ਅਹਿਮ ਖ਼ਬਰ : ਕੁਰਸੀ ਲਈ ਇਕ-ਦੂਜੇ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਮਿਲ ਕੇ ਕਿਵੇਂ ਕੰਮ ਕਰਨਗੇ?

09/21/2021 3:19:01 PM

ਲੁਧਿਆਣਾ (ਹਿਤੇਸ਼) : ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਨਵਾਂ ਮੁੱਖ ਮੰਤਰੀ ਬਣਾਉਣ ਲਈ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਨਾਮ ਬਦਲੇ ਗਏ ਹਨ, ਇਸ ਨੂੰ ਲੈ ਕੇ ਤਸਵੀਰ ਲਗਭਗ ਸਪੱਸ਼ਟ ਹੋ ਗਈ ਹੈ। ਇਸ ਤੋਂ ਬਾਅਦ ਵੱਡਾ ਸਵਾਲ ਇਹ ਹੈ ਕਿ ਇਕ-ਦੂਜੇ ਦਾ ਵਿਰੋਧ ਕਰਨ ਵਾਲੀ ਕਾਂਗਰਸ ਕਿਵੇਂ ਮਿਲ ਕੇ ਕੰਮ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਆਉਣ 'ਤੇ ਸਭ ਤੋਂ ਵੱਧ ਵਿਰੋਧ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ ਅੰਬਿਕਾ ਸੋਨੀ ਨੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਤਾਂ ਜਾਖੜ ਦਾ ਨਾਂ ਵੀ ਦੌੜ ਤੋਂ ਬਾਹਰ ਹੋ ਗਿਆ।

ਇਹ ਵੀ ਪੜ੍ਹੋ : ਓ. ਪੀ. ਸੋਨੀ ਨੂੰ ਵਧਾਈ ਦੇਣ ਪੁੱਜੇ 'ਪ੍ਰਤਾਪ ਸਿੰਘ ਬਾਜਵਾ', ਕਾਂਗਰਸੀ ਆਗੂਆਂ ਨੂੰ ਕੀਤੀ ਖ਼ਾਸ ਅਪੀਲ

ਫਿਰ ਰੰਧਾਵਾ ਦਾ ਨਾਂ ਸਾਹਮਣੇ ਆਇਆ ਤਾਂ ਨਵਜੋਤ ਸਿੱਧੂ ਨੇ ਦਾਅਵੇਦਾਰੀ ਠੋਕ ਦਿੱਤੀ। ਜਿਸ ਵਿਵਾਦ ਨੂੰ ਸੁਲਝਾਉਣ ਲਈ ਦਲਿਤ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਲਿਆ ਗਿਆ, ਉਸ ਦਾ ਐਲਾਨ ਕਰਨ ਤੋਂ ਪਹਿਲਾਂ ਪੰਜਾਬ ਦੇ ਕਿਸੇ ਵੱਡੇ ਨੇਤਾ ਦੀ ਸਹਿਮਤੀ ਨਹੀਂ ਲਈ ਗਈ। ਕਿਹਾ ਜਾਂਦਾ ਹੈ ਕਿ ਚਰਨਜੀਤ ਚੰਨੀ ਦੇ ਨਾਂ ਅੱਗੇ ਕਰਨ ਲਈ ਮਨਪ੍ਰੀਤ ਬਾਦਲ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੂੰ ਨਾ ਚਾਹੁੰਦੇ ਹੋਏ ਵੀ ਦਿੱਗਜਾਂ ਨੂੰ ਸਵੀਕਾਰ ਕਰਨਾ ਪਿਆ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਬਣਾਉਣ ਦੀ ਦੌੜ ਵਿੱਚ ਸ਼ਾਮਲ ਬ੍ਰਹਮ ਮਹਿੰਦਰਾ ਨੂੰ ਬਾਹਰ ਕਰਨ ਲਈ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਅਤੇ ਭਾਰਤ ਭੂਸ਼ਣ ਆਸ਼ੂ ਦਾ ਪਤਾ ਕੱਟਣ ਲਈ ਜੂਨੀਅਰ ਹੋਣ ਦਾ ਮੁੱਦਾ ਚੁੱਕਿਆ ਗਿਆ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 9 IAS ਤੇ 2 PCS ਅਫ਼ਸਰਾਂ ਦੇ ਤਬਾਦਲੇ, ਮੋਹਾਲੀ ਦਾ ਡਿਪਟੀ ਕਮਿਸ਼ਨਰ ਵੀ ਬਦਲਿਆ

ਹਾਲਾਂਕਿ ਇਨ੍ਹਾਂ ਦੋਵਾਂ ਆਗੂਆਂ ਨੂੰ ਉਪ ਮੁੱਖ ਮੰਤਰੀ ਨਾ ਬਣਾਉਣ ਦੇ ਫ਼ੈਸਲੇ ਨੂੰ ਕੈਪਟਨ ਖੇਮੇ ਨਾਲ ਨਜ਼ਦੀਕੀਆਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕੈਪਟਨ ਦੇ ਕਰੀਬੀ ਹੋਣ ਦੇ ਬਾਵਜੂਦ ਓ. ਪੀ. ਸੋਨੀ ਦੀ ਐਨ ਮੌਕੇ 'ਤੇ ਐਂਟਰੀ ਹੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਤਰ੍ਹਾਂ ਸਾਰੇ ਆਗੂਆਂ ਨੂੰ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਦਾ ਰਾਹ ਰੋਕਣ ਲਈ ਕਿਸ ਨੇ ਕੀ ਭੂਮਿਕਾ ਨਿਭਾਈ। ਭਾਵੇਂ ਹੀ ਇਹ ਆਗੂ ਕੈਬਨਿਟ ਪੁਨਰਗਠਨ ਨੂੰ ਲੈ ਕੇ ਇਕੱਠੇ ਦਿਖਾਈ ਦੇ ਰਹੇ ਹਨ ਪਰ ਅੰਦਰਖ਼ਾਤੇ ਉਨ੍ਹਾਂ ਨੂੰ ਸੁਫ਼ਨਾ ਪੂਰਾ ਹੋਣ ਨਾ ਦਾ ਦੁੱਖ ਜ਼ਰੂਰ ਹੈ, ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਮਗਰੋਂ 'ਚਰਨਜੀਤ ਚੰਨੀ' ਦਾ ਪਹਿਲਾ ਦਿੱਲੀ ਦੌਰਾ, ਅਕਾਲੀ ਦਲ ਨੇ ਖੜ੍ਹੇ ਕੀਤੇ ਸਵਾਲ

ਸਿੱਧੂ ਨੂੰ ਨਹੀਂ ਹੋਇਆ ਪ੍ਰਿਅੰਕਾ ਨੂੰ ਫੋਨ ਕਰਨ ਦਾ ਫ਼ਾਇਦਾ
ਸੂਤਰਾਂ ਅਨੁਸਾਰ ਮੁੱਖ ਮੰਤਰੀ ਦਾ ਨਾਂ ਤੈਅ ਕਰਨ ਹਾਈਕਮਾਨ ਨੇ ਸਾਰੇ ਵਿਧਾਇਕਾਂ ਨੂੰ ਫੋਨ ਕਰਕੇ ਉਨ੍ਹਾਂ ਦੀ ਨਿੱਜੀ ਸਲਾਹ ਲਈ ਸੀ। ਇਸ ਵਿੱਚ ਸੁਨੀਲ ਜਾਖੜ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਅਤੇ ਸੁਖਜਿੰਦਰ ਰੰਧਾਵਾ ਨੂੰ ਦੂਜਾ ਨੰਬਰ ਮਿਲਿਆ। ਇਸ ਦੇ ਨਾਲ ਹੀ ਤੀਜਾ ਨੰਬਰ ਪ੍ਰਨੀਤ ਕੌਰ ਦਾ ਸੀ। ਇਸ ਨੂੰ ਲੈ ਕੇ ਫੀਡਬੈਕ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਲੀ ਤੱਕ ਪਹੁੰਚਾਇਆ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਕਾਂਗਰਸ 'ਚ ਲਿਆਉਣ ਅਤੇ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਪ੍ਰਿਅੰਕਾ ਗਾਂਧੀ ਨੂੰ ਫੋਨ ਲਾਇਆ ਪਰ ਇਸ 'ਤੇ ਕੋਈ ਕਾਰਵਾਈ ਹੁੰਦੀ, ਉਸ ਤੋਂ ਪਹਿਲਾਂ ਹੀ ਰਾਵਤ ਨੇ ਰਾਹੁਲ ਗਾਂਧੀ ਤੋਂ ਹਰੀ ਝੰਡੀ ਮਿਲਣ 'ਤੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕਰ ਦਿੱਤਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News