ਟੈੱਟ ਪਾਸ ਅਧਿਆਪਕਾਂ ਦਾ ਪ੍ਰਤੀਨਿਧ ਮੰਡਲ ਜਾਖੜ ਨੂੰ ਮਿਲਿਆ
Thursday, Feb 15, 2018 - 12:03 PM (IST)
ਗੁਰੂਹਰਸਹਾਏ (ਆਵਲਾ) - ਪੰਜਾਬ ਦੇ ਟੈੱਟ ਪਾਸ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨਾਲ ਗੱਲਬਾਤ ਦੀ ਵੀ ਕਾਲ ਦਿੱਤੀ ਜਾ ਰਹੀ ਹੈ। ਇਸ ਕੜੀ ਤਹਿਤ ਸੋਮਵਾਰ ਨੂੰ ਜ਼ਿਲਾ ਫਾਜ਼ਿਲਕਾ ਦੇ ਦੌਰੇ 'ਤੇ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦੇ ਟੈੱਟ ਪਾਸ ਅਧਿਆਪਕਾਂ ਦਾ ਪ੍ਰਤੀਨਿਧ ਮੰਡਲ ਆਪਣੀਆਂ ਮੰਗਾਂ ਨੂੰ ਲੈ ਕੇ ਮਿਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਅਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੰਜਕੋਸੀ ਮਿਲੇ ਸਨ। ਇਸ ਮੌਕੇ ਅਸੀ ਉਨ੍ਹਾਂ ਨੂੰ ਲਿਖਤੀ ਮੰਗ-ਪੱਤਰ ਦਿੱਤਾ ਹੈ ਕਿ ਜਲਦ ਤੋਂ ਜਲਦ ਪੰਜਾਬ ਸਰਕਾਰ ਵੱਲੋਂ ਈ. ਟੀ. ਟੀ. ਦੀਆਂ ਪੋਸਟਾਂ ਭਰਨ ਲਈ ਅਧਿਆਪਕ ਭਰਤੀ ਕਰਨ ਵਾਸਤੇ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਤਾਂ ਕਿ ਕਈ ਸਾਲਾਂ ਤੋਂ ਟੈੱਟ ਪਾਸ ਕਰ ਕੇ ਭਰਤੀ ਦਾ ਇੰਤਜ਼ਾਰ ਕਰ ਰਹੇ ਅਧਿਆਪਕਾਂ ਨੂੰ ਰੋਜ਼ਗਾਰ ਮਿਲ ਸਕੇ। ਜਗਦੀਸ਼ ਸਿੰਘ ਨੇ ਦੱਸਿਆ ਕਿ ਸੂਬੇ ਦੇ ਕਾਂਗਰਸ ਪ੍ਰਧਾਨ ਸ਼੍ਰੀ ਜਾਖੜ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਤੇ ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਕਰਵਾਉਣਗੇ।
