ਪੰਜਾਬ ਕਾਂਗਰਸ 'ਚ ਕਾਟੋ ਕਲੇਸ਼, ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ...
Thursday, Sep 30, 2021 - 11:01 AM (IST)
ਜਲੰਧਰ (ਵਿਸ਼ੇਸ਼)– ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਦੇ ਚੁੱਕੇ ਹਨ। ਕਾਂਗਰਸ ਹਾਈਕਮਾਨ ਦੇ ਸਾਹਮਣੇ ਇਕ ਵੱਡਾ ਸਵਾਲ ਇਹ ਘੁੰਮ ਰਿਹਾ ਹੈ ਕਿ ਆਖ਼ਿਰ ਸਿੱਧੂ ਦੇ ਅਸਤੀਫ਼ੇ ਕਾਰਨ ਪੈਦਾ ਹੋਈ ਸਥਿਤੀ ਦੀ ਪੂਰਤੀ ਕਿਵੇਂ ਹੋਵੇਗੀ? ਉਂਝ ਤਕਨੀਕੀ ਪੱਖੋਂ ਵੇਖਿਆ ਜਾਏ ਤਾਂ ਇਸ ਪੂਰੇ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਦੀ ਕੋਈ ਗਲਤੀ ਨਹੀਂ ਹੈ। ਆਪਣੀ ਗੱਲ ਰੱਖਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ ਅਤੇ ਇਹ ਵੀ ਸੰਭਵ ਹੈ ਕਿ ਉਹ ਪਾਰਟੀ ਦੇ ਨਿਯਮਾਂ ਮੁਤਾਬਕ ਉਹ ਨਾ ਹੋਵੇ ਪਰ ਜਿਨ੍ਹਾਂ ਚਿਹਰਿਆਂ ਨੂੰ ਲੈ ਕੇ ਸਿੱਧੂ ਇਤਰਾਜ਼ ਪ੍ਰਗਟਾ ਰਹੇ ਹਨ, ਉਹ ਸੱਚਮੁੱਚ ਆਉਣ ਵਾਲੇ ਸਮੇਂ ਵਿਚ ਕਾਂਗਰਸ ਲਈ ਨੁਕਸਾਨਦੇਹ ਸਾਬਿਤ ਹੋ ਸਕਦੇ ਹਨ।
ਐਡਵੋਕੇਟ ਜਨਰਲ ਏ. ਪੀ. ਐੱਸ. ਦਿਓਲ ਦੀ ਗੱਲ ਕਰੀਏ ਜਾਂ ਡੀ. ਜੀ. ਪੀ. ਇਕਬਾਲ ਸਿੰਘ ਸਹੋਤਾ ਦੀ, ਦੋਵੇਂ ਹੀ ਅਧਿਕਾਰੀਆਂ ਦੀ ਤਾਇਨਾਤੀ ਆਉਣ ਵਾਲੇ ਸਮੇਂ ਵਿਚ ਕਾਂਗਰਸ ਲਈ ਸਵਾਲ ਖੜ੍ਹੇ ਕਰ ਸਕਦੀ ਹੈ। ਦਿਓਲ ਜਿੱਥੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਨਾਲ ਜੁੜੇ ਹਨ, ਉਥੇ ਹੀ ਸਹੋਤਾ ਦਾ ਸਿੱਧਾ ਲਿੰਕ ਬੇਅਦਬੀ ਕਾਂਡ ਨਾਲ ਸਬੰਧਤ ਐੱਸ. ਆਈ. ਟੀ. ਨਾਲ ਰਿਹਾ ਹੈ। ਸਹੋਤਾ ’ਤੇ ਵੀ ਸਮੇਂ-ਸਮੇਂ ’ਤੇ ਸਵਾਲ ਉੱਠਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ
ਇਸ ਸਾਰੇ ਮਾਮਲੇ ਵਿਚ ਸਿੱਧੂ ਨੂੰ ਜੋ ਇਤਰਾਜ਼ ਹੈ, ਉਹ ਕਾਬਲੇ-ਗੌਰ ਹੈ ਕਿਉਂਕਿ ਵਿਰੋਧੀ ਧਿਰ ਨੂੰ ਕਾਂਗਰਸ ਦੀ ਇਸ ਸਮਾਰਟ ਮੂਵ ਜਿਸ ਵਿਚ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਂਦਾ ਗਿਆ ਸੀ, ਦਾ ਅਜੇ ਤੋੜ ਨਹੀਂ ਮਿਲ ਰਿਹਾ। ਕੁਝ ਅਜਿਹੇ ਲੋਕਾਂ ਦੀ ਮੰਤਰੀ ਮੰਡਲ ਵਿਚ ਐਂਟਰੀ ਜਾਂ ਅਹਿਮ ਅਹੁਦਿਆਂ ’ਤੇ ਤਾਇਨਾਤੀ ਨਾਲ ਵਿਰੋਧੀ ਪਾਰਟੀਆਂ ਨੂੰ ਇਕ ਵਾਰ ਮੁੜ ਤੋਂ ਕਾਂਗਰਸ ਨੂੰ ਘੇਰਨ ਦਾ ਵੱਡਾ ਮੌਕਾ ਮਿਲ ਗਿਆ ਹੈ। ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਵੀ ਵਿਵਾਦ ਹੈ। ਵਿਰੋਧੀ ਪਾਰਟੀਆਂ ਇਕ ਵੱਡਾ ਸਵਾਲ ਖੜ੍ਹਾ ਕਰ ਸਕਦੀਆਂ ਹਨ ਕਿ ਜੇ ਕੈਪਟਨ ਦੇ ਮੁੱਖ ਮੰਤਰੀ ਹੁੰਦੇ ਹੋਏ ਮਾਈਨਿੰਗ ਮਾਫ਼ੀਆ ਨੂੰ ਲੈ ਕੇ ਰਾਣਾ ਗੁਰਜੀਤ ਸਿੰਘ ਨੂੰ ਅਹੁਦਾ ਛੱਡਣਾ ਪੈ ਸਕਦਾ ਹੈ ਤਾਂ ਫਿਰ ਚੰਨੀ ਦੇ ਸਮੇਂ ਵਿਚ ਉਹ ਪਾਕ ਸਾਫ਼ ਕਿਵੇਂ ਹੋ ਗਏ?
ਇਹ ਵੀ ਪੜ੍ਹੋ : ਸਿੱਧੂ ਖ਼ਿਲਾਫ਼ ਕਾਂਗਰਸ 'ਚ ਉੱਠਣ ਲੱਗੀ ਬਗਾਵਤ, ਕੌਮੀ ਬੁਲਾਰੇ ਉਦਿਤ ਰਾਜ ਨੇ ਚੁੱਕੇ ਸਵਾਲ
ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਜੋ ਵੀ ਸਥਿਤੀ ਪੰਜਾਬ ਵਿਚ ਪੈਦਾ ਹੋਈ ਹੈ, ਉਸ ਲਈ ਜ਼ਿੰਮੇਵਾਰ ਭਾਵੇਂ ਕੋਈ ਵੀ ਹੋਵੇ ਪਰ ਇਕ ਵੱਡਾ ਨੁਕਸਾਨ ਖ਼ੁਦ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ। ਪਿਛਲੇ ਦਿਨੀਂ ਕਾਂਗਰਸ ਪਾਰਟੀ ਨੇ ਵੱਡੇ ਕਦਮ ਚੁੱਕੇ ਅਤੇ ਕਾਫ਼ੀ ਸਖ਼ਤ ਫ਼ੈਸਲੇ ਲਏ ਪਰ ਇਨ੍ਹਾਂ ਸਖ਼ਤ ਫ਼ੈਸਲਿਆਂ ਦੀ ਹਵਾ ਸਿੱਧੂ ਦੇ ਅਸਤੀਫ਼ੇ ਨਾਲ ਨਿਕਲ ਗਈ। ਸ਼ਾਇਦ ਕਾਂਗਰਸ ਪਾਰਟੀ ਵੀ ਹੁਣ ਕੈਪਟਨ ਨੂੰ ਲਾਂਭੇ ਕਰਕੇ ਦੂਜੇ ਧੜੇ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਕੋਸ਼ਿਸ਼ ’ਤੇ ਪਛਤਾਵਾ ਕਰ ਰਹੀ ਹੈ। ਪੰਜਾਬੀ ਵਿਚ ਇਕ ਕਹਾਵਤ ਹੈ, ‘‘ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ।’’ ਸੱਚਮੁੱਚ ਪੰਜਾਬ ਕਾਂਗਰਸ ਦਾ ਬਹੁਤ ਵਧੇਰੇ ਨੁਕਸਾਨ ਨਹੀਂ ਹੋਇਆ। ਪਾਰਟੀ ਜੇ ਮਾਮਲੇ ਨੂੰ ਸੰਭਾਲ ਲਏ ਤਾਂ ਸਭ ਕੁਝ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ : ਕੈਪਟਨ ਕੋਲ ਕਾਂਗਰਸ ਦੇ 28 ਵਿਧਾਇਕਾਂ ਦੀ ਹਮਾਇਤ, ਸਿਆਸੀ ਗਲਿਆਰਿਆਂ ’ਚ ਚਰਚਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ