਨ ਲਈ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ ਹਨ। ਪੁਲਸ ਵੱਲੋਂ ਧਰਨੇ ਨੂੰ ਲੈ ਕੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਦਰਅਸਲ ਕਾਂਗਰਸ ਵੱਲੋਂ ਨੈਸ਼ਨਲ ਹੈਰਾਲਡ ਮਾਮਲੇ ’ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਸੰਮੰਨ ਦਿੱਤੇ ਜਾਣ ਦੇ ਵਿਰੋਧ ’ਚ ਅੱਜ ਸਥਾਨਕ ਕੂਲ ਰੋਡ ’ਤੇ ਸਥਿਤ ਈ. ਡੀ. ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਕੌਂਸਲਰਾਂ ਸਮੇਤ ਅਨੇਕ ਕਾਂਗਰਸ ਆਗੂ ਸ਼ਾਮਲ ਹੋਏ। ਈ. ਡੀ. ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਮਨ ਜਾਰੀ ਕਰਕੇ ਨੈਸ਼ਨਲ ਹੈਰਾਲਡ ਸੂਚਨਾ ਪੱਤਰ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ 23 ਜੂਨ ਨੂੰ ਪੁੱਛਗਿੱਛ ਲਈ ਪੇਸ਼ ਹੋਣ ਨੂੰ ਕਿਹਾ ਹੈ। ਉਥੇ ਹੀ ਇਸ ਮਾਮਲੇ ’ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਅੱਜ ਪੁੱਛਗਿੱਛ ਕੀਤੀ ਗਈ। ਇਹ ਮਾਮਲਾ ਕਾਂਗਰਸ ਵੱਲੋਂ ਸੰਚਾਲਿਤ ਨੈਸ਼ਨਲ ਹੈਰਾਲਡ ਸੂਚਨਾ ਪੱਤਰ ਦੀ ਮਾਲਕ ਯੰਗ ਇੰਡੀਅਨ ਕੰਪਨੀ ’ਚ ਕਥਿਤ ਵਿੱਤੀ ਬੇਨਿਯਮੀ ਦੀ ਜਾਂਚ ਨਾਲ ਸਬੰਧਤ ਹੈ।
ਜਲੰਧਰ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਕਾਂਗਰਸੀ ਲੀਡਰਾਂ 'ਤੇ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ। ਜੇਕਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਰਵਾਈ ਕਰਨੀ ਹੈ ਤਾਂ ਪੁਖ਼ਤਾ ਸਬੂਤਾਂ ਦੇ ਆਧਾਰ ਉੱਪਰ ਕਾਰਵਾਈ ਕਰੇ ਬਿਨਾਂ ਤੱਥਾਂ ਤੋਂ ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਕਾਂਗਰਸ ਨੂੰ ਬਰਦਾਸ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'
ਨੈਸ਼ਨਲ ਹੈਰਾਲਡ ਮਾਮਲੇ ਵਿੱਚ ਸਫ਼ਾਈ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਨੇ ਹੈਰਾਲਡ ਨਿਊਜ਼ ਪੇਪਰ ਸ਼ੁਰੂ ਕੀਤਾ ਸੀ। ਉਸ ਨੂੰ ਚਲਾਉਂਦੇ ਚਲਾਉਂਦੇ 90 ਕਰੋੜ ਰੁਪਏ ਦਾ ਕਰਜ਼ ਕੰਪਨੀ ਸਿਰ ਚੜ੍ਹ ਗਿਆ ਸੀ ਤਾਂ ਕਾਂਗਰਸ ਨੇ ਇਕ ਨਵੀਂ ਕੰਪਨੀ ਬਣਾ ਕੇ ਕੰਪਨੀ ਦਾ ਕਰਜ਼ ਵੀ ਉਤਾਰਿਆ ਅਤੇ ਜਰਨਲਿਸਟਾਂ ਨੂੰ ਤਨਖ਼ਾਹਾਂ ਵੀ ਦਿੱਤੀਆਂ ਪਰ ਹੁਣ ਭਾਜਪਾ ਦੀ ਕੇਂਦਰ ਸਰਕਾਰ ਆਖ ਰਹੀ ਹੈ ਕਿ ਕਾਂਗਰਸ ਨੇ ਘਪਲਾ ਕੀਤ, ਇਸ ਵਿਚ ਕੋਈ ਘਪਲਾ ਨਹੀਂ ਹੈ। ਬਿਨਾਂ ਤੱਥਾਂ ਤੋਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਖ਼ਿਲਾਫ਼ ਕੇਂਦਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਹਨ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ। ਪਿਛਲੀ ਵਾਰ ਭਾਜਪਾ ਨੇ ਪੁਲਵਾਮਾ ਹਮਲੇ ਨੂੰ ਚੋਣ ਮੁੱਦਾ ਬਣਾਇਆ ਅਤੇ ਇਸ ਵਾਰ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਖ਼ਿਲਾਫ਼ ਸੰਮਨ ਜਾਰੀ ਕਰਕੇ ਇਹ ਮੁੱਦਾ ਬਣਾਇਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਕਾਂਗਰਸ ਦੀ ਆਵਾਜ਼ ਨੂੰ ਦਬਾਉਣ ਲਈ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਡਰਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ
ਆਮ ਆਦਮੀ ਪਾਰਟੀ ਤੇ ਵਰ੍ਹਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਸਰਕਾਰੀ ਏਜੰਸੀਆਂ ਸੀ. ਬੀ. ਆਈ. ਅਤੇ ਈ. ਡੀ. ਦੀ ਦੁਰਵਰਤੋਂ ਕਰ ਰਹੀ ਹੈ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਜੀਲੈਂਸ ਦੀ ਗਲਤ ਵਰਤੋਂ ਕਰ ਰਹੀ ਹੈ। ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕੀਤੀ ਗਈ ਕਾਰਵਾਈ ਸਰਾਸਰ ਗਲਤ ਹੈ। ਇਸ ਦੇ ਇਲਾਵਾ ਭਾਰਤ ਭੂਸ਼ਣ ਆਸ਼ੂ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ।